HOME ਗ੍ਰਾਮ ਪੰਚਾਇਤ ਸੀਚੇਵਾਲ ਨੂੰ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਅਵਾਰਡ-2026 ਨਾਲ...

ਗ੍ਰਾਮ ਪੰਚਾਇਤ ਸੀਚੇਵਾਲ ਨੂੰ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਅਵਾਰਡ-2026 ਨਾਲ ਕੀਤਾ ਗਿਆ ਸਨਮਾਨਿਤ

ਫੋਟੋ: ਸੀਚੇਵਾਲ ਦੀ ਗ੍ਰਾਮ ਪੰਚਾਇਤ ਨੂੰ ਸਨਮਾਨ ਭੇਟ ਕਰਦੇ ਹੋਏ ਸੰਤ ਬਲਬੀਰ ਸਿੰਘ ਸੀਚੇਵਾਲ ਕਮਲ ਕਿਸ਼ੋਰ ਯਾਦਵ ਆਈ ਏਐਸ, ਆਕਾਸ਼ ਬਾਸਲ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਹੋਰ ਉੱਚ ਅਧਿਕਾਰੀ।

ਸਨਮਾਨ ਚਿੰਨ, ਇੱਕ ਪੌਦਾ ਅਤੇ 1 ਲੱਖ ਰੁਪਏ ਦਾ ਚੈੱਕ ਸਨਮਾਨ ਵਜੋਂ ਭੇਟ 

ਸੀਚੇਵਾਲ ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਗਰਾਮ ਪੰਚਾਇਤ ਸੀਚੇਵਾਲ ਦਾ ਪੰਜਾਬ ਸਰਕਾਰ ਵੱਲੋਂ ਅੱਜ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਅਵਾਰਡ 2026  ਨਾਲ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਵਿਸ਼ਵ ਵਾਤਾਵਰਨ ਦਿਵਸ ਮੌਕੇ ਸਾਇੰਸ, ਟੈਕਨੋਲੋਜੀ ਅਤੇ ਵਾਤਾਵਰਨ ਵਿਭਾਗ ਪੰਜਾਬ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਰਾਜ਼ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਵਾਤਾਵਰਨ ਸੁਰੱਖਿਆ ਅਤੇ ਸੰਭਾਲ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪ੍ਰਸਿੱਧ ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਸਮੇਤ ਕਈ ਉੱਚ ਅਧਿਕਾਰੀਆਂ ਅਤੇ ਵਾਤਾਵਰਨ ਖੇਤਰ ਨਾਲ ਜੁੜੀਆਂ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਗ੍ਰਾਮ ਪੰਚਾਇਤ ਸੀਚੇਵਾਲ ਨੂੰ ਪੰਜਾਬ ਵਿੱਚ ਵਾਤਾਵਰਨ ਸੁਰੱਖਿਆ, ਸਫਾਈ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਕੀਤੇ ਗਏ ਵਡਮੁੱਲੇ ਯੋਗਦਾਨ ਦੇ ਸਨਮਾਨ ਵਜੋਂ ਪੰਜਾਬ ਸਰਕਾਰ ਵੱਲੋਂ “ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਨ ਅਵਾਰਡ-2026” ਨਾਲ ਸਨਮਾਨਿਤ ਕੀਤਾ ਗਿਆ, ਜਿਸ ਦੇ ਤਹਿਤ ਪੰਚਾਇਤ ਨੂੰ ਇੱਕ ਸਨਮਾਨ ਚਿੰਨ ਇੱਕ ਪੌਦਾ ਅਤੇ ਇਕ ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ। ਇਹ ਅਵਾਰਡ ਪਿੰਡ ਵਾਸੀਆਂ ਵੱਲੋਂ ਵਾਤਾਵਰਨ ਸੰਭਾਲ ਲਈ ਕੀਤੀਆਂ ਜਾ ਰਹੀਆਂ ਲਗਾਤਾਰ ਕੋਸ਼ਿਸ਼ਾਂ ਅਤੇ ਸਮੂਹਿਕ ਯਤਨਾਂ ਦੀ ਪ੍ਰਮਾਣਿਕਤਾ ਹੈ। ਅਵਾਰਡ ਪ੍ਰਾਪਤ ਕਰਨ ਉਪਰੰਤ ਗ੍ਰਾਮ ਪੰਚਾਇਤ ਸੀਚੇਵਾਲ ਦੇ ਸਰਪੰਚ ਸ੍ਰੀ ਬੂਟਾ ਸਿੰਘ ਅਤੇ ਸੁਰਜੀਤ ਸਿੰਘ ਸੀਚੇਵਾਲ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਨੂੰ ਮਿਲਿਆ ਇਹ ਸਨਮਾਨ ਸਮੂਹ ਪਿੰਡ ਵਾਸੀਆਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਾਤਾਵਰਨ ਸੰਭਾਲ, ਸਫਾਈ ਅਤੇ ਪਾਣੀ ਦੇ ਸਰੋਤਾਂ ਦੀ ਰੱਖਿਆ ਲਈ ਚਲਾਈ ਗਈ ਮੁਹਿੰਮ ਨੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਹੈ, ਜਿਸ ਦੇ ਨਤੀਜੇ ਵਜੋਂ ਸੀਚੇਵਾਲ ਅੱਜ ਵਾਤਾਵਰਨ ਸੰਭਾਲ ਦੇ ਖੇਤਰ ਵਿੱਚ ਇੱਕ ਮਿਸਾਲ ਬਣ ਚੁੱਕਾ ਹੈ। ਸਮਾਗਮ ਦੇ ਅੰਤ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਸਾਇੰਸ, ਟੈਕਨੋਲੋਜੀ ਅਤੇ ਵਾਤਾਵਰਨ ਵਿਭਾਗ ਪੰਜਾਬ ਦੇ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ (ਆਈ.ਏ.ਐਸ.) ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਆਕਾਸ਼ ਬਾਂਸਲ ਵੱਲੋਂ ਸਮੂਹਿਕ ਤੌਰ ’ਤੇ ਗ੍ਰਾਮ ਪੰਚਾਇਤ ਸੀਚੇਵਾਲ ਨੂੰ ਇਹ ਵੱਕਾਰੀ ਅਵਾਰਡ ਪ੍ਰਦਾਨ ਕੀਤਾ ਗਿਆ। ਇਸ ਸਨਮਾਨ ਨਾਲ ਪਿੰਡ ਸੀਚੇਵਾਲ ਅਤੇ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਵਾਤਾਵਰਨ ਪ੍ਰੇਮੀਆਂ ਦਾ ਮੰਨਣਾ ਹੈ ਕਿ ਇਹ ਅਵਾਰਡ ਹੋਰਨਾਂ ਪਿੰਡਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਵਾਤਾਵਰਨ ਸੁਰੱਖਿਆ ਅਤੇ ਸਾਫ਼-ਸੁਥਰੇ ਪੰਜਾਬ ਦੀ ਸਿਰਜਣਾ ਲਈ ਪ੍ਰੇਰਿਤ ਕਰੇਗਾ। ਇਸ ਮੌਕੇ ਬਾਬਾ ਸੁਰਜੀਤ ਸਿੰਘ ਸ਼ੰਟੀ, ਸਰਪੰਚ ਬੂਟਾ ਸਿੰਘ, ਸੁਲੱਖਣ ਸਿੰਘ, ਗੁਰਮੇਲ ਸਿੰਘ ਅਤੇ ਰਾਮ ਆਸਰਾ ਤੋਂ ਇਲਾਵਾ ਸਮੂਹ ਪੰਚਾਇਤ ਮੈਂਬਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article23 ਸਾਲ ਪੁਰਾਣੇ ਬਲਾਤਕਾਰ ਮਾਮਲੇ ਵਿਚ ਅਸਲ ਦੋਸ਼ੀ ਨੂੰ ਸਜ਼ਾ, ਬੇਕਸੂਰ ਵਿਅਕਤੀ ਨੇ ਕੱਟੇ ਸਨ 17 ਸਾਲ ਜੇਲ੍ਹ ਵਿਚ
Next article“ਆਪ” ਸਰਕਾਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਅੱਜ ਵਿਧਾਇਕਾ ਸੰਤੋਸ਼ ਕਟਾਰੀਆ ਦੇ ਘਰ ਦਾ ਹੋਵੇਗਾ ਘਿਰਾਓ: ਅਜੇ ਮੰਗੂਪੁਰ