(ਸਮਾਜ ਵੀਕਲੀ)
ਬਿਰਧ ਆਸ਼ਰਮ ਵਿੱਚ ਰਹਿੰਦੀ ਇੱਕ ਮਾਂ ਦੀ ਹੱਡਬੀਤੀ – –
ਰੱਬ ਤੋਂ ਵੀ ਉੱਚਾ ਮੰਨਦੇ ਜਿਹਦਾ ਨਾਂ,
ਹੁੰਦੀ ਆ ਠੰਡੀ ਮਿੱਠੜੀ ਜਿਹਦੀ ਛਾਂ,
ਬਿਰਧ ਆਸ਼ਰਮ ਚ ਮਿਲ ਗਈ ਮੈਨੂੰ
ਵਿਚਾਰੀ ਬੁੱਢੜੀ ਇੱਕ ਦੁੱਖਆਰੀ ਮਾਂ,
ਜਦ ਮੈ ਉਸਨੂੰ ‘ਮਾਂ’ ਆਖ ਬੁਲਾਇਆ,
ਸੁਣਦੇ ਹੀ ਉਸਦਾ ਮਨ ਭਰ ਆਇਆ,
ਉਸ ਮਾਂ ਨੇ ਰੋਂਦੇ-ਰੋਂਦੇ ਹੁਬਕੀਆਂ ਲੈ ਕੇ
ਮੈਨੂੰ ਅਪਣੇ ਦਿਲ ਦਾ ਹਾਲ ਸੁਣਾਇਆ,
ਕਹਿੰਦੀ ਕਰਦਾ ਏ ਪੁੱਤ ਤਾਂ ਬਾਹਲਾ ਮੋਹ,
ਪਰ ਭੈੜੀ ਟੱਕਰ ਗਈ ਮੈਨੂੰ ਮੇਰੀ ਨੋਂਹ,
ਮੈ ਪਰਾਈ ਕਦੇ ਨਈ ਸਮਝਿਆ ਉਸਨੂੰ
ਲੱਗੇ ਭਾਵੇਂ ਮੈਨੂੰ ਮੇਰੇ ਭਾਈਆਂ ਦੀ ਸੋਂਹ,
ਆਉਂਦੇ-ਸਾਰ ਉਹਨੇਂ ਰੰਗ ਦਿਖਾ ਦਿੱਤੇ,
ਪੁੱਤ ਨੂੰ ਖੌਰੇ ਕਿਹੜੇ ਤਬੀਤ ਪਿਲਾ ਦਿੱਤੇ,
ਏਸ ਉਮਰੇ ਤਾਂ ਘਰੇ ਬੈਠ ਕੇ ਖਾਣਾ ਸੀ
ਲੈ ਦੇਖ,ਉਸਨੇ ਆਹ ਦਿਨ ਦਿਖਾ ਦਿੱਤੇ,
ਹੁਣ ਬੰਦਾ ਕੀ ਦੱਸੇ ਤੇ ਕੀ ਗੋਗਾ ਗਾਵੇ,
ਜਿਥੇ ਅੰਨਪਾਣੀ, ਬੰਦਾ ਉਥੇ ਜਾ ਕੇ ਖਾਵੇ,
ਲੇਖਾ ਦੇ ਲਿਖਿਆ ਤੇ ਚੱਲੇ ਨਾ ਜੋਰ ਕਦੇ
ਹੱਡੀ ਪਵੇ ਹੰਡਾਵਣਾ ਜੋ ਨਾਨਕ ਨੂੰ ਭਾਵੇ,
ਖੌਰੇ ਖੂਨ ਵਿੱਚ ਕਿਸਨੇ ਕੀ ਮਿਲਾ ਦਿੱਤਾ
ਜਿਹਨੇਂ ਮੋਹ-ਪਿਆਰ ਨੂੰ ਖੌਰਾ ਲਾ ਦਿੱਤਾ,
ਰਿਸ਼ਤਿਆ ਦੀ ਕਦਰ ਹੈ ਘਟਦੀ ਜਾਂਦੀ
ਗੈਰ ਛੱਡ,ਅਪਣਾ ਵੀ ਗੈਰ ਬਣਾ ਦਿੱਤਾ,
ਮਾਂ-ਪਿਓ ਨੂੰ ਤੁਸੀਂ ਦੇਵੋ ਨਾ ਵਿਸਾਰ ਦੋਸਤੋ,
ਏਹ ਕਦੇ ਮਿਲਦੇ ਨੀ ਮੁੱਲ ਬਜਾਰ ਦੋਸਤੋ,
‘ਹੋਸ਼ੀ’ ਹੁੰਦੀਆਂ ਏਹ ਦਾਤਾਂ ਅਣਮੁੱਲੀਆਂ
ਰੱਜ-ਰੱਜ ਕਰੋ ਇਨਾਂ ਦਾ ਸਤਿਕਾਰ ਦੋਸਤੋ,
ਰੱਜ-ਰੱਜ ਕਰੋ ਇਨਾਂ ਦਾ ਸਤਿਕਾਰ ਦੋਸਤੋ।
(ਪਵਨ ‘ਹੋਸ਼ੀ’)
ਸ਼ਿਵਮ ਕਲੌਨੀ ਸੰਗਰੂਰ
ਮੋ:ਨੰ: 8054545632
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly