ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਗ੍ਰੀਨਲੈਂਡ ਨੂੰ ਲੈ ਕੇ ਚੱਲ ਰਹੀ ਅੰਤਰਰਾਸ਼ਟਰੀ ਚਰਚਾ ਵਿਚਕਾਰ ਦੋ-ਟੁੱਕ ਸ਼ਬਦਾਂ ਵਿੱਚ ਕਿਹਾ ਹੈ ਕਿ ਗ੍ਰੀਨਲੈਂਡ ਦੇ ਭਵਿੱਖ ਬਾਰੇ ਫ਼ੈਸਲਾ ਕਰਨ ਦਾ ਪੂਰਾ ਹੱਕ ਸਿਰਫ਼ ਗ੍ਰੀਨਲੈਂਡ ਅਤੇ ਡੈਨਮਾਰਕ ਨੂੰ ਹੀ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਹੋਰ ਦੇਸ਼ ਵੱਲੋਂ ਦਬਾਅ, ਧਮਕੀ ਜਾਂ ਦਖ਼ਲ ਕਤਈ ਕਬੂਲ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਸਟਾਰਮਰ ਨੇ ਕਿਹਾ ਕਿ ਹਰ ਦੇਸ਼ ਅਤੇ ਖੇਤਰ ਦੀ ਸਰਬਭੌਮਤਾ ਦਾ ਆਦਰ ਕਰਨਾ ਅੰਤਰਰਾਸ਼ਟਰੀ ਮਰਿਆਦਾ ਦਾ ਅਹੰਮ ਹਿੱਸਾ ਹੈ। ਗ੍ਰੀਨਲੈਂਡ ਡੈਨਮਾਰਕ ਦੇ ਅਧੀਨ ਖੁਦਮੁਖਤਿਆਰ ਖੇਤਰ ਹੈ ਅਤੇ ਇਸ ਨਾਲ ਜੁੜਿਆ ਹਰ ਫ਼ੈਸਲਾ ਉਥੋਂ ਦੇ ਲੋਕਾਂ ਦੀ ਰਜ਼ਾਮੰਦੀ ਅਤੇ ਡੈਨਮਾਰਕ ਦੀ ਸਹਿਮਤੀ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਜ਼ਬਰਦਸਤੀ ਨਾਲ ਕਿਸੇ ਖੇਤਰ ਦੀ ਕਿਸਮਤ ਨਹੀਂ ਬਦਲੀ ਜਾ ਸਕਦੀ। ਇਹ ਬਿਆਨ ਉਸ ਪਿਛੋਕੜ ਵਿੱਚ ਆਇਆ ਹੈ ਜਦੋਂ ਗ੍ਰੀਨਲੈਂਡ ਬਾਰੇ ਕੁਝ ਤਿੱਖੇ ਬਿਆਨਾਂ ਨੇ ਯੂਰਪ ਭਰ ਵਿੱਚ ਚਿੰਤਾ ਪੈਦਾ ਕਰ ਦਿੱਤੀ ਸੀ। ਡੈਨਮਾਰਕ ਸਰਕਾਰ ਨੇ ਵੀ ਆਪਣਾ ਰੁਖ ਸਾਫ਼ ਕਰਦਿਆਂ ਕਿਹਾ ਸੀ ਕਿ ਗ੍ਰੀਨਲੈਂਡ ਦੀ ਸਰਬਭੌਮਤਾ ‘ਤੇ ਕੋਈ ਸਮਝੌਤਾ ਨਹੀਂ ਹੋਵੇਗਾ। ਕੀਅਰ ਸਟਾਰਮਰ ਨੇ ਦੱਸਿਆ ਕਿ ਉਨ੍ਹਾਂ ਨੇ ਡੈਨਮਾਰਕ ਦੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਕੇ ਬ੍ਰਿਟੇਨ ਦੀ ਪੂਰੀ ਹਮਾਇਤ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਬ੍ਰਿਟੇਨ ਡੈਨਮਾਰਕ ਦੇ ਨਾਲ ਖੜ੍ਹਾ ਹੈ ਅਤੇ ਯੂਰਪ ਵਿੱਚ ਅਮਨ ਤੇ ਸਥਿਰਤਾ ਨੂੰ ਕਿਸੇ ਵੀ ਕੀਮਤ ‘ਤੇ ਖਤਰੇ ਵਿੱਚ ਨਹੀਂ ਪੈਣ ਦਿੱਤਾ ਜਾਵੇਗਾ। ਲੇਬਰ ਪਾਰਟੀ ਅੰਦਰੋਂ ਵੀ ਕਈ ਸੰਸਦ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ‘ਚ ਸਖ਼ਤ ਅਤੇ ਸਪਸ਼ਟ ਰੁਖ ਜਾਰੀ ਰੱਖਿਆ ਜਾਵੇ। ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਦਾ ਇਹ ਬਿਆਨ ਛੋਟੇ ਅਤੇ ਖੁਦਮੁਖਤਿਆਰ ਖੇਤਰਾਂ ਲਈ ਹੌਂਸਲਾ ਵਧਾਉਣ ਵਾਲਾ ਹੈ ਅਤੇ ਇਹ ਸੰਦੇਸ਼ ਦਿੰਦਾ ਹੈ ਕਿ ਲੋਕਾਂ ਦੀ ਇੱਛਾ ਤੋਂ ਬਿਨਾਂ ਕਿਸੇ ਖੇਤਰ ਦਾ ਭਵਿੱਖ ਤੈਅ ਨਹੀਂ ਕੀਤਾ ਜਾ ਸਕਦਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



