ਹੱਕ ਅਤੇ ਸੱਚ ਦਾ ਪਹਿਰੇਦਾਰ – ਵੀਰ ਰਮੇਸ਼ਵਰ ਸਿੰਘ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਰੱਖੜੀ ਭੈਣ – ਭਰਾ ਦੇ ਅਟੁੱਟ ਬੰਧਨ ਦਾ ਪ੍ਰਤੀਕ ਹੈ । ਮੈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਪੋਸਟਾਂ ਦੇਖੀਆਂ ਜਿਸ ਵਿੱਚ ਰੱਖੜੀ ਦੇ ਤਿਉਹਾਰ ਦੀ ਨਿਖੇਧੀ ਕੀਤੀ ਗਈ ਹੈ ਤੇ ਇਸਨੂੰ ਔਰਤ ਦੀ ਗੁਲਾਮੀ ਦਾ ਪ੍ਰਤੀਕ ਦੱਸਿਆ ਗਿਆ ਹੈ । ਅੱਜ ਔਰਤ ਪੂਰੀ ਤਰ੍ਹਾਂ ਆਤਮ- ਨਿਰਭਰ ਹੈ ।ਉਹ ਆਪਣੇ ਫ਼ੈਸਲੇ ਖੁਦ ਲੈਂਦੀ ਹੈ । ਅੱਜ ਦੀ ਔਰਤ ਕਮਜ਼ੋਰ ਨਹੀਂ ਹੈ ਉਹ ਆਪਣੇ ਨਾਲ ਹੁੰਦੀ ਹਰ ਵਧੀਕੀ ਦਾ ਡੱਟ ਕੇ ਮੁਕਾਬਲਾ ਵੀ ਕਰ ਸਕਦੀ । ਪਰ ਮੈਂ ਮਹਿਸੂਸ ਕੀਤਾ ਹੈ ਕਿ ਭਰਾਵਾਂ ਦੀ ਹੱਲਾਸ਼ੇਰੀ ,ਮੋਹ ਭਰੇ ਸ਼ਬਦ ਇੱਕ ਭੈਣ ਦੇ ਹੌਸਲੇ ਨੂੰ ਦੁੱਗਣਾ ਕਰ ਦਿੰਦੇ ਹਨ । ਰੱਖੜੀ ਦਾ ਇਹ ਤਿਉਹਾਰ ਮੇਰੇ ਅਜਿਹੇ ਹੀ ਇੱਕ ਵੀਰ ਰਮੇਸ਼ਵਰ ਸਿੰਘ ਜੀ ਨੂੰ ਸਮਰਪਿਤ ਹੈ । ਵੀਰ ਜੀਂ ਦੀ ਸਿਫ਼ਤ ਲਈ ਮੇਰੇ ਕੋਲ ਸ਼ਬਦ ਨਹੀਂ ਹਨ । ਮੈਨੂੰ ਲਿਖਣ ਦਾ ਸ਼ੌਂਕ ਸੀ ਤੇ ਪਹਿਲਾ ਇਹ ਸਿਰਫ਼ ਮੇਰੀ ਡਾਇਰੀ ਤੱਕ ਸੀਮਿਤ ਸੀ ।
ਹੋਲੀ – ਹੋਲੀ ਮੈਂ ਆਪਣੀਆਂ ਰਚਨਾਵਾਂ ਨੂੰ ਸੋਸ਼ਲ ਮੀਡੀਆ ਤੇ ਪਾਉਣ ਲੱਗੀ, ਪਰ ਉਸ ਸਮੇਂ ਮੈਂ ਸਾਹਿਤ ਜਗਤ ਵਿੱਚ ਬਿਲਕੁਲ ਅਨਜਾਣ ਸੀ ਪਰ ਵੀਰ ਰਮੇਸ਼ਵਰ ਜੀ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਤੇ ਰਚਨਾਵਾਂ ਨੂੰ ਅਖਬਾਰਾਂ ਲਈ ਭੇਜਣ ਦੀ ਪ੍ਰੇਰਨਾ ਦਿੱਤੀ ਤੇ ਉਸ ਦਿਨ ਤੋ ਅੱਜ ਤੱਕ ਮੇਰੀਆਂ ਰਚਨਾਵਾਂ ਲਗਾਤਾਰ ਪ੍ਰਕਾਸ਼ਿਤ ਹੁੰਦੀਆਂ ਹਨ , ਜਿਸ ਨਾਲ ਮੇਰੇ ਪਾਠਕ ਬਣੇ ਤੇ ਮੇਰੀਆਂ ਰਚਨਾਵਾਂ ਨੂੰ ਬਹੁਤ ਹੀ ਜਿਆਦਾ ਮਾਣ ਤੇ ਸਤਿਕਾਰ ਮਿਲਿਆ । ਰਮੇਸ਼ਵਰ ਵੀਰ ਜੀ ਦੀ ਇਹ ਖਾਸੀਅਤ ਹੈ ਕਿ ਉਹ ਨਵੇਂ ਉੱਭਰ ਰਹੇ ਕਲਮਕਾਰਾਂ ਨੂੰ ਪੂਰਾ ਸਹਿਯੋਗ ਦਿੰਦੇ ਹਨ । ਵੀਰ ਜੀ ਦੇ ਸਦਕਾ ਹੀ ਉਹਨਾਂ ਦੀਆਂ ਰਚਨਾਵਾਂ ਦੇਸ਼ਾਂ – ਵਿਦੇਸ਼ਾਂ ਦੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਹਨ ।
ਵੀਰ ਜੀ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿਉੰਕਿ ਮਾਂ – ਬੋਲੀ ਦੇ ਅਸਲੀ ਸਪੂਤ ਕਹਾਉਣ ਦੇ ਉਹ ਹੱਕਦਾਰ ਹਨ । ਕਹਿੰਦੇ ਹਨ ਕਿ’ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਲਈ ਹੋਰ ‘ ਅੱਜ ਕੱਲ੍ਹ ਹਰ ਕੋਈ ਮਾਂ – ਬੋਲੀ ਦੇ ਸਪੂਤ ਹੋਣ ਦਾ ਹੋਕਾ ਤਾਂ ਜਰੂਰ ਦਿੰਦਾ ਪਰ ਖਰਾ ਕੋਈ ਹੀ ਉੱਤਰਦਾ । ਪਰ ਵੀਰ ਜੀ ਸੱਚਮੁੱਚ ਹੀ ਮਾਂ – ਬੋਲੀ ਦੇ ਸਪੂਤ ਹਨ ਇਸ ਦੀ ਤਾਜ਼ਾ ਉਦਾਹਰਨ ਅੱਜਕੱਲ੍ਹ ਵੀਰ ਜੀ ਦੀਆਂ ਪੰਜਾਬੀ – ਭਾਸ਼ਾ ਨਾਲ ਧੱਕਾ ਕਰਨ ਵਾਲਿਆਂ ਨੂੰ ਪਾਈਆਂ ਵੰਗਾਰਾਂ ਤੋ ਮਿਲਦਾ ਹੈ । ਵੀਰ ਜੀ ਬਿਨਾਂ ਕਿਸੇ ਡਰ ਤੋ ਨਿਡਰ ਹੋ ਕੇ ਧੱਕੇਸ਼ਾਹੀ ਦੇ ਖਿਲਾਫ਼ ਬੋਲਦੇ ਹਨ । ਧੱਕੇਸ਼ਾਹੀ ਦੇ ਵਿਰੁੱਧ ਵੀਰ ਜੀ ਦਾ ਸੁਭਾਅ ਭਾਵੇਂ ਅੜੀਅਲ ਹੈ ਪਰ ਨਿੱਜੀ ਜਿੰਦਗ਼ੀ ਵਿੱਚ ਉਹਨਾਂ ਵਿੱਚ ਬਹੁਤ ਹੀ ਮਿਠਾਸ ,ਨਿੱਜਤਾ ਤੇ ਆਪਣਾਪਨ ਹੈ । ਔਰਤ ਦੀ ਇੱਜ਼ਤ ਪ੍ਰਤੀ ਉਹ ਬਹੁਤ ਹੀ ਸੰਵੇਦਨਸ਼ੀਲ ਹਨ ।
ਉਹਨਾਂ ਦੇ ਬੋਲਾਂ ਵਿੱਚ ਔਰਤ ਪ੍ਰਤੀ ਆਦਰ ਤੇ ਸਤਿਕਾਰ ਡੁੱਲ – ਡੁੱਲ ਪੈਂਦਾ ਹੈ । ਜਦੋਂ ਵੀ ਕਦੇ ਉਹਨਾਂ ਨਾਲ ਫੋਨ ਤੇ ਗੱਲ ਹੁੰਦੀ ਤਾਂ ਉਹਨਾਂ ਦੀ ਮਿਠਾਸ ਭਰੀ ਬੋਲਚਾਲ ਦਿਲ ਨੂੰ ਮੋਹ ਲੈਂਦੀ । ਵੀਰ ਜੀ ਦੁਆਰਾ ਵਰਤੇ ਜਾਂਦੇ ਛੋਟੇ – ਛੋਟੇ ਨਾਂਵਾਂ ਵਿੱਚ ਬਹੁਤ ਹੀ ਮੋਹ ਤੇ ਆਪਣਾਪਨ ਹੁੰਦਾ ਹੈ । ਫੋਨ ਚੁੱਕਦੇ ਹੀ ਉਹਨਾਂ ਦੇ ਸ਼ਬਦ , ਕੀ ਗੱਲ ! ਭੈਣ ਜੀਤੋ ਕਿੰਨੇ ਦਿਨ ਹੋਗੇ ਕੋਈ ਰਚਨਾਂ ਨਹੀਂ ਲਿਖੀ ।” ਦਿਲ ਨੂੰ ਟੁੰਬ ਜਾਂਦੇ । ਜਦੋਂ ਵੀ ਵੀਰ ਜੀ ਕਿਸੇ ਹੋਰ ਲੇਖਿਕਾ ਬਾਰੇ ਗੱਲ ਕਰਦੇ ਹਾਂ ਤਾਂ ਉਸ ਵਕਤ ਵੀ ਉਹ ਕਦੇ ਇਕੱਲੇ ਨਾਮ ਨਾਲ ਸਗੋਂ ਭੈਣ ਜਾਂ ਧੀਂ ਕਹਿ ਕੇ ਸੰਬੋਧਨ ਕਰਦੇ । ਵੀਰ ਜੀ ਦੀ ਇੱਕ ਬਹੁਤ ਵੱਡੀ ਖ਼ਾਸੀਅਤ ਹੈ ਕੇ ਉਹ ਕਦੇ ਕਿਸੇ ਦੀ ਨਿੱਜੀ ਜਿੰਦਗੀ, ਨਿੱਜੀ ਕੰਮਾਂ ਵਿਚ ਦਖਲ – ਅੰਦਾਜੀ ਨਹੀਂ ਕਰਦੇ । ਵੀਰ ਜੀ ਜਿੰਨੀ ਵੀ ਗੱਲ ਕਰਦੇ ਸਿਰਫ ਤੇ ਸਿਰਫ ਸਾਹਿਤ ਨਾਲ ਜੁੜੀ ਹੁੰਦੀ ।
ਵੀਰ ਜੀ ਦਾ ਸੁਭਾਅ ਤਰਕਸ਼ੀਲ ਹੈ । ਉਹ ਫੋਕੇ ਰੀਤੀ – ਰਿਵਾਜਾਂ , ਜਾਤ – ਪਾਤ ਆਦਿ ਤੋਂ ਕੋਹਾਂ ਦੂਰ ਨੇ । ਉਹ ਗੁਰੂ ਨਾਨਕ ਜੀ ਨੂੰ ਆਪਣਾ ਮਾਰਗ – ਦਰਸ਼ਕ ਮੰਨਦੇ ਹਨ ਤੇ ਉਹਨਾਂ ਦੀ ਸੋਚਣੀ ਤੇ ਪੂਰਾ ਪਹਿਰਾ ਦਿੰਦੇ ਹਨ । ਰੱਖੜੀ ਵਾਲੇ ਦਿਨ ਮੇਰੀ ਵੀਰ ਜੀ ਨਾਲ ਗੱਲ ਹੋਈ ਤੇ ਵੀਰ ਜੀ ਕਹਿਣ ਲੱਗੇ ,” ਭੈਣ ਜੀਤੋ ! ਕਿਉੰ ਪੜ੍ਹ – ਲਿਖ ਕੇ ਤੁਸੀ ਬੇਤੁੱਕੇ ਤਿਉਹਾਰਾਂ ਪਿੱਛੇ ਲੱਗਦੀਆਂ.. ਅੱਜ ਕਿਸਾਨੀ ਅੰਦੋਲਨ ਬੁਲੰਦੀਆਂ ਤੇ ਔਰਤਾਂ ਕਰਕੇ ਪਹੁੰਚਿਆ .. ਤੁਸੀ ਇੱਕਠੀਆਂ ਹੋ ਕੇ ਸੰਸਦ ਵਿੱਚ 50% ਮੰਗੋ ..ਆਪਣੀ ਤਾਕਤ ਪਹਿਚਾਣੋ..ਆਪਣੇ ਹੱਕਾਂ ਲਈ ਲੜੋ..।” ਸੱਚਮੁੱਚ ਹੀ ਬਹੁਤ ਚੰਗੀ ਲੱਗੀ ਵੀਰ ਜੀ ਦੀ ਇਹ ਸੋਚ ਕਿ ਉਹ ਔਰਤ ਜਾਤੀ ਨੂੰ ਕਿੰਨਾ ਉੱਚਾ ਉੱਠਿਆ ਲੋਚਦੇ ਹਨ । ਵੀਰ ਜੀ ਦੀ ਰਹਿਣੀ – ਸਹਿਣੀ ਬਿਲਕੁਲ ਸਧਾਰਨ ਕਿਸਮ ਦੀ ਹੈ । ਫੋਕੀ ਟੋਹਰ ਤੇ ਫੁਕਰੇਪਨ ਤੋਂ ਉਹ ਕੋਹਾਂ ਦੂਰ ਹਨ ।
ਸਾਦਾ ਖਾਣਾ ਤੇ ਸਾਦਾ ਪਹਿਨਣਾ ਉਹਨਾਂ ਦੀ ਸ਼ਖਸੀਅਤ ਦਾ ਹਿੱਸਾ ਹੈ । ਉਹ ਪੰਜਾਬੀ ਸੱਭਿਆਚਰਕ ਪਹਿਰਾਵੇ ਦੀ ਕਦਰ ਕਰਦੇ ਹਨ ਤੇ ਇਸ ਲਈ ਉਹ ਸਾਨੂੰ ਅਕਸਰ ਕਹਿੰਦੇ , ” ਨੀ ਭੈਣੋ ! ਜਦੋਂ ਕਿਧਰੇ ਰਮੇਸ਼ਵਰ ਦੇ ਕਿਸੇ ਪ੍ਰੋਗਰਾਮ ਵਿੱਚ ਆਉਣਾ ਪਵੇ , ਐਵੇਂ ਨਾਂ ਫੈਸ਼ਨਬਲ ਕੱਪੜੇ ਪਾਉਣੇ ..ਪੰਜਾਬੀ ਸੂਟਾਂ ਵਿੱਚ ਹੀ ਆਉਣਾ ..ਇਹ ਹੀ ਸਾਡੇ ਸੱਭਿਆਚਾਰ ਦੀ ਅਸਲ ਨਿਸ਼ਾਨੀ ਹੈ ।” ਅੱਜਕਲ੍ਹ ਠੇਠ ਪੰਜਾਬੀ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਕਿਉੰਕਿ ਅੱਜਕਲ ਅਸੀਂ ਚਾਰ ਜਮਾਤਾਂ ਪੜ੍ਹ ਕੇ ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਾਂ ਪਰ ਵੀਰ ਜੀ ਸ਼ਬਦਾਵਲੀ ਪੂਰੀ ਤਰ੍ਹਾਂ ਨਾਲ ਪੰਜਾਬੀ ਹੁੰਦੀ ਹੈ ।
ਪੰਜਾਬੀ ਭਾਸ਼ਾ ਦੇ ਵਿਸਰਦੇ ਸ਼ਬਦਾ ਦਾ ਉਹ ਖੁੱਲ ਕੇ ਪ੍ਰਯੋਗ ਕਰਦੇ । ਵੀਰ ਜੀ ਹੱਕ ਅਤੇ ਸੱਚ ਦੇ ਸਾਨੀ ਹਨ । ਹੱਕ ਅਤੇ ਸੱਚ ਦੀ ਲੜਾਈ ਵਿੱਚ ਉਹ ਕਦੇ ਆਪਣਾ ਜਾਂ ਪਰਾਇਆ ਨਹੀਂ ਦੇਖਦੇ ਸਗੋਂ ਧੱਕੇਸ਼ਾਹੀ ਦੇ ਵਿਰੁੱਧ ਨਿਡਰ ਹੋ ਕੇ ਆਵਾਜ਼ ਉਠਾਉਂਦੇ ਹਨ ਤੇ ਸਦਾ ਸੱਚ ਦਾ ਸਾਥ ਦਿੰਦੇ ਹਨ । ਅੰਤ ਵੀਰ ਜੀ ਵਿੱਚ ਉਹ ਸਾਰੇ ਗੁਣ ਹਨ ਜਿਹੜੇ ਕਿਸੇ ਭੈਣ ਨੂੰ ਬੁਲੰਦੀਆਂ ਤੱਕ ਪਹੁੰਚਾਣ ਵਿੱਚ ਸਹਾਈ ਹੁੰਦੇ ਹਨ ਤੇ ਉਹ ਹੱਕ ਤੇ ਸੱਚ ਦੇ ਪਹਿਰੇਦਾਰ ਹਨ । ਪਰਮਾਤਮਾਂ ਸਦਾ ਉਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਇਸੇ ਤਰ੍ਹਾਂ ਹੀ ਪੰਜਾਬੀ ਮਾਂ – ਬੋਲੀ ਦੀ ਸੇਵਾ ਕਰਨ ਦਾ ਬਲ ਬਖਸੇ ।
ਪਰਮਜੀਤ ਕੌਰ ਸ਼ੇਖੂਪੁਰ ਕਲਾ
(ਮਲੇਰਕੋਟਲਾ)
98782-16694
Previous articleਮਿੰਨੀ ਕਹਾਣੀ/ਚਾਈਨਾ ਡੋਰ
Next articleਮਾਸਟਰ ਸੁਰਜੀਤ ਸਿੰਘ ਦਾ ਹੋਇਆ ਸਨਮਾਨ * ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਤੋਂ ਬਾਅਦ ਪਿੰਡ ਵਾਸੀਆਂ ਨੇ ਵੀ ਕੀਤਾ ਸਨਮਾਨਿਤ