(ਸਮਾਜ ਵੀਕਲੀ)
ਰੋਂਦੀਆਂ ਕਬਰਾਂ ਵਾਲੇ ਮਾਸੂਮ ਬੱਚਿਓ !
ਇਹ ਤੁਹਾਡੀਆਂ ਹੀ ਕਬਰਾਂ ਨਹੀਂ
ਤੁਹਾਡੀ ਮਾਤ ਭਾਸ਼ਾ ਦੀਆਂ ਕਬਰਾਂ ਨੇ
ਤੁਹਾਡੇ ਹਿੱਸੇ ਦੀਆਂ ਲੋਰੀਆਂ ਦੀਆਂ ਕਬਰਾਂ ਨੇ
ਤੁਹਾਡੀਆਂ ਮਾਵਾਂ ਦੇ ਗੀਤਾਂ ਦੀਆਂ ਕਬਰਾਂ ਨੇ
ਤੁਹਾਡੀਆਂ ਤੋਤਲੀਆਂ ਜੀਭਾਂ ਵੀ ਇੱਥੇ ਹੀ ਦਫ਼ਨ ਨੇ
ਆਪਣੇ ਘਰਾਂ ਚ ਜਿਨ੍ਹਾਂ ਨਾਲ ਤੁਸੀਂ ਨਾਚ ਕਰਦੇ
ਉਹ ਨਿੱਕੇ ਪੈਰ ਵੀ ਇਸੇ ਮਿੱਟੀ ਵਿੱਚ ਦਫ਼ਨ ਨੇ
ਪੰਛੀਆਂ ਵਾਂਗ ਨੱਚਣ ਲਈ
ਆਪਣੇ ਸਿਰ ਤੇ ਮੋਢਿਆਂ ਉੱਤੇ
ਤੁਸੀਂ ਜਿਹੜੇ ਖੰਭ ਸਜਾਉਂਦੇ
ਉਹ ਖੰਭ ਵੀ ਇੱਥੇ ਹੀ ਦਫ਼ਨ ਨੇ
ਤੁਹਾਨੂੰ ਘਰਾਂ ਤੋਂ ਬਹੁਤ ਦੂਰ ਲਿਜਾ ਕੇ
ਉਹ ਕਿਹੜੇ ਪਾਠ ਪੜ੍ਹਾ ਰਹੇ ਸਨ
ਜਿੱਥੇ ਸਕੂਲਾਂ ਦੀਆਂ ਵੱਡੀਆਂ ਕੰਧਾਂ ਨੂੰ ਵੇਖ ਤੁਸੀਂ ਰੋਂਦੇ
ਜਮਾਤ ਕਮਰਿਆਂ ਚ ਚੁੱਪ ਚਾਪ ਬੈਠਿਆਂ ਦੇ ਹੰਝੂ
ਅਣਧੋਏ ਮੂੰਹਾਂ ਤੋਂ ਵਹਿੰਦੇ ਰਹਿੰਦੇ
ਅਣਵਾਹੇ ਸਿਰਾਂ ਤੇ ਬਾਂਹ ਧਰ ਕੇ
ਘਰ ਦੇ ਵਿਹੜਿਆਂ ਨੂੰ ਤੁਸੀਂ ਡਾਹਢਾ ਯਾਦ ਕਰਦੇ
ਵਿਹੜੇ ਜੋ ਤੁਹਾਡੀ ਭੋਲ਼ੀ ਜਿਹੀ ਯਾਦ ‘ਚੋਂ
ਨਿੱਤ ਵਿਸਰਦੇ ਜਾ ਰਹੇ ਸਨ
ਪੈ ਰਹੀ ਬਰਫ਼ ‘ਚ
ਸ਼ਾਂਤ ਖਲੋਤੇ ਨਿਪੱਤਰੇ ਰੁੱਖਾਂ ਨੂੰ ਵੇਖਦੇ
ਤੁਸੀਂ ਆਪਣੀਆਂ ਮਾਵਾਂ ਨੂੰ
ਬਹੁਤ ਯਾਦ ਕਰਦੇ ਹੋਵੋਗੇ
ਤੁਹਾਨੂੰ ਕਦੋਂ ਪਤਾ ਹੁੰਦਾ ਹੋਵੇਗਾ
ਤੁਹਾਡਾ ਘਰ ਕਿਧਰਲੇ ਪਾਸੇ ਰਹਿ ਗਿਆ ਹੈ
ਤੇ ਕਿੰਨੀ ਦੂਰ ਰਹਿ ਗਿਆ ਹੈ
ਤੁਹਾਨੂੰ ਤੁਹਾਡੇ ਘਰ
ਵੱਡੇ ਰੁੱਖਾਂ ਦੇ ਓਹਲੇ ਜਾਪਦੇ ਰਹਿੰਦੇ
ਕਦੇ ਬੱਦਲਾਂ ਦੇ ਪਾਰ ਜਾਪਦੇ
ਤੁਹਾਨੂੰ ਬੱਦਲਾਂ ਦੀਆਂ ਅਕਿਰਤੀਆਂ ਵਿੱਚ
ਆਪਣੇ ਮਾਪਿਆਂ ਦੇ ਚਿਹਰੇ ਦਿੱਸਦੇ
ਕੋਈ ਚਿੱਟਾ ਬੱਦਲ ਦਾਦਾ ਦਾਦੀ ਜਿਹਾ ਲੱਗਦਾ
ਤੁਹਾਨੂੰ ਕੌਣ ਪੜ੍ਹਾ ਰਹੇ ਸਨ ਉਹ
ਤੁਹਾਨੂੰ ਉਹ ਅਧਿਆਪਕ ਜਾਪਦੇ
ਜਾਂ ਜਲਾਦ ਦਿੱਸਦੇ ਸਨ
ਸਾਡੇ ਅਖੌਤੀ ਸੱਭਿਅਕ ਲੋਕਾਂ ਦੇ ਓਪਰੇ ਸ਼ਬਦ
ਤੁਹਾਡੇ ਮਨ ਤਨ ਤੇ ਚਾਬਕ ਵਾਂਗ ਵੱਜਦੇ ਰਹੇ
ਤੁਹਾਡੀ ਕੁਰਲਾਹਟ ਦੂਰ ਤੁਹਾਡੇ ਵਤਨ ਤੱਕ ਪਹੁੰਚਦੀ
ਤੁਹਾਡੀਆਂ ਮਾਵਾਂ ਤੱਕ ਪਹੁੰਚਦੀ
ਤੇ ਉਨ੍ਹਾਂ ਨੂੰ ਡਰਾਉਣੇ ਸੁਪਨੇ ਆਉਂਦੇ
ਅਸਮਾਨ ਕਾਲ਼ਾ ਕਾਲ਼ਾ ਜਾਪਦਾ
ਤੁਸੀਂ ਆਪਣੇ ਉਦਰੇਵਿਆਂ ਵੇਲ਼ੇ
ਨਾ ਸਮਝ ਆਉਣ ਵਾਲ਼ੀਆਂ ਪ੍ਰਾਰਥਨਾਵਾਂ
ਨੂੰ ਉੱਚੀ ਉੱਚੀ ਬੋਲਦੇ
ਜਾਂ ਫਿਰ ਡਾਹਢੇ ਚੁੱਪ ਹੋ ਜਾਂਦੇ ਹੋਵੋਗੇ
ਤੁਹਾਡੀਆਂ ਅੱਖਾਂ ਪਥਰਾ ਜਾਂਦੀਆਂ ਹੋਣਗੀਆਂ
ਅਸੀਂ ਤੁਹਾਡੀ ਹਰ ਮਾਸੂਮ ਖੇਡ ਦਾ ਕਤਲ ਕੀਤਾ
ਜਿਸ ਨੂੰ ਤੁਸੀਂ ਖੇਡ ਦੇ ਮੈਦਾਨ ਸਮਝਦੇ ਰਹੇ ਸਾਓ
ਉਹ ਤੁਹਾਡੇ ਕਬਰਸਤਾਨ ਸਨ ਬੱਚਿਓ !
ਅਸੀਂ ਤੁਹਾਨੂੰ ਸ਼ਬਦ ਸ਼ਬਦ ਮਾਰ ਰਹੇ ਸਾਂ
ਤੁਹਾਡੇ ਸਿਰਾਂ ਤੇ ਮੋਢਿਆਂ ਉੱਤੇ
ਤੁਹਾਡੇ ਮਾਪਿਆਂ ਦੇ ਸਜਾਏ ਹੋਏ ਖੰਭਾਂ ਨੂੰ
ਅਸੀਂ ਇੱਕ ਇੱਕ ਕਰਕੇ ਪੁੱਟ ਰਹੇ ਸਾਂ
ਤੁਹਾਡੇ ਤਨਾਂ ਉੱਤੇ ਪਾਈਆਂ ਲਾਸਾਂ ਨੂੰ
ਮਾਵਾਂ ਤੋਂ ਬਿਨਾ ਕੌਣ ਸਹਿਲਾ ਸਕਦਾ ਸੀ
ਪਿਆਰੀਓ ਧੀਓ!
ਤੁਸੀਂ ਸਾਡੀ ਮੈਲ਼ੀ ਅੱਖ ਨੂੰ
ਮਾਦਾ ਹੀ ਲੱਗਦੀਆਂ ਰਹੀਆਂ
ਤੁਹਾਡੀਆਂ ਚੁੱਪ ਚੁੱਪ ਰੋਂਦੀਆਂ ਮਸੂਮ ਕਬਰਾਂ ਤੋਂ
ਅਸੀਂ ਤਾਂ ਤੁਹਾਡੇ ਨਾਂ ਵਾਲ਼ੇ ਸਾਰੇ ਪੱਥਰ ਹਟਾ ਲਏ
ਉੱਥੇ ਹੁਣ ਘਾਹ ਹੈ
ਉੱਗੇ ਹੋਏ ਰੁੱਖ ਨੇ
ਤੁਸੀਂ ਘਾਹ ਵਾਂਗ ਹੋ ਗਏ ਹੋ
ਤੁਸੀਂ ਰੁੱਖਾਂ ਵਾਂਗ ਹੋ ਗਏ ਓ
ਹੁਣ ਘਾਹ ਤੇ ਰੁੱਖ ਹੀ
ਤੁਹਾਡੀਆਂ ਕਬਰਾਂ ਦੇ ਪੱਥਰ ਬਣ ਗਏ ਨੇ
ਤੁਹਾਡੀਆਂ ਸੁੱਤੀਆਂ ਕਬਰਾਂ ਕੋਲੋਂ
ਪੌਣ ਲੰਘਦੀ ਇਸ ਤਰ੍ਹਾਂ ਸਾਂ ਸਾਂ ਕਰਦੀ ਹੈ
ਜਿਵੇਂ ਤੁਸੀਂ ਹਉਕੇ ਲੈ ਰਹੇ ਹੋ
ਵਰ੍ਹਦੀਆਂ ਬਰਸਾਤਾਂ ‘ਚ ਲੱਗਦਾ ਹੈ
ਤੁਸੀਂ ਨੀਵੀਂ ਪਾਈ ਰੋਈ ਜਾ ਰਹੇ ਹੋ
ਰੋਈ ਜਾ ਰਹੇ ਹੋ
ਬੱਚਿਓ! ਇਸ ਧਰਤੀ ‘ਤੇ
ਥਾਂ-ਥਾਂ ਤੁਹਾਡੀਆਂ ਕਬਰਾਂ ਨੇ
ਕਿੰਨੀਆਂ ਮਾਤ ਬੋਲੀਆਂ ਦੀਆਂ ਕਬਰਾਂ ਨੇ
ਕਿੰਨੇ ਲੋਕ ਗੀਤ ਦਫ਼ਨ ਨੇ
ਕਿੰਨੇ ਸੱਭਿਆਚਾਰ ਕਬਰਾਂ ਥੱਲੇ ਰੋ ਰਹੇ ਨੇ
ਸਾਡੇ ਵੱਡੇ ਵੱਡੇ ਝੰਡਿਆਂ ਦੇ ਥੱਲੇ
ਪਿਆਰੇ ਬੱਚਿਆਂ ਦੇ ਰਿਬਨਾਂ ਦੀਆਂ ਬਹੁਤ ਕਬਰਾਂ ਨੇ
ਸਾਡੇ ਇਤਿਹਾਸ ਦੀਆਂ ਵੱਡੀਆਂ ਕਿਤਾਬਾਂ ਵਿੱਚ
ਬੱਚਿਓ ! ਤੁਹਾਡੀਆਂ ਜੀਭਾਂ ਤੋਂ ਖੋਹੇ ਸ਼ਬਦ ਵੀ ਹੁੰਦੇ ਨੇ
ਨਸਲਕੁਸ਼ੀ ਸਿਰਫ਼ ਇਨਸਾਨਾਂ ਲਈ ਨਹੀਂ
ਭਾਸ਼ਾ ਦੀ ਵੀ ਹੁੰਦੀ ਹੈ
ਸੱਭਿਆਚਾਰ ਦੀ ਹੁੰਦੀ ਹੈ
ਸੱਭਿਅਤਾ ਦੀ ਵੀ ਹੁੰਦੀ ਹੈ
ਤੁਹਾਡੇ ਸਿਰਾਂ ਉੱਤੇ ਸਜੇ ਹੋਏ ਖੰਭਾਂ ਦੀ ਵੀ ਹੁੰਦੀ ਹੈ
ਸਕੂਲ ਵੀ ਕਨਸਨਟਰੇਸ਼ਨ ਕੈਂਪ ਹੋ ਸਕਦੇ ਨੇ
ਗੈਸ ਚੈਂਬਰਾਂ ਵਾਂਗ ਹੋ ਸਕਦੇ ਨੇ
ਸਾਡੇ ‘ਚੋਂ ਕੋਈ ਵੀ ਕਿਸੇ ਵੀ ਸਮੇਂ
ਨਾਜ਼ੀ ਹੋ ਸਕਦਾ ਹੈ
ਸਾਡੇ ਕਿਰਦਾਰ ਬੜੀ ਛੇਤੀ ਮਰ ਜਾਂਦੇ ਨੇ
ਬੱਚਿਓ! ਤੁਹਾਡੇ ਤੇ ਤੁਹਾਡੇ ਮਾਪਿਆਂ ਲਈ
ਇਹ ਧਰਤੀ ਕਿੰਨੀ ਵੱਡੀ ਹੋ ਗਈ
ਕਿ ਕੋਈ ਖ਼ਬਰ ਤੁਹਾਨੂੰ ਫਿਰ
ਇੱਕ ਦੂਜੇ ਦੀ ਮਿਲੀ ਹੀ ਨਾ
ਤੁਹਾਡੇ ਘਰ ਤੁਹਾਨੂੰ ਉਡੀਕਦੇ ਬੁੱਢੇ ਹੋ ਗਏ
ਮਾਵਾਂ ਖਾਣਾ ਸਾਹਵੇੰ ਰੱਖ ਰੋੰਦੀਆਂ ਹੀ ਰਹਿੰਦੀਆਂ
ਤੁਹਾਡੇ ਮਾਪੇ ਸਾਰੀ ਉਮਰ ਤੁਹਾਡੇ ਰਾਹਾਂ ‘ਤੇ ਹੀ ਬੈਠੇ ਰਹੇ
ਉਹ ਫਿਰ ਕਦੇ ਵੀ ਉਨ੍ਹਾਂ ਘਰਾਂ ‘ਚ ਵੱਸ ਨਹੀਂ ਸਕੇ ਸਨ
ਉਹ ਹਰ ਰੁੱਤ ਦੇ ਬਦਲਣ ਨਾਲ਼
ਬਰਫ਼ ਵਾਂਗ ਜਮਦੇ ਤੇ ਪਿਘਲਦੇ ਰਹੇ
ਬੱਚਿਓ! ਤੁਹਾਡੀਆਂ ਮਸੂਮ ਕਬਰਾਂ
ਕਦੇ ਨਾ ਕਦੇ ਜ਼ਰੂਰ ਜਾਗਦੀਆਂ ਨੇ
ਤੁਸੀਂ ਜਿੱਥੇ ਵੀ ਦਫ਼ਨ ਹੋ ਤੁਸੀਂ ਜਾਗੋਗੇ
ਤੁਸੀਂ ਚਿੱਟੀ ਬਰਫ਼ ਉੱਤੇ
ਸਾਡੇ ਕਾਲ਼ੇ ਕਾਰਨਾਮਿਆਂ ਨੂੰ ਲਿਖੋਗੇ
ਚਿੱਟੀ ਬਰਫ਼ ਪਿਘਲੇਗੀ
ਤੇ ਫਿਰ ਅੱਖਾਂ ਚੋਂ ਹੰਝੂ ਬਣ ਵਹਿ ਤੁਰੇਗੀ
ਰੋਂਦੀਆਂ ਕਬਰਾਂ ‘ਚ ਸੁੱਤੇ ਮਾਸੂਮ ਬੱਚਿਓ !
ਸਾਨੂੰ ਮੁਆਫ਼ ਕਰਨਾ
ਅਸੀਂ ਤੁਹਾਨੂੰ ਤੁਹਾਡੀਆਂ ਲੋਰੀਆਂ
ਤੁਹਾਡੀਆਂ ਮਾਵਾਂ ਨਹੀਂ ਦੇ ਸਕਦੇ
ਅਸੀਂ ਤੁਹਾਨੂੰ ਕਦੇ ਤੁਹਾਡੇ ਬਚਪਨ ਨਹੀਂ ਦੇ ਸਕਦੇ
ਤੁਹਾਡੇ ਲੋਕ ਗੀਤ ਨਹੀਂ ਦੇ ਸਕਦੇ
ਤੁਹਾਡੇ ਸਿਰਾਂ ਤੇ ਮੋਢਿਆਂ ਤੋਂ ਉਤਾਰੇ ਖੰਭ ਨਹੀਂ ਦੇ ਸਕਦੇ
ਤੁਹਾਡੇ ਬੁੱਲ੍ਹਾਂ ‘ਤੇ ਜੋ ਸ਼ਬਦ ਤੁਹਾਡੀਆਂ ਮਾਵਾਂ ਨੇ ਸਜਾਏ ਸਨ
ਉਹ ਸ਼ਬਦ ਅਸੀਂ ਨਹੀਂ ਪਰਤਾ ਸਕਦੇ
ਸਾਡੀ ਭਾਸ਼ਾ, ਸਾਡੇ ਸ਼ਬਦਾਂ ਤੋਂ ਬਚ ਜਾਣ ਵਾਲ਼ਿਓ !
ਤੇ ਕਬਰਾਂ ਵਾਲ਼ਿਓ !
ਉੱਠੋ ਤੇ ਇਨ੍ਹਾਂ ਸਕੂਲਾਂ ਦੀਆਂ ਢਹਿੰਦੀਆਂ ਇਮਾਰਤਾਂ
ਤੇ ਇਸ ਨਿਜਾਮ ਨੂੰ ਪੱਥਰ ਮਾਰੋ
ਸ਼ੈਤਾਨ ਰਹੇ ਨੇ ਇਹ ਸਭ
ਸਾਡੇ ਉੱਤੇ ਵੀ ਪੱਥਰ ਸੁੱਟੋ
ਮਾਤ ਬੋਲੀ ਤੋਂ ਵਿਰਵੀਆਂ ਕੀਤੀਆਂ
ਤੁਹਾਡੀਆਂ ਟੁੱਕੀਆਂ ਜੀਭਾਂ ‘ਤੇ
ਅਸੀਂ ਆਪਣੇ ਕਮੀਣੇ ਸ਼ਬਦ ਧਰਦੇ ਰਹੇ
ਆਪਣੇ ਭਾਰੇ ਧਰਮ
ਤੁਹਾਡੇ ਮਸੂਮ ਸਿਰਾਂ ਉੱਤੇ ਲੱਦਦੇ ਰਹੇ
ਤੁਹਾਡੀਆਂ ਕਬਰਾਂ ਦੀ ਮਿੱਟੀ ਨੇ
ਸਾਡੇ ਸਿਖਾਏ ਸਾਰੇ ਮੈਲ਼ੇ ਸ਼ਬਦ
ਤੇ ਸਾਰੀਆਂ ਪ੍ਰਾਰਥਨਾਵਾਂ ਖਾ ਲਈਆਂ ਨੇ
ਹੁਣ ਤੁਸੀਂ ਪੂਰੀ ਤਰ੍ਹਾਂ ਪਵਿੱਤਰ ਹੋ
ਤੁਸੀਂ ਮਿੱਟੀ ਜਿੰਨੇ ਪਵਿੱਤਰ ਹੋ ਬੱਚਿਓ
ਤੁਸੀਂ ਇਸ ਤਰ੍ਹਾਂ ਮਿੱਟੀ ਹੋ ਕੇ
ਆਪਣੇ ਵਤਨ ਨੂੰ ਮਿਲੇ ਰਹੇ ਹੋ
ਆਪਣੇ ਮਾਪਿਆਂ ਨੂੰ ਮਿਲ ਰਹੇ ਹੋ
ਤੁਹਾਨੂੰ ਫੁੱਲਾਂ ਜੇਹਿਆਂ ਨੂੰ ਮਸਲ ਕੇ
ਅਸੀਂ ਹੁਣ ਤੁਹਾਡੀਆਂ ਕਬਰਾਂ ‘ਤੇ ਫੁੱਲ ਧਰੇ ਨੇ ਬੱਚਿਓ !
ਨਿੱਕੇ ਨਿੱਕੇ ਬੂਟ ਧਰੇ ਨੇ
ਨਿੱਕੇ ਨਿੱਕੇ ਤੁਹਾਡੇ ਕੱਪੜੇ ਧਰੇ ਨੇ
ਤੁਸੀਂ ਕਿੰਨਾ ਚਿਰ ਬਸਤਰਹੀਣ ਹੀ ਰਹੇ
ਤੇ ਬਰਫ਼ਾਂ ਪੈਂਦੀਆਂ ਰਹੀਆਂ ਨੇ
ਮੀਂਹ ਵਰ੍ਹਦੇ ਰਹੇ
ਰੁੱਖਾਂ ਤੋਂ ਪੱਤੇ ਝੜਦੇ ਰਹੇ
ਕਿੰਨੇ ਮੌਸਮ ਬਦਲਦੇ ਰਹੇ
ਤੁਸੀਂ ਕਿੰਨੇ ਅਰਸੇ ਤੋਂ ਹਨੇਰੇ ਵਿੱਚ ਸੁੱਤੇ ਹੋ
ਅਸੀਂ ਹੁਣ ਤੁਹਾਡੇ ਲਈ ਮੋਮਬੱਤੀਆਂ ਬਾਲੀਆਂ ਨੇ
ਅਸੀਂ ਕਿਸ ਤਰ੍ਹਾਂ ਤੁਹਾਡੇ ਤੋਂ ਮੁਆਫ਼ੀ ਮੰਗੀਏ ?
ਬੱਚਿਓ ! ਅਸੀਂ ਤਾਂ ਹੋਰ ਨਿੱਘਰ ਗਏ ਹਾਂ
ਜੰਗਲਾਂ ਦੇ ਜੰਗਲ ਪੁੱਟਦੇ ਜਾ ਰਹੇ ਹਾਂ
ਧਰਤੀ ਮਾਂ ਨੂੰ ਨਗਨ ਕਰ ਰਹੇ ਹਾਂ
ਅਸੀਂ ਬਹੁਤ ਗੋਲ਼ੀਆਂ ਬਣਾ ਰਹੇ ਹਾਂ
ਬਹੁਤ ਟੈਂਕ ਬਣਾ ਰਹੇ ਹਾਂ
ਮਾਰੂ ਬੰਬ ਬਣਾ ਰਹੇ ਹਾਂ
ਇਹ ਅਸੀਂ ਆਪਣੇ ਬੱਚਿਆਂ ਨੂੰ
ਮਾਰਨ ਲਈ ਹੀ ਤਾਂ ਬਣਾ ਰਹੇ ਹਾਂ
ਇਨ੍ਹਾਂ ਹਥਿਆਰਾਂ ਨਾਲ ਮਾਰੇ ਗਏ ਸਾਡੇ ਬੱਚਿਆਂ ਨੂੰ
ਕਬਰਾਂ ਦੀ ਲੋੜ ਵੀ ਨਹੀਂ ਪਵੇਗੀ
ਬੰਬਾਂ ਦੀ ਤਪਸ਼ ਨਾਲ਼ ਚਟਾਨ ਹੋਈ ਧਰਤ
ਸਾਡੇ ਬੱਚਿਆਂ ਦੀਆਂ ਕਬਰਾਂ ਦੇ ਪੱਥਰ ਬਣੇਗੀ
ਤੇ ਸਾਡੇ ‘ਚੋਂ ਵੀ ਕੋਈ ਨਹੀਂ ਬਚੇਗਾ
ਜੋ ਦੱਸ ਸਕੇਗਾ ਕਿ ਇਹਨਾਂ ਬੱਚਿਆਂ ਦੇ ਨਾਲ਼
ਕੀ ਕੀ ਦਫ਼ਨ ਹੋ ਗਿਆ ਹੈ
ਅਮਰਜੀਤ ਸਿੰਘ ਅਮਨੀਤ
+918872266066
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly