ਖੇਤੀ ਕਾਨੂੰਨ ਮੁੜ ਲਾਗੂ ਕਰਨ ਲਈ ਸਾਜ਼ਿਸ਼ਾਂ ਘੜਨ ਲੱਗੀ ਸਰਕਾਰ: ਡੱਲੇਵਾਲ

ਬਠਿੰਡਾ (ਸਮਾਜ ਵੀਕਲੀ):  ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਸਰਕਾਰਾਂ ’ਤੇ ਸਾਜ਼ਿਸ਼ ਅਧੀਨ ਖੇਤੀ ਕਾਨੂੰਨਾਂ ਨੂੰ ਮੁੜ ਲਾਗੂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿੱਚ 15 ਅਪਰੈਲ ਤੱਕ ਕਣਕ ਦੀ ਖ਼ਰੀਦ ਸ਼ੁਰੂ ਨਾ ਕੀਤੀ ਗਈ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸਾਜ਼ਿਸ਼ ਤਹਿਤ ਰੱਦ ਕੀਤੇ ਖੇਤੀ ਕਾਨੂੰਨ ਮੁੜ ਲਾਗੂ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਸ ਤਹਿਤ ਐੱਫਸੀਆਈ ਵੱਲੋਂ ਕਣਕ ਦੀ ਖ਼ਰੀਦ ਲਈ ਤੈਅ ਕੀਤੇ ਗਏ ਮਾਪਦੰਡਾਂ ਨੂੰ ਸਖ਼ਤ ਕਰਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਆਪਣੀ ਫ਼ਸਲ ਅਡਾਨੀ ਦੇ ਸਾਇਲੋ ਸਟੋਰ ਵਿੱਚ ਵੇਚਣ ਲਈ ਮਜਬੂਰ ਹੋ ਸਕਣ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਨਾਲ ਹੀ ਮੋਗਾ ਦੇ ਸਾਇਲੋ ਸਟੋਰ ਨੂੰ ਮੰਡੀ ਵਜੋਂ ਨੋਟੀਫਾਈਡ ਕੀਤਾ ਗਿਆ ਹੈ, ਜਿਸ ਦਾ ਮੂੰਹ ਤੋੜ ਜਵਾਬ ਦੇਣ ਲਈ ਲੋਕਾਂ ਦਾ ਜਥੇਬੰਦ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਲੋਕ ਸੰਘਰਸ਼ਾਂ ਨਾਲ ਹੀ ਹੱਕਾਂ ਦੀ ਰਾਖੀ ਕੀਤੀ ਜਾ ਸਕਦੀ ਹੈ। ਆਗੂਆਂ ਨੇ ਕਿਹਾ ਕਿ ਕਿਹਾ ਕਿ ਮੋਦੀ ਸਰਕਾਰ ਬਹੁਤ ਵੱਡਾ ਭੁਲੇਖਾ ਪਾਲੀ ਬੈਠੀ ਹੈ ਕਿ ਪੰਜਾਬ ਦੀਆਂ ਕੁਝ ਜਥੇਬੰਦੀਆਂ ਦੇ ਚੋਣਾਂ ਵਾਲੇ ਪਾਸੇ ਚਲੇ ਜਾਣ ਕਾਰਨ ਅੰਦੋਲਨ ਮੱਧਮ ਪੈ ਗਿਆ ਹੈ, ਜਦ ਕਿ ਸੰਘਰਸ਼ ਲਈ ਡਟੀਆਂ ਕਿਸਾਨ ਜਥੇਬੰਦੀਆਂ ਨੂੰ ਅਜਿਹੀਆਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਕਣਕ ਦੀ ਖ਼ਰੀਦ ਲਈ ਸਰਕਾਰ ਨੂੰ ਭਲਕ ਤੱਕ ਦਾ ਨੋਟਿਸ ਦਿੱਤਾ ਗਿਆ ਹੈ, ਜਿਸ ਮਗਰੋਂ ਸੰਘਰਸ਼ ਵਿੱਢਿਆ ਜਾਵੇਗਾ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸ਼ਾ ਛੁਡਾਉਣ ਲਈ ਦਾਖ਼ਲ ਕਰਵਾਏ ਨੌਜਵਾਨ ਦੀ ਮੌਤ
Next articleਮੋਗਾ ਪੁਲੀਸ ਵੱਲੋਂ 10 ਕਿਲੋ ਅਫ਼ੀਮ ਸਣੇ ਦੋ ਮੁਲਜ਼ਮ ਕਾਬੂ