ਸਰਕਾਰ ਨੇ ਗਰੀਬਾਂ ਨੂੰ ਜ਼ਮੀਨਾਂ ਦੇ ਮਾਲਕਾਨਾ ਹੱਕ ਦੇ ਕੇ ਦੀਵਾਲੀ ਦਾ ਤੋਹਫਾ ਦਿੱਤਾ: ਨਾਗਰਾ

ਫ਼ਤਹਿਗੜ੍ਹ ਸਾਹਿਬ (ਸਮਾਜ ਵੀਕਲੀ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਬਿਜਲੀ ਦੇ ਰੇਟਾਂ ’ਚ 3 ਰੁਪਏ ਘਟਾ ਕੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬਾ ਬਣਾਇਆ ਹੈ ਉਥੇ ਹੀ ਸਲੱਮ ਬਸਤੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕਾਨਾ ਹੱਕ ਦੇ ਕੇ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ ਤਾਂ ਜੋ ਕੋਈ ਵੀ ਆਪਣੇ ਘਰ ਤੋਂ ਵਾਂਝਾ ਨਾ ਰਹੇ। ਇਹ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨਾਲ ਸਰਹਿੰਦ ਦੀ ਸਲੱਮ ਬਸਤੀ ਵਿੱਚ ਰਹਿੰਦੇ 117 ਪਰਿਵਾਰਾਂ ਨੂੰ ਮੁੱਖ ਮੰਤਰੀ ਬਸੇਰਾ ਯੋਜਨਾ ਅਧੀਨ ਮਾਲਕਾਨਾ ਹੱਕ ਦੇ ਸਰਟੀਫਿਕੇਟ ਵੰਡਣ ਮੌਕੇ ਕੀਤਾ।

ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦੀ ਜ਼ਿੰਦਗੀ ਦਾ ਇਹ ਸੁਪਨਾ ਹੁੰਦਾ ਹੈ ਕਿ ਉਸਦਾ ਆਪਣਾ ਘਰ ਹੋਵੇ ਤੇ ਮੁੱਖ ਮੰਤਰੀ ਬਸੇਰਾ ਸਕੀਮ ਨੇ ਪੰਜਾਬ ਦੇ ਲੱਖਾਂ ਅਜਿਹੇ ਪਰਿਵਾਰਾਂ ਦਾ ਸੁਪਨਾ ਪੂਰਾ ਕੀਤਾ ਹੈ ਜਿਨ੍ਹਾਂ ਦੇ ਆਪਣੇ ਘਰ ਨਹੀਂ ਸਨ। ਵਿਧਾਇਕ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣਦੇ ਹੀ ਗ਼ਰੀਬ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਨਾਲ-ਨਾਲ ਬਿਜਲੀ ਦੇ ਰੇਟਾਂ ’ਚ 3 ਰੁਪਏ ਤੱਕ ਦੀ ਕਟੌਤੀ ਕਰਕੇ ਦੀਵਾਲੀ ਤੋਂ ਪਹਿਲਾਂ ਤੋਹਫਾ ਦਿੱਤਾ ਗਿਆ ਹੈ ਜੋ ਹੋਰ ਕਿਸੇ ਵੀ ਸੂਬੇ ’ਚ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਸ਼ਗਨ ਸ਼ਕੀਮ, ਪੈਨਸ਼ਨ ਸਕੀਮਾਂ ਤੇ ਹੋਰ ਲਾਭਕਾਰੀ ਸਕੀਮਾਂ ਅਧੀਨ ਮਿਲਣ ਵਾਲੀ ਰਾਸ਼ੀ ਨੂੰ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕ 40-50 ਸਾਲ ਤੋਂ ਜਿਸ ਜ਼ਮੀਨ ’ਤੇ ਰਹਿ ਰਹੇ ਹਨ ਉਨ੍ਹਾਂ ਕੋਲ ਇਸ ਜ਼ਮੀਨ ਦੇ ਮਾਲਕਾਨਾਂ ਹੱਕ ਨਾ ਹੋਣ ਕਾਰਨ ਉਹ ਕਈ ਸਕੀਮਾਂ ਤੋਂ ਵਾਂਝੇ ਰਹਿ ਜਾਂਦੇ ਸਨ ਪਰ ਹੁਣ ਉਨ੍ਹਾਂ ਨੂੰ ਸਰਕਾਰ ਦੀਆਂ ਹੋਰ ਸਕੀਮਾਂ ਦਾ ਲਾਭ ਵੀ ਮਿਲ ਸਕੇਗਾ।

ਫੀਸੀ ਪੂਨਮਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਜ਼ਮੀਨ ਦੇ ਮਾਲਕਾਨਾਂ ਹੱਕ ਦੇ ਕੇ ਇਹ ਸਾਬਤ ਕੀਤਾ ਗਿਆ ਹੈ ਕਿ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਮਾਲਕਾਨਾਂ ਹੱਕ ਮਿਲਣ ਨਾਲ ਹੁਣ ਇਹ ਲੋਕ ਆਪਣੇ ਘਰਾਂ ਨੂੰ ਆਪਣੇ ਸੁਪਨਿਆਂ ਵਾਂਗ ਸਜਾ ਸਕਣਗੇ। ਇਸ ਮੌਕੇ ਵਿਧਾਇਕ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ, ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਐਸ.ਡੀ.ਐਮ ਫ਼ਤਹਿਗੜ੍ਹ ਸਾਹਿਬ ਹਿਮਾਂਸ਼ੂ ਸ਼ਰਮਾ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸਰਹਿੰਦ ਗੁਰਪਾਲ ਸਿੰਘ ਆਦਿ ਹਾਜ਼ਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleKarnataka govt issues notification on fuel price cut
Next articleਪਰਗਟ ਸਿੰਘ ਨੇ ਕੈਪਟਨ ਉੱਤੇ ਤਨਜ਼ ਕੱਸਿਆ