ਮਰੀਜ਼ਾਂ ਨੂੰ ਹਸਪਤਾਲਾਂ ਦੀਆਂ ਲੰਬੀਆਂ ਕਤਾਰਾਂ ਤੋਂ ਮਿਲੇਗਾ ਛੁਟਕਾਰਾ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸਿਹਤ ਵਿਭਾਗ, ਪੰਜਾਬ ਸਿਹਤ ਸੇਵਾਵਾਂ ਨੂੰ ਡਿਜੀਟਲ ਬਣਾਉਣ ਦੀ ਦਿਸ਼ਾ ਵਿਚ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਇਸੇ ਕੜੀ ਤਹਿਤ ਹੁਣ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ (ਆਭਾ) ਆਧਾਰਿਤ ਸਕੈਨ ਅਤੇ ਸ਼ੇਅਰ ਸੇਵਾ ਨਾਲ ਤੁਰੰਤ ਤੇ ਕਤਾਰ ਰਹਿਤ (ਆਊਟ ਪੇਸ਼ੈਂਟ ਡਿਪਾਰਟਮੈਂਟ) ਓ.ਪੀ.ਡੀ. ਰਜਿਸਟ੍ਰੇਸ਼ਨ ਜਲਦ ਸ਼ੁਰੂ ਹੋਵੇਗੀ। ਇਸ ਸਬੰਧੀ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਨੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ। ਮੀਟਿੰਗ ਵਿੱਚ ਸਿਵਲ ਸਰਜਨ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ (ਆਭਾ) ਆਧਾਰਿਤ ਸਕੈਨ ਅਤੇ ਸ਼ੇਅਰ ਸੇਵਾ ਨੂੰ ਅਸਰਦਾਰ ਢੰਗ ਨਾਲ ਚਲਾਉਣ ਲਈ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ ਸ਼ੁਰੂ ਕੀਤੀ ਜਾ ਰਹੀ ਇਸ ਵਿਲੱਖਣ ਕਾਗਜ਼ ਰਹਿਤ ਸੇਵਾ ਨਾਲ ਮਰੀਜ਼ਾਂ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਤਹਿਤ “ਸਕੈਨ ਅਤੇ ਸ਼ੇਅਰ” ਸੇਵਾ ਦੇਸ਼ ਵਿੱਚ ਮਰੀਜ਼ਾਂ ਦੇ ਸਿਹਤ ਸੰਭਾਲ ਸੇਵਾਵਾਂ ਨਾਲ ਜੁੜਨ ਦੇ ਤਰੀਕੇ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਜਾ ਰਹੀ ਹੈ। ਇਹੀ ਨਹੀਂ, ਇਸ ਸੇਵਾ ਰਾਹੀਂ ਮਰੀਜ਼ਾਂ ਨੂੰ ਹਸਪਤਾਲਾਂ ਦੀਆਂ ਲੰਬੀਆਂ ਕਤਾਰਾਂ ਵਿਚ ਖੜ੍ਹਾ ਹੋਣ ਦੀ ਲੋੜ ਵੀ ਨਹੀਂ ਪਵੇਗੀ। ਡਾ. ਜਸਪ੍ਰੀਤ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੈਨ ਅਤੇ ਸ਼ੇਅਰ ਸੇਵਾ ਮਰੀਜ਼ਾਂ ਨੂੰ ਓ.ਪੀ.ਡੀ. ਰਜਿਸਟ੍ਰੇਸ਼ਨ ਕਾਊਂਟਰ ‘ਤੇ ਪ੍ਰਦਰਸ਼ਿਤ ਕਿਊਆਰ ਕੋਡ ਨੂੰ ਸਕੈਨ ਕਰਕੇ ਓ.ਪੀ.ਡੀ. ਲਈ ਆਸਾਨੀ ਨਾਲ ਰਜਿਸਟਰ ਹੋਣ ਦੇ ਯੋਗ ਬਣਾਉਂਦੀ ਹੈ। ਪਹਿਲੇ ਸਟੇਪ ਵਿੱਚ ਕਿਊਆਰ ਕੋਡ ਸਕੈਨਰ ਜਾਂ ਮੋਬਾਈਲ ਫੋਨ ਦੇ ਕੈਮਰੇ ਨਾਲ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏ.ਬੀ ਡੀ..ਐੱਮ) ਨਾਲ ਸਬੰਧਤ ਐੱਪਸ ਨੂੰ ਖੋਲੋ। ਦੂਜੇ ਸਟੇਪ ਵਿੱਚ ਆਭਾ ਐੱਪ ਨੂੰ ਇੰਸਟਾਲ ਕਰੋ ਤੇ ਜੇ ਇਹ ਐੱਪ ਪਹਿਲਾਂ ਹੀ ਇੰਸਟਾਲ ਹੈ ਤਾਂ ਰਜਿਸਟਰ ਜਾਂ ਲਾਗਇਨ ਕਰੋ। ਤੀਜੇ ਸਟੇਪ ਵਿੱਚ ਹਸਪਤਾਲ ਨਾਲ ਆਪਣੀ ਪ੍ਰੋਫਾਇਲ ਸਾਂਝੀ ਕਰੋ ਤੇ ਰਜਿਸਟ੍ਰੇਸ਼ਨ ਟੋਕਨ ਪ੍ਰਾਪਤ ਕਰੋ। ਚੌਥੇ ਸਟੇਪ ਵਿੱਚ ਰਜਿਸਟ੍ਰੇਸ਼ਨ ਕਾਊਂਟਰ ਤੋਂ ਓ.ਪੀ.ਡੀ. ਸਲਿੱਪ ਲਵੋ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly