
ਗਾਈਡੈਂਸ ਸੈਲ ਵੱਲੋਂ ਰੁਜ਼ਗਾਰ ਦੀਆਂ ਸੰਭਾਵਨਾਵਾਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ
ਗੜ੍ਹਸ਼ੰਕਰ /ਮਾਹਿਲਪੁਰ,(ਸਮਾਜ ਵੀਕਲੀ) (ਬਲਵੀਰ ਚੌਪੜਾ ) ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਕਰੀਅਰ ਗਾਈਡੈਂਸ ਅਤੇ ਕਾਉਂਸਲਿੰਗ ਸੈਲ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਉਪਰੰਤ ਵੱਖ-ਵੱਖ ਖੇਤਰਾਂ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਵਿਸ਼ੇ ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲਵਲੀ ਯੂਨੀਵਰਸਿਟੀ ਜਲੰਧਰ ਤੋਂ ਕਰੀਅਰ ਗਾਈਡੈਂਸ ਵਿਭਾਗ ਦੇ ਮੁਖੀ ਅਤੇ ਸੀਨੀਅਰ ਅਫ਼ਸਰ ਅੰਮ੍ਰਿਤਪਾਲ ਸਿੰਘ ਕਲਸੀ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਲਵਲੀ ਯੂਨੀਵਰਸਿਟੀ ਦੇ ਕਰੀਅਰ ਗਾਈਡੈਂਸ ਅਫ਼ਸਰ ਪੰਕਜ ਅਰੋੜਾ ਵੀ ਹਾਜ਼ਰ ਸਨ। ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਹਾਜ਼ਰ ਮਹਿਮਾਨਾਂ ਲਈ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਉਪਰੰਤ ਵੱਖ-ਵੱਖ ਖੇਤਰਾਂ ਵਿੱਚ ਹੋਣ ਵਾਲੀ ਪਲੇਸਮੈਂਟ ਸਬੰਧੀ ਜਾਗਰੂਕ ਰਹਿਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਰਿਸੋਰਸ ਪਰਸਨ ਅੰਮ੍ਰਿਤ ਪਾਲ ਸਿੰਘ ਨੇ ਆਰਟਸ, ਸਾਇੰਸ, ਕਮਰਸ, ਕੰਪਿਊਟਰ, ਐਗਰੀਕਲਚਰ ਅਤੇ ਹੋਰ ਵੱਖ ਵੱਖ ਵਿਭਾਗਾਂ ਵਿੱਚ ਸਿਖਿਆ ਪੂਰੀ ਕਰਨ ਉਪਰੰਤ ਰੁਜ਼ਗਾਰ ਦੀਆਂ ਸੰਭਾਵਨਾਵਾਂ ਤੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ ਨਾਲ ਵੱਖ ਵੱਖ ਖੇਤਰਾਂ ਵਿੱਚ ਹੁਨਰਮੰਦ ਹੋਣ ਅਤੇ ਚੰਗੀ ਸ਼ਖਸ਼ੀਅਤ ਦੇ ਨਿਰਮਾਣ ਬਾਰੇ ਵੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਵੱਖ ਵੱਖ ਮੁਕਾਬਲਾ ਪ੍ਰੀਖਿਆਵਾਂ ਵਿੱਚ ਬੈਠਣ ਅਤੇ ਇਨ੍ਹਾਂ ਦੀ ਤਿਆਰੀ ਲਈ ਪੁਸਤਕ ਸੱਭਿਆਚਾਰ ਅਤੇ ਸੂਚਨਾ ਸੰਚਾਰ ਦੇ ਨਵੇਂ ਸਾਧਨਾਂ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।
ਕਰੀਅਰ ਗਾਈਡੈਂਸ ਸੈੱਲ ਦੇ ਇੰਚਾਰਜ ਡਾ ਕੋਮਲ ਬੱਧਣ ਨੇ ਧੰਨਵਾਦੀ ਸ਼ਬਦ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਅਜਿਹੇ ਸੈਮੀਨਾਰਾਂ ਤੋਂ ਸਿੱਖਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਕਾਲਜ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਭਾਗਾਂ ਦੇ ਵੱਖ ਵੱਖ ਕੋਰਸਾਂ ਨਾਲ ਜੁੜੇ ਵਿਦਿਆਰਥੀ ਅਤੇ ਵੱਡੀ ਗਿਣਤੀ ਵਿੱਚ ਸਟਾਫ਼ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj