ਸਰਕਾਰ ਸੰਸਦ ’ਚ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ: ਮੋਦੀ

Prime Minister Narendra Modi

ਨਵੀਂ ਦਿੱਲੀ, (ਸਮਾਜ ਵੀਕਲੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਦੇਸ਼ ਹਿੱਤ ’ਚ ਚਰਚਾ ਹੋਵੇ ਅਤੇ ਦੇਸ਼ ਦੀ ਤਰੱਕੀ ਦੇ ਰਾਹ ਲੱਭੇ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ ਪਰ ਸ਼ਰਤ ਇਹ ਹੈ ਕਿ ਸਦਨ ’ਚ ਸ਼ਾਂਤੀ ਬਣਾ ਕੇ ਰੱਖੀ ਜਾਵੇ ਅਤੇ ਸਦਨ ਤੇ ਆਸਣ ਦੀ ਮਰਿਆਦਾ ਮੁਤਾਬਕ ਵਿਵਹਾਰ ਕੀਤਾ ਜਾਵੇ। ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭਵਨ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਸੰਸਦ ’ਚ ਸਵਾਲ ਵੀ ਹੋਣ ਅਤੇ ਸੰਸਦ ’ਚ ਸ਼ਾਂਤੀ ਵੀ ਹੋਵੇ। ਅਸੀਂ ਚਾਹੁੰਦੇ ਹਾਂ ਕਿ ਸੰਸਦ ’ਚ ਸਰਕਾਰ ਖ਼ਿਲਾਫ਼, ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜਿੰਨੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ, ਉਹ ਹੋਵੇ ਪਰ ਸੰਸਦ, ਸਪੀਕਰ ਅਤੇ ਆਸਣ ਦੀ ਮਰਿਆਦਾ ’ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਹੈ।’’

ਉਨ੍ਹਾਂ ਕਿਹਾ ਕਿ ਭਵਿੱਖ ’ਚ ਸੰਸਦ ਦੀ ਕਾਰਵਾਈ ਦਾ ਮੁਲਾਂਕਣ ਹੋਵੇ ਤਾਂ ਉਸ ’ਚ ਕਿਸ ਨੇ ਵਧੀਆ ਯੋਗਦਾਨ ਦਿੱਤਾ, ਇਸ ਦਾ ਜ਼ਿਕਰ ਹੋਵੇ ਨਾ ਕਿ ਉਸ ਮਾਪਦੰਡ ’ਤੇ ਪਰਖਿਆ ਜਾਵੇ ਕਿ ਕਿਸ ਨੇ ਕਿੰਨਾ ਜ਼ੋਰ ਲਗਾ ਕੇ ਸੰਸਦ ਦੇ ਇਜਲਾਸ ’ਚ ਅੜਿੱਕਾ ਡਾਹਿਆ। ਉਨ੍ਹਾਂ ਕਿਹਾ ਕਿ ਇਹ ਦੇਖਿਆ ਜਾਣਾ ਚਾਹੀਦਾ ਹੈ ਕਿ ਸੰਸਦ ’ਚ ਕਿੰਨੇ ਘੰਟੇ ਉਸਾਰੂ ਕੰਮ ਹੋਇਆ। ਸ੍ਰੀ ਮੋਦੀ ਨੇ ਕਿਹਾ ਕਿ ਆਜ਼ਾਦੀ ਸੰਗਰਾਮੀਆਂ ਨੇ ਜਿਹੜੇ ਸੁਫਨੇ ਦੇਖੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਹਰੇਕ ਨਾਗਰਿਕ ਆਪਣਾ ਯੋਗਦਾਨ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਦੇਸ਼ ’ਚ ਕਰੋਨਾ ਦੇ ਨਵੇਂ ਸਰੂਪ ਓਮੀਕਰੋਨ ਦੇ ਖ਼ਤਰੇ ਤੋਂ ਵੀ ਸਾਰਿਆਂ ਨੂੰ ਚੌਕਸ ਰਹਿਣ ਲਈ ਕਿਹਾ। ਉਨ੍ਹਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਮਾਰਚ 2022 ਤੱਕ ਵਧਾਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਸੰਕਟ ਕਾਲ ’ਚ ਗਰੀਬਾਂ ਦਾ ਚੁੱਲ੍ਹਾ ਬਲਦਾ ਰਹੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਤੇ ਢੀਂਡਸਾ ਧੜੇ ਨਾਲ ਮਿਲ ਕੇ ਪੰਜਾਬ ’ਚ ਸਰਕਾਰ ਬਣਾਵਾਂਗੇ: ਕੈਪਟਨ
Next articleਚਰਚਾ ਤੋਂ ਭੱਜਦੀ ਹੈ ਕੇਂਦਰ ਸਰਕਾਰ: ਰਾਹੁਲ ਗਾਂਧੀ