ਬਲਰਾਜ ਚੰਦੇਲ ਜਲੰਧਰ
(ਸਮਾਜ ਵੀਕਲੀ) ਦੋ ਦੋਸਤਾਂ ਵਿੱਚ ਬਹੁਤ ਪਿਆਰ ਸੀ।ਇੱਕ ਨੇ ਜਿਸਦਾ ਨਾਂ ਮੰਗਤ ਸਿੰਘ ਸੀ,ਨੇ ਤਾਂ ਵਿਆਹ ਕਰਵਾ ਲਿਆ। ਦੂਜੇ ਦੋਸਤ ਸੰਗਤ ਸਿੰਘ ਨੂੰ ਗ੍ਰਹਿਸਥੀ ਦੀ ਸਿਰ ਦਰਦੀ ਪਸੰਦ ਨਹੀਂ ਸੀ। ਘਰ ਦਿਆਂ ਨੇ ਜ਼ਬਰਦਸਤੀ ਸੰਗਤ ਸਿੰਘ ਦਾ ਵਿਆਹ ਪੱਕਾ ਕਰ ਦਿੱਤਾ। ਮੰਗਤ ਸਿੰਘ ਨੇ ਬਥੇਰਾ ਸਮਝਾਇਆ, ਬਾਬੇ ਨਾਨਕ ਦੇ ਉਪਦੇਸ਼ ਸੁਣਾਏ ਪਰ ਸੰਗਤ ਸਿੰਘ ਤੇ ਕੋਈ ਅਸਰ ਨਾਂ ਹੋਇਆ। ਉਹ ਇੱਨਾਂ ਪ੍ਰੇਸ਼ਾਨ ਹੋ ਗਿਆ ਕਿ ਘਰੋਂ ਭੱਜ ਗਿਆ ਤੇ ਜੰਗਲਾਂ ਵਿੱਚ ਜਾਕੇ ਇੱਕ ਡੇਰੇ ਤੇ ਤਪੱਸਿਆ ਕਰਨ ਲੱਗ ਪਿਆ।ਤਪੱਸਵੀ ਨੇ ਤਪੱਸਿਆ ਕਰਕੇ ਰਿੱਧੀਆ ਸਿੱਧੀਆਂ ਪ੍ਰਾਪਤ ਕਰ ਲਈਆਂ।ਤਪੱਸਵੀ ਨੂੰ 25 ਕੁ ਸਾਲ ਬਾਅਦ ਅਪਣੇ ਦੋਸਤ ਦੀ ਯਾਦ ਆਈ। ਅਪਣੇ ਪਿੰਡ ਵਿੱਚ ਆਕੇ ਉਹ ਅਪਣੇ ਗ੍ਰਹਿਸਥੀ ਦੋਸਤ ਨੂੰ ਮਿਲਣ ਗਿਆ। ਦੋਨੋ ਦੋਸਤ ਬੜੇ ਪਿਆਰ ਨਾਲ ਗਲੇ ਮਿਲੇ ਤੇ ਬੈਠ ਕੇ ਅਪਣੀ ਬੀਤੀ ਜਿੰਦਗੀ ਸਾਂਝੀ ਕਰਨ ਲੱਗੇ। ਅਪਣੀਆਂ ਅਪਣੀਆਂ ਪ੍ਰਾਪਤੀਆਂ ਬਾਰੇ ਗੱਲਾ ਕਰਨ ਲੱਗੇ।
ਤਪੱਸਵੀ ਨੇ ਕਿਹਾ ਆਹ ਦੇਖ ਮੇਰਾ ਕਮੰਡਲ ਤੇ ਆਹ ਮੇਰੀ ਸੋਟੀ ਮੇਰਾ ਹੁਕਮ ਮੰਨਦੇ ਆ । ਉਸਦੇ ਕਹੇ ਤੇ ਸੋਟੀ ਦੂਰੋਂ ਪਾਣੀ ਦਾ ਗਿਲਾਸ ਚੁੱਕ ਕੇ ਲੈ ਆਈ।
ਗ੍ਰਹਿਸਥੀ ਨੇ ਕਿਹਾ ਆਹ ਵੀ ਕੋਈ ਪ੍ਰਾਪਤੀ ਹੈ? ਯਾਰ ਤੂੰ ਏਧਰ ਦੇਖ ,ਇਹ ਕਹਿਕੇ ਉਸਨੇ ਅਪਣੇ ਪੋਤੇ ਨੂੰ ਅਵਾਜ਼ ਦਿੱਤੀ “ਪੱਪੂ ਜ਼ਰਾ ਉਹ ਗਿਲਾਸ ਤਾਂ ਚੁੱਕ ਕੇ ਲਿਆ” ਤਾਂ ਪੱਪੂ ਭੱਜ ਕੇ ਆਇਆ ਤੇ ਗਿਲਾਸ ਲਿਆ ਕੇ ਅਪਣੇ ਦਾਦੇ ਨੂੰ ਦੇ ਦਿੱਤਾ।
ਤਪੱਸਵੀ ਨੇ ਬੜੇ ਹੌਕੇ ਜਿਹੇ ਨਾਲ ਕਿਹਾ ਯਾਰ ਮੈਂ ਤੇ ਗ੍ਰਹਿਸਥੀ ਛੱਡ ਕੇ ਐਵੇਂ ਜੰਗਲਾਂ ਵਿੱਚ ਧੱਕੇ ਖਾਂਦਾ ਰਿਹਾ,ਅਸਲੀ ਪ੍ਰਾਪਤੀਆਂ ਤੇ ਤੂੰ ਗ੍ਰਹਿਸਥ ਜੀਵਨ ਵਿੱਚ ਰਹਿ ਕੇ ਪ੍ਰਾਪਤ ਕਰ ਲਈਆਂ ਹਨ। ਵਾਕਿਆ ਹੀ ਗ੍ਰਹਿਸਥ ਜੀਵਨ ਸਰਵੋਤਮ ਹੈ। ਤੂੰ ਯਾਰ ਸਹੀ ਸੀ ਤੇ ਸਹੀ ਨਿਕਲਿਆ। ਤੂੰ ਜਿੱਤਿਆ ਮੈਂ ਹਾਰਿਆ।
ਦੋਵੇਂ ਯਾਰ ਗਲਵੱਕੜੀ ਪਾਕੇ ਖਿੜਖਿੜਾ ਕੇ ਹੱਸਣ ਲੱਗ ਪਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly