(ਸਮਾਜ ਵੀਕਲੀ) – ਤਿੱਖੜ ਦੁਪਹਿਰੇ ਮੱਥੇ ਤੋਂ ਪਸੀਨਾ ਪੂੰਝਦਿਆਂ ਖੁਰਪਾ ਖਾਲ ਵਿਚ ਰੱਖ ਨਸੀਬ ਸਿੰਘ ਹੱਥੀਂ ਲਾਏ ਦਰੱਖਤ ਦੀ ਛਾਵੇਂ ਜਾ ਬੈਠਾ ਸੀ। ਉਸ ਨੇ ਬੜੇ ਧਿਆਨ ਨਾਲ ਅੰਬਾਂ ਦੇ ਗੁੱਛਿਆਂ ਨੂੰ ਲਟਕਦੇ ਦੇਖਿਆ, ਇਹ ਉਹੀ ਦਰਖਤ ਸੀ ਜਿਸ ਨੂੰ ਨਸੀਬ ਸਿੰਘ ਨੇ ਹੱਥੀਂ ਲਾਇਆ ਸੀ ਤੇ ਇਹ ਨਸੀਬ ਸਿੰਘ ਦੀ ਜਿੰਦਗੀ ਦੇ ਦੁਖਾਂ ਸੁਖਾਂ ਦਾ ਸਾਰਥੀ ਸੀ। ਬਾਬੇ ਚਾਹ ਪੀ ਲਾ, ਇਕ ਤੋਤਲੀ ਅਵਾਜ਼ ਨੇ ਨਸੀਬ ਸਿੰਘ ਦੀ ਸੁਰਤ ਨੂੰ ਭੰਗ ਕਰ ਦਿੱਤਾ। ਆ ਮੇਰਾ ਸ਼ੇਰ, ਨਸੀਬ ਸਿੰਘ ਆਪਣੇ ਪੋਤਰੇ ਨੂੰ ਗੋਦ ਵਿਚ ਬਿਠਾਉਂਦੇ ਬੋਲਿਆ, ਪੋਤਰੇ ਨੇ ਸਵਾਲ ਕੀਤਾ, ਬਾਬੇ , ਅੰਬ ਦੇ ਬੂਟੇ ਕਿਵੇਂ ਲਗਦੇ ਨੇ, ਉਵੇਂ ਜਿਵੇਂ ਤੂੰ ਬਾਬੇ ਦਾ ਵਿਆਜ ਹੈ, ਮੇਰਾ ਪੁੱਤ ਤੇਰਾ ਪਿਓ ਤੇ ਤੇਰੇ ਪਿਓ ਦਾ ਮੈਂ ਪਿਓ, ਪੋਤਰਾ ਖਿੜ ਖਿੜਾ ਕੇ ਹੱਸਿਆ ਆਪਾ ਸਾਰੇ ਇਕ ਦੂਜੇ ਦੇ ਪਿਓ , ਹਨਾਂ ਬਾਬੇ, ਪੋਤਰੇ ਨੇ ਦੂਜਾ ਸਵਾਲ ਕਰ ਦਿੱਤਾ ਸੀ ਬਾਬੇ , ਇਹ ਅੰਨਦਾਤਾ ਕੌਣ ਹੁੰਦਾ ਹੈ, ਸਾਡੀ ਸਕੂਲ ਵਾਲੀ ਮੈਡਮ ਆਖਦੀ ਸੀ, ਸਰਕਾਰ ਨੇ ਅੰਨਦਾਤਾ ਰੋਲ ਕੇ ਰੱਖ ਦਿੱਤਾ। ਨਸੀਬ ਸਿੰਘ ਆਪਣੇ ਨਸੀਬ ਨੂੰ ਕੋਸਦਾ ਹੋਇਆ ਬੋਲਿਆ, ਤੇਰੇ ਸਾਹਮਣੇ ਤਾਂ ਬੈਠਾ ਅੰਨਦਾਤਾ ਤੇਰੇ ਪਿਓ ਦਾ ਪਿਓ, ਤੂੰ ਵੱਡਾ ਹੋ ਜਾਂ ਤੈਨੂੰ ਆਪੇ ਪਤਾ ਲਗ ਜਾਣਾ ਅੰਨਦਾਤੇ ਦਾ, ਨਹੀਂ ਮੈਨੂੰ ਹੁਣੇ ਦੱਸੋ , ਪੋਤਰੇ ਦੀ ਜਿੱਦ ਸੀ। ਨਸੀਬ ਸਿੰਘ ਕਹਿਣ ਲੱਗਿਆ, ਅੱਛਾ ਲੈਣ ਸੁਣ ਕੌਣ ਹੁੰਦਾ ਹੈ ਅੰਨਦਾਤਾ, ਅੰਨਦਾਤਾ ਉਹ ਹੁੰਦਾ ਆ, ਜੋ ਮੁਲ ਦਾ ਬੀਜ ਲਿਆ ਕੇ ਜਦੋਂ ਖੇਤਾਂ ਵਿਚ ਖਿਲਾਰਦਾ ਆ ਤਾਂ ਪੁਤਰਾਂ ਉਸ ਵਿਚੋਂ ਪਰਿੰਦੇ ਚੁਗ ਜਾਂਦੇ ਹਨ। ਜਦੋਂ ਖੇਤਾਂ ਨੂੰ ਵਹਾਈ ਕਰਦਾ ਹੈ ਤਾਂ ਪਰਿੰਦੇ ਆਸ ਤੱਕ ਕੇ ਚੁਗਣ ਆ ਜਾਂਦੇ ਹਨ, ਜਦੋਂ ਫ਼ਸਲ ਪੱਕ ਜਾਦੀ ਹੈ ਤਾਂ ਪਰਿੰਦੇ ਆਸ ਤੱਕ ਕੇ ਪੱਕੀ ਫਸਲ ਵਿਚੋਂ ਹਿਸਾ ਵੰਡਾਉਣ ਆ ਜਾਂਦੇ ਹਨ। ਹੋਰ ਤਾਂ ਹੋਰ ਪੁਤਰਾਂ ਸਾਰੀ ਦੁਨੀਆਂ ਆਪੋ ਆਪਣਾ ਰੁਪਈਆ ਪੈਸਾ , ਖਜ਼ਾਨਾ, ਸਮਾਨ, ਸੰਭਾਲ ਕੇ ਅੰਦਰ ਰੱਖ ਕੇ ਕੁੰਢੀ ਜ਼ਿੰਦੀ ਮਾਰ ਕੇ ਸਾਉਂਦੇ ਨੇ, ਪਰ ਅੰਨਦਾਤਾ ਪੱਕੀ ਫਸਲ ਖੁਲੇ ਅਸਮਾਨ ਹੇਠ ਪਰਮਾਤਮਾ ਦੇ ਭਰੋਸੇ ਰੱਖ ਕੇ ਸਉਦਾ ਆ, ਅੰਨਦਾਤਾ ਦੀ ਫ਼ਸਲ ਅਵਾਰਾ ਪਸ਼ੂਆਂ ਵੱਲੋਂ ਵੀ ਖਾਂਦੀ ਜਾਂਦੀ ਹੈ। ਪੰਛੀਆਂ ਪਰਿੰਦਿਆਂ ਵੱਲੋਂ ਵੀ , ਜਦੋਂ ਅੰਨਦਾਤਾ ਫ਼ਸਲ ਲੈ ਕੇ ਮੰਡੀ ਪਹੁੰਚਦਾ ਹੈ ਤਾਂ ਉਸ ਦੀ ਫ਼ਸਲ ਦਾ ਮੁਲ ਉਹ ਖੁਦ ਨਹੀਂ ਲਾਉਂਦਾ ਸਰਕਾਰ ਲਾਉਂਦੀ ਹੈ। ਤੇ ਸਰਕਾਰ ਕਦੇ ਨਹੀਂ ਪੁੱਛਦੀ ਕਿ ਉਸ ਦਾ ਖਰਚ ਕਿੰਨਾ ਆਇਆ ਹੈ, ਉਸ ਨੂੰ ਕੀ ਬਚਿਆ ਹੈ, ਬਸ ਉਹ ਤਾਂ ਸਾਰੀ ਦੁਨੀਆਂ ਦਾ ਹਿਸਾਬ ਲਾਉਂਦੀ ਹੋਈ ਫ਼ਸਲ ਦਾ ਮੁਲ ਦੇ ਦਿੰਦੀ ਹੈ ਤਾਂ ਕਿ ਦੇਸ਼ ਦੇ ਲੋਕਾਂ ਮਹਿੰਗਾਈ ਤੋਂ ਬਚਾਇਆ ਜਾ ਸਕੇ, ਉਹ ਚਾਹੇ ਅੰਨਦਾਤੇ ਦਾ ਅਨਾਜ ਹੋਵੇ ਜਾਂ ਦੁੱਧ ਜਾਂ ਸਬਜ਼ੀ ਉਸ ਦਾ ਮੁਲ ਸਰਕਾਰਾਂ ਤੇ ਲੋਕਾਂ ਵੱਲੋਂ ਲਗਾਇਆ ਜਾਂਦਾ ਹੈ। ਪਰ ਫਿਰ ਵੀ ਇਹ ਉਫ਼ ਨਹੀਂ ਕਰਦਾ। ਪੁਤਰ ਜੀ ਹਰ ਇਨਸਾਨ ਦੁਕਾਨਦਾਰ, ਵਿਉਪਾਰੀ, ਡਾਕਟਰ ਤੇ ਦਿਹਾੜੀਦਾਰ ਤੱਕ ਆਪਣੇ ਕੰਮ ਜਾਂ ਸਮਾਨ ਦੀ ਕੀਮਤ ਖੁਦ ਮੰਗ ਕੇ ਲੈਂਦਾ ਹੈ, ਇਕ ਅੰਨਦਾਤਾ ਹੈ ਜ਼ੋ ਅਜਿਹਾ ਨਹੀਂ ਕਰਦਾ । ਬੇਟਾ ਜੀ ਅੱਜ ਦੇ ਸਮੇਂ ਇਕ ਕਿਲੇ ਦੀ ਕੀਮਤ 25 ਲੱਖ ਤੋਂ ਘੱਟ ਨਹੀਂ ਹੈ । ਇਕ ਕਿਲੇ ਦੀ ਫ਼ਸਲ ਦੀ ਆਮਦਨ ਸਿਰਫ਼ ਸਾਲ ਬਾਅਦ ਸੱਠ ਹਜ਼ਾਰ ਵੀ ਨਹੀਂ ਆਉਂਦੀ ਪਰ ਪੁਤਰ ਜੀ ਜੇਕਰ ਕਿਸੇ ਵੱਲੋਂ ਇਸ ਪੱਚੀ ਲੱਖ ਦੀ ਐਂਫ ਡੀ ਬੈਂਕ ਵਿਚ ਕਰਵਾਈ ਹੋਵੇ ਤਾਂ ਘਰੇ ਬੈਠਿਆਂ ਨੂੰ 20 ਹਜ਼ਾਰ ਹਰ ਮਹੀਨੇ ਮਿਲਦਾ ਹੈ ਸਾਲ ਦਾ 2 ਲੱਖ 40 ਹਜ਼ਾਰ ਬਣਦਾ ਹੈ। ਇਕ ਅੰਨਦਾਤਾ ਦੀ ਕਮਾਈ ਐਫ਼ ਡੀ ਦੇ ਵਿਆਜ ਤੋਂ ਵੀ ਘੱਟ ਹੈ। ਪੁਤਰ ਜੀ ਇਕ ਦਿਹਾੜੀ ਦਾਰ ਚਾਰ ਸੋ ਰੁਪਏ ਕਮਾਉਂਦਾ ਹੈ ਮਹੀਨੇ ਦਾ 12 ਹਜ਼ਾਰ ਤੇ ਸਾਲ ਦਾ ਇਕ ਲੱਖ ਚਤਾਲੀ ਹਜ਼ਾਰ ਕਿਸਾਨ ਦੀ ਇਕ ਕਿਲੇ ਦੀ ਆਮਦਨ ਚਾਰ ਸੋ ਰੁਪਏ ਦਿਹਾੜੀ ਨਾਲੋਂ ਵੀ ਘੱਟ ਹੈ। ਬੇਟਾ ਜੀ ਕਿਸਾਨ ਭੁਖਾ ਤਾਂ ਰਹਿ ਸਕਦਾ ਹੈ ਪਰ ਕਿਸੇ ਦਿਹਾੜੀ ਦਾਰ ਦੀ ਦਿਹਾੜੀ ਉਸ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿੰਦਾ ਹੈ ਤਾਂ ਕਿਉਂਕਿ ਉਸ ਨੂੰ ਅਗੇ ਤੋਂ ਵੀ ਉਸ ਦੀ ਲੋੜ ਹੁੰਦੀ ਹੈ। ਕਈ ਵਾਰ ਤਾਂ ਪੱਕੀ ਫਸਲ ਗੜਾ ਮਾਰੀ , ਭਾਰੀ ਬਾਰਸ਼ ਕਾਰਨ ਫ਼ਸਲ ਖਰਾਬ ਵੀ ਹੋ ਜਾਂਦੀ ਹੈ ਤੇ ਇਸ ਦਾ ਮੁਆਵਜ਼ਾ ਸਰਕਾਰ ਵੱਲੋਂ ਫ਼ਸਲ ਦੇ ਹੋਏ ਨੁਕਸਾਨ ਬਰਾਬਰ ਨਾ ਮਾਤਰ ਹੀ ਦਿੱਤਾ ਜਾਂਦਾ ਹੈ। ਇਨ੍ਹਾਂ ਆਖ ਨਸੀਬ ਸਿੰਘ ਚੁੱਪ ਕਰ ਗਿਆ ਸੀ। ਧਿਆਨ ਨਾਲ ਗੱਲ ਸੁਣਦਾ ਪੋਤਰਾ ਅਚਾਨਕ ਬੋਲਿਆ ਬਾਬੇ ਏਨੀਆਂ ਤੰਗੀਆਂ ਤਾਂ ਕੋਈ ਅੰਨਦਾਤਾ ਹੀ ਝੱਲ ਸਕਦਾ ਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly