(ਸਮਾਜ ਵੀਕਲੀ)
ਮੰਮੀ ਨਾਲ ਜਦੋਂ ਅਸੀਂ ਨਾਨੀ ਘਰ ਜਾਵਾਂਗੇ
ਨਾਨੀ ਘਰ ਜਾਕੇ ਅਸੀਂ ਖੂਬ ਚੀਜੀ ਖਾਵਾਂਗੇ
ਗੋਦੀ ਚ ਬਿਠਾਕੇ ਨਾਨੀ ਕਰੂਗੀ ਪਿਆਰ ਬਈ
ਦੇਊਗੀ ਅਸੀਸਾਂ ਮੁੱਖ ਚੁੰਮੂ ਵਾਰ ਵਾਰ ਬਈ
ਨਾਨਾ ਜੀ ਦੇ ਮੋਢੇ ਉੱਤੇ ਬੈਠ ਗੇੜਾ ਲਾਵਾਂਗੇ
ਮੰਮੀ ਨਾਲ ਜਦੋਂ ਅਸੀਂ ਨਾਨੀ ਘਰ ਜਾਵਾਂਗੇ
ਮਾਮਾ ਘੁੱਟ ਜੱਫੀ ਪਾਊ ਮਾਮੀ ਦੇਊਗੀ ਖਿਡੌਣੇ
ਖੁਸ਼ੀਆਂ ਦੇ ਦਿਨ ਨਹੀਓਂ ਮੁੜ ਮੁੜ ਆਉਣੇ
ਨਿੱਕੇ ਭੈਂਣ ਭਾਈਆਂ ਨਾਲ ਚਿੱਤ ਪਰਚਾਵਾਂਗੇ
ਮੰਮੀ ਨਾਲ ਜਦੋਂ ਅਸੀਂ ਨਾਨੀ ਘਰ ਜਾਵਾਂਗੇ
ਪੀਪਾ ਬਿਸਕੁਟਾਂ ਵਾਲਾ ਆਊ ਅੱਡੇ ਉੱਤੇ ਛੱਡਕੇ
ਤਹਿ ਕੀਤਾ ਨੋਟ ਦੇਊ ਚੁੰਨੀ ਵਿੱਚੋਂ ਕੱਢਕੇ
ਲੈਕੇ ਸਿੱਲੇ ਜਿਹੇ ਨੈਂਣ ਫੇਰ ਬੱਸ ਚੜ੍ਹ ਜਾਵਾਂਗੇ
ਮੰਮੀ ਨਾਲ ਜਦੋਂ ਅਸੀਂ ਨਾਨੀ ਘਰ ਜਾਵਾਂਗੇ
ਬੇ ਫ਼ਿਕਰਾ ਜਿਹਾ ਬਚਪਨ ਹੁੰਦਾ ਅਨਮੋਲ ਜੀ
ਦਿਲ ਜਿੱਤ ਲੈਂਦੇ ਮਿੱਠੇ ਤੋਤਲੇ ਨੇ ਬੋਲ ਜੀ
ਯਾਦਾਂ ਖੱਟੀਆਂ ਤੇ ਮਿੱਠੀਆਂ ਦੀਪ ਨੂੰ ਸੁਣਾਵਾਂਗੇ
ਮੰਮੀ ਨਾਲ ਜਦੋਂ ਅਸੀਂ ਨਾਨੀ ਘਰ ਜਾਵਾਂਗੇ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly