ਕਿਸਾਨਾਂ ਦੇ 18 ਨੁਕਾਤੀ ਏਜੰਡੇ ਨੂੰ ਹਰੀ ਝੰਡੀ

 

  • ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਦਰਜ ਕੇਸ ਹੋਣਗੇ ਰੱਦ
  • ਸਮੁੱਚਾ ਕਰਜ਼ਾ ਮੁਆਫ਼ੀ ਦੇ ਮੁੱਦੇ ’ਤੇ ਪੇਚ ਫਸਿਆ
  • ਮੁੱਖ ਮੰਤਰੀ ਅਤੇ ਕਿਸਾਨ ਆਗੂਆਂ ਦਰਮਿਆਨ ਕਈ ਘੰਟੇ ਲੰਮੀ ਚੱਲੀ ਚਰਚਾ

ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਆਪਣੀ ਪਲੇਠੀ ਮੀਟਿੰਗ ਵਿੱਚ ਕਿਸਾਨ ਧਿਰਾਂ ਵੱਲੋਂ ਪੇਸ਼ 18 ਨੁਕਾਤੀ ਏਜੰਡੇ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਨ੍ਹਾਂ ’ਚੋਂ ਸਮੁੱਚਾ ਕਰਜ਼ਾ ਮੁਆਫ਼ੀ ਦੇ ਮੁੱਦੇ ’ਤੇ ਪੇਚ ਫਸ ਗਿਆ ਹੈ| ਅੱਜ 32 ਕਿਸਾਨ ਜਥੇਬੰਦੀਆਂ ’ਤੇ ਅਧਾਰਤ ਧਿਰਾਂ ਵੱਲੋਂ ਮੁੱਖ ਮੰਤਰੀ ਚੰਨੀ ਨਾਲ ਪੰਜਾਬ ਭਵਨ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਕਿਸਾਨ ਆਗੂਆਂ ਨੇ ਪੰਜਾਬ ਦੇ ਭਖਦੇ ਮੁੱਦੇ ਚੁੱਕੇ| ਮੁੱਖ ਮੰਤਰੀ ਅਤੇ ਕਿਸਾਨਾਂ ਆਗੂਆਂ ਦਰਮਿਆਨ ਕਈ ਘੰਟੇ ਲੰਮੀ ਚਰਚਾ ਚੱਲੀ ਜਿਸ ਮਗਰੋਂ ਮੁੱਖ ਮੰਤਰੀ ਨੇ ਬਹੁਤੀਆਂ ਮੰਗਾਂ ਮੰਨਣ ਦਾ ਐਲਾਨ ਕਰ ਦਿੱਤਾ|

ਮੁੱਖ ਮੰਤਰੀ ਨੇ ਮੀਟਿੰਗ ਮਗਰੋਂ ਨਰਮਾ ਪੱਟੀ ਵਿੱਚ ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਰਾਸ਼ੀ 12 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਪ੍ਰਤੀ ਏਕੜ ਕਰਨ ਦਾ ਐਲਾਨ ਕੀਤਾ| ਜਿਨ੍ਹਾਂ ਕਿਸਾਨਾਂ ਦੀ ਫ਼ਸਲ 75 ਤੋਂ ਸੌ ਫ਼ੀਸਦੀ ਖਰਾਬ ਹੋਈ ਹੈ, ਉਨ੍ਹਾਂ ਨੂੰ ਹੁਣ ਪ੍ਰਤੀ ਏਕੜ 17 ਹਜ਼ਾਰ ਰੁਪਏ ਮੁਆਵਜ਼ਾ ਮਿਲੇਗਾ| ਇਸੇ ਤਰ੍ਹਾਂ ਚੁਗਾਈ ਵਾਲੇ ਖੇਤ ਮਜ਼ਦੂਰਾਂ ਨੂੰ ਵੀ 10 ਫ਼ੀਸਦੀ ਹੋਰ ਮੁਆਵਜ਼ਾ ਮਿਲੇਗਾ| ਕਿਸਾਨ ਘੋਲ ਦੌਰਾਨ ਸ਼ਹੀਦ ਹੋਏ ਸਾਰੇ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਕ ਜੀਆਂ ਨੂੰ ਨੌਕਰੀ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ| ਪੰਜਾਬ ਦੇ ਕਰੀਬ 650 ਕਿਸਾਨ ਤੇ ਮਜ਼ਦੂਰ ਕਿਸਾਨ ਘੋਲ ਦੌਰਾਨ ਸ਼ਹੀਦ ਹੋਏ ਹਨ ਜਦਕਿ ਪੰਜਾਬ ਸਰਕਾਰ ਤਰਫ਼ੋਂ ਕਰੀਬ 200 ਕੇਸਾਂ ਵਿੱਚ ਹੀ ਸਰਕਾਰੀ ਨੌਕਰੀ ਦਿੱਤੀ ਗਈ ਹੈ|

ਮੁੱਖ ਮੰਤਰੀ ਨੇ ਕਿਸਾਨੀ ਧਿਰਾਂ ਨੂੰ ਪ੍ਰਭਾਵਿਤ ਪਰਿਵਾਰਾਂ ਦੀ ਸ਼ਨਾਖ਼ਤ ਕਰ ਕੇ ਸੂਚੀ ਦੇਣ ਲਈ ਕਿਹਾ| ਮੁੱਖ ਮੰਤਰੀ ਸ੍ਰੀ ਚੰਨੀ ਨੇ ਦੱਸਿਆ ਕਿ ਹੁਣ ਤੱਕ ਪਰਾਲੀ ਸਾੜਨ ਕਰਕੇ ਜਿਨ੍ਹਾਂ ਕਿਸਾਨਾਂ ’ਤੇ ਪੁਲੀਸ ਕੇਸ ਦਰਜ ਹੋਏ ਹਨ, ਉਹ ਰੱਦ ਕੀਤੇ ਜਾਣਗੇ। ਉਨ੍ਹਾਂ ਅੱਗਿਓਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਵੀ ਕੀਤੀ| ਇਸੇ ਤਰ੍ਹਾਂ ਕਿਸਾਨ ਘੋਲ ਦੌਰਾਨ ਦਰਜ ਕੇਸ ਵੀ ਰੱਦ ਕੀਤੇ ਜਾਣਗੇ।ਮੁੱਖ ਮੰਤਰੀ ਸ੍ਰੀ ਚੰਨੀ ਨੇ ਦੱਸਿਆ ਕਿ ਗੰਨੇ ਦੇ ਭਾਅ ਵਿੱਚ 50 ਰੁਪਏ ਵਾਧਾ ਕੀਤਾ ਗਿਆ ਹੈ ਜਿਸ ’ਚੋਂ ਪ੍ਰਤੀ ਕੁਇੰਟਲ 35 ਰੁਪਏ ਪੰਜਾਬ ਸਰਕਾਰ ਤਾਰੇਗੀ| ਇਸੇ ਤਰ੍ਹਾਂ ਜਿਨ੍ਹਾਂ ਕਿਸਾਨਾਂ ਦੀ ਝੋਨੇ ਦੀ ਫ਼ਸਲ ਵਿਕਣੋਂ ਰਹਿ ਗਈ ਹੈ, ਉਹ ਵੀ ਤਿੰਨ-ਚਾਰ ਦਿਨਾਂ ਵਿੱਚ ਖ਼ਰੀਦੀ ਜਾਵੇਗੀ ਜਦਕਿ ਵੱਡੀਆਂ ਮੰਡੀਆਂ ਖੁੁੱਲ੍ਹੀਆਂ ਰੱਖੀਆਂ ਗਈਆਂ ਹਨ।

ਖੇਤੀ ਸੈਕਟਰ ਵਿੱਚ ਪੰਜ ਸੌ ਦੇ ਕਰੀਬ ਸਬਜ਼ੀ ਕਾਸ਼ਤਕਾਰ ਹਨ, ਜਿਨ੍ਹਾਂ ਨੂੰ ਵੀ ਖੇਤੀ ਲਈ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਵੇਗੀ| ਮੀਟਿੰਗ ਵਿੱਚ ਕਰਜ਼ਾ ਮੁਆਫ਼ੀ ਦੇ ਮਾਮਲੇ ’ਤੇ ਕਾਫ਼ੀ ਬਹਿਸ ਵੀ ਹੋਈ| ਕਿਸਾਨ ਆਗੂਆਂ ਨੇ ਨਕਲੀ ਬੀਜਾਂ ਤੇ ਸੁਸਰੀ ਲੱਗੀ ਕਣਕ ਦੇ ਬੀਜਾਂ ਦੀ ਵੰਡ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਮੰਗੀ| ਐਕਸਪ੍ਰੈੱਸਵੇਅ ਲਈ ਐਕੁਆਇਰ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਅਤੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਲਾਗੂ ਕਰਨ ਦੇ ਮੁੱਦੇ ਵੀ ਚੁੱਕੇ|

ਤਰਜੀਹੀ ਕੋਟੇ ਲਈ ਨਵਾਂ ਕਾਨੂੰਨ ਬਣੇਗਾ: ਮੁੱਖ ਮੰਤਰੀ

ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਵਿਚ ਪੰਜਾਬੀਆਂ ਨੂੰ ਤਰਜੀਹੀ ਤੌਰ ’ਤੇ ਭਰਤੀ ਕਰਨ ਲਈ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ| ਮੁੱਖ ਮੰਤਰੀ ਚੰਨੀ ਨੇ ਦੱਸਿਆ ਕਿ ਇਸ ਦਾ ਮੰਤਵ ਹੈ ਕਿ ਪੰਜਾਬ ਦੇ ਨੌਜਵਾਨ ਭਰਤੀ ਹੋ ਸਕਣ| ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੇ ਲਟਕਦੇ ਮਸਲੇ ਵੀ ਦੋ- ਚਾਰ ਦਿਨਾਂ ਵਿੱਚ ਹੱਲ ਕਰ ਦਿੱਤੇ ਜਾਣਗੇ ਜਿਸ ਲਈ ਕਮੇਟੀ ਬਣਾਈ ਗਈ ਹੈ| ਮੁੱਖ ਮੰਤਰੀ ਨੇ ਅੱਜ ਕਰਤਾਰਪੁਰ ਲਾਂਘਾ ਖੁੱਲ੍ਹਣ ’ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਵੀ ਕੀਤਾ।

ਮੁੱਖ ਮੰਤਰੀ ਚੰਨੀ ਨੂੰ ਝੱਲਣੀ ਪਈ ਕਿਸਾਨਾਂ ਦੀ ਤਲਖੀ

ਮੁੱਖ ਮੰਤਰੀ ਚੰਨੀ ਨੂੰ ਅੱਜ ਪਹਿਲੀ ਮੀਟਿੰਗ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਦੀ ਤਲਖੀ ਝੱਲਣੀ ਪਈ| ਜਦੋਂ ਕਿਸਾਨ ਆਗੂ ਮੀਟਿੰਗ ਲਈ ਪੰਜਾਬ ਭਵਨ ਅੰਦਰ ਜਾਣ ਲੱਗੇ ਤਾਂ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਨੇ ਕੁਝ ਕਿਸਾਨ ਆਗੂਆਂ ਨੂੰ ਰੋਕ ਦਿੱਤਾ ਜਿਸ ਤੋਂ ਉਹ ਖਫ਼ਾ ਹੋ ਗਏ| ਖੇਤੀ ਮੰਤਰੀ ਰਣਦੀਪ ਨਾਭਾ ਨੇ ਕੁਝ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਤੁਰ ਪਏ ਜਿਸ ਤੋਂ ਬਾਕੀ ਕਿਸਾਨ ਆਗੂ ਭੜਕ ਗਏ| ਆਖ਼ਰ ਮੁੱਖ ਮੰਤਰੀ ਚੰਨੀ ਖ਼ੁਦ ਬਾਹਰ ਆਏ ਅਤੇ ਕਿਸਾਨ ਆਗੂਆਂ ਨੂੰ ਮਨਾ ਕੇ ਅੰਦਰ ਲੈ ਕੇ ਗਏ| ਅੱਜ ਕੰਪਿਊਟਰ ਅਧਿਆਪਕਾਂ ਅਤੇ ਅਧਿਆਪਕ ਯੂਨੀਅਨ ਦੇ ਨਾਅਰੇ ਵੀ ਪੰਜਾਬ ਭਵਨ ਦੇ ਬਾਹਰ ਗੂੰਜਦੇ ਰਹੇ।

ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਸਰਕਾਰ: ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਸਾਨ ਧਿਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸਾਨ ਘੋਲ ਵਿੱਚ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜ੍ਹੀ ਹੈ| ਉਨ੍ਹਾਂ ਕਿਹਾ ਕਿ ਕਿਸਾਨ ਆਗੂਆਂ ਨੂੰ ਇੱਥੋਂ ਤੱਕ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਜੇ ਕਿਸਾਨ ਆਗੂ ਚਾਹੁਣ ਤਾਂ ਉਹ ਸਾਰੇ ਅਸਤੀਫ਼ਾ ਦੇ ਕੇ ਵੀ ਕਿਸਾਨ ਘੋਲ ਵਿੱਚ ਨਾਲ ਜਾਣ ਲਈ ਤਿਆਰ ਹਨ| ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਤਿਆਰ ਕੀਤਾ ਮਤਾ ਵੀ ਉਨ੍ਹਾਂ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਹੈ ਅਤੇ ਪੰਜਾਬ ਵਿੱਚ ਕੇਂਦਰੀ ਖੇਤੀ ਕਾਨੂੰਨ ਲਾਗੂ ਨਹੀਂ ਹੋਣਗੇ| ਪੰਜਾਬ ਸਰਕਾਰ ਨੇ ਗੱਠਜੋੜ ਸਰਕਾਰ ਵੱਲੋਂ ਬਣਾਇਆ ‘ਕੰਟਰੈਕਟ ਫਾਰਮਿੰਗ ਐਕਟ 2013’ ਵੀ ਰੱਦ ਕਰ ਦਿੱਤਾ ਹੈ|

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਦੇ ਹੋਟਲਾਂ ਵਿੱਚ ਬੈਠੇ ਲੋਕ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਬਦਨਾਮ ਕਰਦੇ ਨੇ: ਬੈਂਚ
Next articleਵਿਧਾਇਕਾਂ ਦਾ ਆਚਰਣ ਭਾਰਤੀ ਕਦਰਾਂ-ਕੀਮਤਾਂ ਅਨੁਸਾਰ ਹੋਣਾ ਜ਼ਰੂਰੀ: ਮੋਦੀ