(ਸਮਾਜ ਵੀਕਲੀ)
ਢੇਰੂ ਮੇਰਾ ਨਾਨਾ ਸੀ ਜੋ
ਸਿਰ ਤੇ ਪੰਡ ਤੇ ਹੱਥ ਪਰੈਣੀ
ਤੁਰਦਾ ਆਉਂਦਾ ਬਲ਼ਦਾਂ ਪਿੱਛੇ
ਕਦੇ ਕਦੇ ਗੁਰੂ ਨਾਨਕ ਲਗਦਾ।
ਢੇਰੂ ਦਾ ਦਿਲ ਢੇਰ ਬੜਾ ਸੀ
ਅੜੀਆਂ ਥੁੜੀਆਂ ਵੀ ਉਸ ਕੱਟ ਕੇ
ਅਗਲੀ ਪੀੜ੍ਹੀ ਪੜ੍ਹਨੇ ਪਾਈ
ਕਦੇ ਕਦੇ ਉਹ ਹੁੰਦਾ ਕਹਿੰਦਾ
ਰਹਿਣੀ ਮੇਰੀ ਇਹੋ ਕਮਾਈ।
ਨਾਨੀ ਮੇਰੀ ਬੜੀ ਸੁਨੱਖੀ
ਨਾਮ ਪਤਾ ਨਹੀਂ ਕਿਉਂ ਸੀ ਅੱਕੀ?
ਰਸਨਾ ਉੱਤੇ ਰੱਬ ਵਸਦਾ ਸੀ
ਕਦੇ ਨਾ ਤੱਕੀ ਥੱਕੀ ਥੱਕੀ
ਨਾਮ ਪਤਾ ਨਹੀਂ ਕਿਉਂ ਸੀ ਅੱਕੀ ?
ਹਲ਼ ਛੱਡਕੇ ਜਦ ਘਰ ਨੂੰ ਆਉਂਦਾ
ਨਾਨਾ ਮੇਰਾ ਬੜਾ ਸੁਖਾਉਂਦਾ
ਰੱਬ ਦਾ ਨਾਮ ਹੀ ਜਪਦਾ ਰਹਿੰਦਾ
ਧੌਲ ਧਰਮ ਜਿਵੇਂ ਪਿਆ ਨਿਭਾਉਂਦਾ।
ਤਿੰਨ ਭਾਈਆਂ ਦੀ ਭੈਣ ਮਾਂ ਕੱਲੀ
ਇਸੇ ਖੁਮਾਰੀ ਰਹਿੰਦੀ ਟੱਲੀ
ਕਹਿੰਦੀ ਜੇ ਮੈਂ ਪੜ੍ਹ ਲਿਖ ਜਾਂਦੀ
ਮੈਂ ਤਾਂ ਹੁਣ ਨੂੰ ਜੱਜ ਹੋਣਾ ਸੀ।
ਸ਼ਾਇਦ ਉਸਦਾ ਸੁਪਨਾ ਪੂਰਾ
ਉਸ ਤੋਂ ਬਾਅਦ ਹੀ ਸੱਚ ਹੋਣਾ ਸੀ।
ਦੇਖ ਜੇ ਲੈਂਦੀ ਪੋਤੀ ਨੂੰ ਜੱਜ
ਉਸਦਾ ਸ਼ਾਇਦ ਹੱਜ ਹੋਣਾ ਸੀ।
ਮਾਮੇ ਦਾ ਪੁੱਤ ਹੋਇਆ ਪਾੜਾ
ਲੱਖਾਂ ਵਿੱਚੋਂ ਇੱਕ ਚੰਗਿਆੜਾ
ਮਾਮੇ ਦੀ ਧੀ ਹੋਈ ਪੜਾਕੂ
ਸੌ ਯੁਧਾਂ ਦੀ ਇੱਕ ਲੜਾਕੂ।
ਢੇਰ ਕਦੇ ਵੀ ਉੱਕ ਨਹੀਂ ਸਕਦੇ
ਦੁਨੀਆਂ ਅੱਗੇ ਝੁਕ ਨਹੀਂ ਸਕਦੇ।
ਨਾਨਾ ਤੇ ਨਾਨੀ ਦੀ ਅਰਥੀ
ਕੰਨਿਆ ਉੱਤੇ ਚੁੱਕਣ ਦਾ ਸੁੱਖ
ਦੱਸ ਨਹੀਂ ਸਕਦਾ ਕੀ ਹੁੰਦਾ ਹੈ?
ਦਸਮ ਦੁਆਰ ਤੋਂ ਪਰਲੇ ਪਾਸੇ
ਦੱਸ ਨਹੀਂ ਹੁੰਦਾ ਜੋ ਹੁੰਦਾ ਹੈ ?
ਗੁਰਮਾਨ ਸੈਣੀ
ਰਾਬਤਾ : 9256346906
: 8360487488
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly