ਅਮਲਤਾਸ ਪੰਜਾਬ ਦਾ ਰਵਾਇਤੀ ਰੁੱਖ ਹੈ।
ਗੁਲਮੋਹਰ ਰਵਾਇਤੀ ਰੁੱਖ ਨਹੀਂ ਹੈ।
(ਸਮਾਜ ਵੀਕਲੀ) ਅਮਲਤਾਸ ਅਤੇ ਗੁਲਮੋਹਰ ਦੋਵਾਂ ‘ਚੋਂ ਗੁਲਮੋਹਰ ਤੇਜ਼ੀ ਨਾਲ ਵਧਣ ਵਾਲਾ ਰੁੱਖ ਹੈ। (ਡੇਂਕ, ਸੁਹੰਜਣਾ ਅਤੇ ਗੁਲਮੋਹਰ ਮੇਰੇ ਤਜ਼ਰਬੇ ਅਨੁਸਾਰ ਸਭ ਤੋਂ ਤੇਜ਼ ਵਧਣ ਵਾਲੇ ਰੁੱਖ ਹਨ)
ਅਕਸਰ ਹੀ ਸੁਨਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਗੁਲਮੋਹਰ ਦੇ ਨਵੇਂ ਲਗਾਏ ਰੁੱਖ ਸਿਆਲ਼ (ਕੜਾਕੇ ਦੀ ਠੰਢ) ‘ਚ ਜਾਕੇ ਕੋਰੇ ਕਾਰਨ ਸੜ ਜਾਂਦੇ ਹਨ। ਨਵੇਂ ਗੁਲਮੋਹਰ ਦੇ ਬੂਟੇ ਦੇ ਬਚਾਅ ਲਈ ਇਸਨੂੰ ਫ਼ਰਵਰੀ ਤੋਂ ਲੈਕੇ ਜੁਲਾਈ ਤੱਕ ਲਗਾ ਲੈਣਾ ਚਾਹੀਦਾ ਹੈ ਤਾਂ ਜੋ ਉਦੋਂ ਤੱਕ ਵਧੀਆ ਫ਼ਲ-ਫੁੱਲ ਜਾਵੇ ਤੇ ਕੁਝ ਉਮਰ ਦਾ ਵੱਡਾ ਹੋ ਜਾਵੇ।
ਸਰਦੀਆਂ ‘ਚ ਜਾਕੇ ਲਗਭਗ ਸਾਰੇ ਹੀ ਇਹ ਵੱਡੀ ਗ਼ਲਤੀ ਕਰਦੇ ਨੇ ਕਿ ਸਰਦੀਆਂ ਵਿੱਚ ਪੌਦਿਆਂ ਨੂੰ ਪਾਣੀ ਦੇਣਾ ਬੰਦ ਕਰ ਦਿੰਦੇ ਨੇ, ਜਦਕਿ ਰੁੱਖ ਨੂੰ ਹਰ ਰੁੱਤ ਪਾਣੀ ਦੀ ਲੋੜ ਹੈ।
ਜੇਕਰ ਗੁਲਮੋਹਰ ਅਤੇ ਅਮਲਤਾਸ ਦੇ ਰੁੱਖ ਦੀ ਚੰਗੀ ਸੰਭਾਲ ਕਰੀਏ, ਜਿਸ ਥਾਂ ‘ਤੇ ਰੁੱਖ ਲਗਾਇਆ ਉਹ ਮਿੱਟੀ ਉਪਜਾਊ ਅਤੇ ਨਰਮ ਰਹਿਣ ਵਾਲੀ ਹੋਵੇ ਜਾਂ ਪੌਦਿਆਂ ਦੀ ਸੰਭਾਲ ਦੇ ਵਧੀਆ ਢੰਗ ਹੋਣ, ਲੋੜ ਅਨੁਸਾਰ ਪਾਣੀ, ਗੁਡਾਈ, ਖ਼ਾਦ ਦਿੱਤੀ ਜਾਂਦੀ ਹੋਵੇ ਤਾਂ 3-4 ਸਾਲਾਂ ਇਹ ਬੂਟੇ ਤਿਆਰ ਹੋ ਜਾਂਦੇ ਹਨ। (ਗੁਲਮੋਹਰ ਥੋੜਾ ਛੇਤੀ ਵਧਦਾ ਹੈ)
ਇਨ੍ਹਾਂ ਦੋਵਾਂ ਕਿਸਮਾਂ ਦੇ ਰੁੱਖ਼ਾਂ ਨੂੰ ਪਿੰਡਾਂ-ਸ਼ਹਿਰਾਂ ਨੂੰ ਆਉਂਦੀਆਂ ਸੜਕਾਂ ਦੁਆਲੇ ਸੁੰਦਰੀਕਰਨ ਲਈ ਲਗਾਇਆ ਜਾ ਸਕਦਾ ਹੈ। ਇਨ੍ਹਾਂ ਰੁੱਖਾਂ ਨੂੰ ਪਾਰਕਾਂ, ਸ਼ਮਸ਼ਾਨ ਘਾਟਾਂ, ਖੇਡ ਗਰਾਊਂਡ, ਧਾਰਮਿਕ ਸਥਾਨਾਂ ‘ਤੇ ਵੀ ਸੁੰਦਰੀਕਰਨ ਲਈ ਲਗਾਇਆ ਜਾ ਸਕਦਾ ਹੈ।
ਇਹ ਦੋਵੇਂ ਰੁੱਖ ਛਾਂਦਾਰ ਅਤੇ ਫੁੱਲਦਾਰ ਦੇ ਨਾਲ-ਨਾਲ ਮੈਡੀਸਿਨ ਰੁੱਖ ਵੀ ਹਨ। ਪੁਰਾਣੇ ਸਮਿਆਂ ‘ਚ ਇਨ੍ਹਾਂ ਦੋਵਾਂ ਦੇ ਫੁੱਲਾਂ ਨੂੰ ਵੱਖ-ਵੱਖ ਢੰਗਾਂ ਨਾਲ ਸਬਜ਼ੀਆਂ, ਚਟਨੀਆਂ, ਪਕੌੜੇ, ਚਾਹ, ਸ਼ਰਬਤ ਬਣਾਕੇ ਵਰਤਿਆ ਜਾਂਦਾ ਹੈ।
ਜੋਰਾ ਸਿੰਘ ਬਨੂੜ



