ਚੰਡੀਗੜ੍ਹ (ਸਮਾਜ ਵੀਕਲੀ): ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਇੱਥੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਸਰਪੰਚਾਂ ਅਤੇ ਪੰਚਾਂ ਨੂੰ ਨਾ ਤਾਂ ਬਣਦਾ ਮਾਣ ਦੇ ਰਹੀ ਹੈ ਅਤੇ ਨਾ ਹੀ ਭੱਤਾ, ਜਦੋਂ ਕਿ ਆਪਣੇ ਚਹੇਤਿਆਂ ਨੂੰ ਨਵੀਆਂ ਕਾਰਾਂ ਅਤੇ ਹੋਰ ਭੱਤੇ ਦੇ ਕੇ ਸਰਕਾਰੀ ਖ਼ਜ਼ਾਨੇ ’ਤੇ ਮਣਾਂ-ਮੂੰਹੀਂ ਬੋਝ ਪਾ ਰਹੀ ਹੈ।
ਉਨ੍ਹਾਂ ਮੰਗ ਕੀਤੀ ਕਿ ਚੰਨੀ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਹਰੇਕ ਸਰਪੰਚ ਨੂੰ ਘੱਟੋ-ਘੱਟ 25 ਹਜ਼ਾਰ ਰੁਪਏ ਅਤੇ ਹਰੇਕ ਪੰਚ ਨੂੰ ਘੱਟੋ-ਘੱਟ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ-ਭੱਤਾ ਦੇਵੇ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਪੰਚਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇ ਰਹੀ ਹੈ ਪਰ ਸਰਪੰਚਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਇਹ ਨਿਗੂਣਾ ਭੱਤਾ ਵੀ ਨਹੀਂ ਮਿਲਿਆ, ਜਦੋਂ ਕਿ ਪੰਚਾਂ ਨੂੰ ਧੇਲਾ ਵੀ ਨਹੀਂ ਦਿੱਤਾ ਜਾ ਰਿਹਾ। ਦੂਜੇ ਪਾਸੇ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ (ਮਿਉਂਸਿਪਲ ਕਾਰਪੋਰੇਸ਼ਨ) ਦੇ ਮੁਖੀਆਂ ਅਤੇ ਮੈਂਬਰਾਂ ਨੂੰ ਪ੍ਰਤੀ ਮਹੀਨਾ ਮਾਣ-ਭੱਤਾ, ਮੀਟਿੰਗਾਂ ’ਚ ਜਾਣ ਦਾ ਭੱਤਾ ਅਤੇ ਮੋਬਾਈਲ ਖਰਚੇ ਵੀ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਨਵੀਆਂ ਲਗਜ਼ਰੀ ਕਾਰਾਂ, ਤਨਖਾਹਾਂ ਦੇ ਗੱਫ਼ਿਆਂ ਅਤੇ ਹੋਰ ਭੱਤਿਆਂ ਲਈ ਸਰਕਾਰੀ ਖ਼ਜ਼ਾਨੇ ਦੇ ਬੂਹੇ ਖੋਲ੍ਹ ਰੱਖੇ ਹਨ ਪਰ ਸਰਪੰਚਾਂ ਨੂੰ ਮਾਣ-ਭੱਤਾ ਦੇਣ ਵੇਲੇ ਖ਼ਜ਼ਾਨਾ ਖਾਲੀ ਹੋ ਜਾਂਦਾ ਹੈ। ‘ਆਪ’ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਰਪੰਚਾਂ ਨੂੰ ਹਰ ਦਿਨ ਸਰਕਾਰੀ ਅਤੇ ਗੈਰ-ਸਰਕਾਰੀ ਮੁਲਾਜ਼ਮਾਂ ਦੀ ਪਿੰਡ ਆਉਣ ’ਤੇ ਆਓ-ਭਗਤ ਕਰਨੀ ਪੈਂਦੀ ਹੈ ਪਰ ਬਹੁਤੇ ਪਿੰਡਾਂ ਦੇ ਪੰਚਾਇਤ ਮੈਂਬਰਾਂ ਦੀ ਆਰਥਿਕ ਹਾਲਤ ਚੰਗੀ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly