ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਉਪਰਾਲਿਆਂ ਵਜੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ‘ਗ੍ਰੀਨ ਅਰਥ ਕਲੀਨ ਇਨਵਾਇਰਨਮੈਂਟ’ ਮੁਹਿੰਮ ਤਹਿਤ ਅੱਜ ਡੀ.ਏ.ਵੀ. ਯੂਨੀਵਰਸਿਟੀ ਦੇ ਸਹਿਯੋਗ ਨਾਲ ਇਕ ਹਜ਼ਾਰ ਬੂਟੇ ਲਾਏ ਗਏ। ਇਥੇ ਯੂਨੀਵਰਸਿਟੀ ਕੈਂਪਸ ਵਿੱਚ ਬੂਟੇ ਲਾਉਣ ਉਪਰੰਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਵਾਤਾਵਰਣ ਇੰਜੀਨੀਅਰ ਡਾ. ਕਰੁਨੇਸ਼ ਗਰਗ ਨੇ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਤੇ ਸੰਭਾਲ ਲਈ ਰੁੱਖ ਬਹੁਤ ਜ਼ਰੂਰੀ ਹਨ ਕਿਉਂਕਿ ਇਹ ਆਕਸੀਜ਼ਨ ਦਾ ਸਰੋਤ ਹਨ ਅਤੇ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਚੌਗਿਰਦੇ ਨੂੰ ਪ੍ਰਦੂਸ਼ਣ ਮੁਕਤ ਵੱਧ ਤੋਂ ਵੱਧ ਰੁੱਖ ਲਾ ਕੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਮਾਜ ਵਿੱਚ ਉਦਯੋਗ, ਸੜਕਾਂ ਅਤੇ ਇਮਾਰਤਾਂ ਦਾ ਵਿਕਾਸ ਜ਼ਰੂਰੀ ਹੈ, ਉਸੇ ਤਰ੍ਹਾਂ ਬੂਟੇ ਲਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਵੀ ਜ਼ਰੂਰੀ ਹੈ। ਸ਼ਹਿਰ ਵਾਸੀਆਂ ਨੂੰ ਮਾਨਸੂਨ ਦੇ ਇਸ ਸੀਜ਼ਨ ਦੌਰਾਨ ਘੱਟ ਤੋਂ ਘੱਟ 4 ਬੂਟੇ ਲਾਉਣ ਦੀ ਅਪੀਲ ਕਰਦਿਆਂ ਡਾ. ਗਰਗ ਨੇ ਕਿਹਾ ਕਿ ਬੂਟੇ ਲਾਉਣ ਲਈ ਇਹ ਮੌਸਮ ਸਭ ਤੋਂ ਵੱਧ ਢੁੱਕਵਾਂ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਹਰੇਕ ਸ਼ਹਿਰੀ ਨੂੰ ਬੂਟੇ ਲਾਉਣ ਦੇ ਨਾਲ-ਨਾਲ ਉਨ੍ਹਾਂ ਦੀ ਦੇਖ-ਭਾਲ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਵਾਤਾਵਰਣ ਦੀ ਸੰਭਾਲ ਲਈ ਡੀ.ਏ.ਵੀ. ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਸੀਨੀਅਰ ਵਾਤਾਵਰਣ ਇੰਜੀਨੀਅਰ ਵਿਜੈ ਕੁਮਾਰ, ਵਾਤਾਵਰਣ ਇੰਜੀਨੀਅਰ ਸੰਦੀਪ ਕੁਮਾਰ, ਇੰਜ. ਸੱਤਿਆਜੀਤ ਅੱਤਰੀ, ਡੀ.ਏ.ਵੀ. ਯੂਨੀਵਰਸਿਟੀ ਦੇ ਵਾਈਸ ਚਾਂਸਲਰ ਆਦਿ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly