ਇਸਲਾਮਾਬਾਦ (ਸਮਾਜ ਵੀਕਲੀ): ਸਿਆਸੀ ਸੰਕਟ ਵਿਚ ਘਿਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਕਿਹਾ ਕਿ ਭਾਵੇਂ ਉਨ੍ਹਾਂ ਦੀ ਸਰਕਾਰ ਜਾਵੇ ਜਾਂ ਜਾਨ, ‘ਭ੍ਰਿਸ਼ਟ’ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਉਹ ਕਦੇ ਮੁਆਫ਼ ਨਹੀਂ ਕਰਨਗੇ। ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਹੋਣ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਦਾਅਵਾ ਕੀਤਾ ਵਿਦੇਸ਼ੀ ਤਾਕਤਾਂ ਉਨ੍ਹਾਂ ਦੀ ਗੱਠਜੋੜ ਸਰਕਾਰ ਨੂੰ ਡੇਗਣ ਦੀ ਸਾਜ਼ਿਸ਼ ਵਿਚ ਸ਼ਾਮਲ ਹਨ। ਖਾਨ ਨੇ ਕਿਹਾ ਕਿ ਵਿਦੇਸ਼ੀ ਤੱਤ ਸਥਾਨਕ ਆਗੂਆਂ ਨੂੰ ਪਾਕਿਸਤਾਨ ਦੀ ਵਿਦੇਸ਼ੀ ਨੀਤੀ ਨੂੰ ਪ੍ਰਭਾਵਿਤ ਕਰਨ ਲਈ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਉਨ੍ਹਾਂ ਕੋਲ ਸਬੂਤ ਵੀ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਵਿਰੋਧੀ ਧਿਰ ਨੇ 8 ਮਾਰਚ ਨੂੰ ਇਮਰਾਨ ਸਰਕਾਰ ਵਿਰੁੱਧ ਅਸੈਂਬਲੀ ਵਿਚ ਬੇਭਰੋਸਗੀ ਮਤਾ ਦਾਖਲ ਕੀਤਾ ਸੀ। ਸਪੀਕਰ ਨੇ ਸ਼ੁੱਕਰਵਾਰ ਸੰਸਦ ਦਾ ਸੈਸ਼ਨ ਤੇ ਮਤੇ ਉਤੇ ਵਿਚਾਰ ਮੁਲਤਵੀ ਕਰ ਦਿੱਤਾ ਸੀ। ਇਮਰਾਨ ਨੇ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਪੈਸੇ ਦੇ ਕੇ ਖ਼ਰੀਦਿਆ ਜਾ ਰਿਹਾ ਹੈ। ਇਸਲਾਮਾਬਾਦ ਦੀ ਪਰੇਡ ਗਰਾਊਂਡ ਵਿਚ ਆਪਣੀ ਪਾਰਟੀ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਇਮਰਾਨ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਇਹ ‘ਲੁਟੇਰੇ’ ਪਿਛਲੇ 30 ਸਾਲਾਂ ਤੋਂ ਕੌਮੀ ਸੁਲ੍ਹਾ ਆਰਡੀਨੈਂਸ (ਐਨਆਰਓ) ਦੀ ਵਰਤੋਂ ਕਰ ਕੇ ਇਕ-ਦੂਜੇ ਨੂੰ ਬਚਾਅ ਰਹੇ ਹਨ।
ਉਨ੍ਹਾਂ ਕਿਹਾ, ‘ਇਹ ਤਿੰਨ ਵੱਡੇ ਚੂਹੇ (ਵਿਰੋਧੀ ਧਿਰ ਦੇ ਆਗੂ) ਮੁਲਕ ਨੂੰ ਤਿੰਨ ਦਹਾਕਿਆਂ ਤੋਂ ਲੁੱਟ ਰਹੇ ਹਨ ਅਤੇ ਇਹ ਤਿੰਨੋਂ ਪਹਿਲੇ ਦਿਨ ਤੋਂ ਹੀ ਮੇਰੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’ ਇਮਰਾਨ ਖ਼ਾਨ ਨੇ ਕਿਹਾ ਕਿ ਇਹ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ੱਰਫ਼ ਦੀ ਹੀ ਇਹ ਮਿਹਰਬਾਨੀ ਹੈ ਕਿ, ‘ਇਹ ਭ੍ਰਿਸ਼ਟ ਨੇਤਾ ਗਲਤ ਕੰਮ ਕਰ ਕੇ ਵੀ ਐਨਆਰਓ ਰਾਹੀਂ ਬਚ ਨਿਕਲਦੇ ਹਨ।’ ਇਮਰਾਨ ਨੇ ਕਿਹਾ ਕਿ ਮੁਸ਼ੱਰਫ਼ ਨੇ ਇਨ੍ਹਾਂ ਭ੍ਰਿਸ਼ਟ ਆਗੂਆਂ ਨੂੰ ਐਨਆਰਓ ਦੇ ਕੇ ਦੇਸ਼ ਨੂੰ ਸੰਕਟ ਵੱਲ ਧੱਕਿਆ। ਉਨ੍ਹਾਂ ਕਿਹਾ, ‘ਸਰਕਾਰ ਜਾਵੇ ਜਾਂ ਜਾਨ ਜਾਵੇ, ਮੈਂ ਇਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਾਂਗਾ।’
ਇਸੇ ਦੌਰਾਨ ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਪ੍ਰਧਾਨ ਮੰਤਰੀ ਇਮਰਾਨ ’ਤੇ ਤਿੱਖਾ ਵਿਅੰਗ ਕਸਦਿਆਂ ਕਿਹਾ ਉਹ ਦੂਜੇ ਸਿਆਸੀ ਆਗੂਆਂ ਨੂੰ ‘ਬੂਟ ਪਾਲਿਸ਼ ਕਰਨ ਵਾਲਾ ਦੱਸਦੇ ਹਨ’, ਪਰ ਖ਼ੁਦ ਉਹ ਹੁਣ ਬੂਟ ਚੱਟ ਰਹੇ ਹਨ। ਬਿਲਾਵਲ ਨੇ ਕਿਹਾ ਕਿ ਇਮਰਾਨ ਪਹਿਲਾਂ ਜਨਰਲ ਹਮੀਦ ਗੁਲ਼ ਤੇ ਮਗਰੋਂ ਜਨਰਲ ਪਾਸ਼ਾ ਦੇ ਮਗਰ-ਮਗਰ ਫਿਰਦੇ ਰਹੇ। ਪੀਪੀਪੀ ਚੇਅਰਮੈਨ ਨੇ ਕਿਹਾ ਕਿ, ‘ਕਪਤਾਨ ਇਮਰਾਨ ਜੋਕਰ ਬਣ ਗਿਆ ਹੈ, ਉਸ ਨੇ ਸਿਆਸਤ ਨੂੰ ਗੰਧਲਾ ਕਰ ਦਿੱਤਾ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly