HOME ਸਰਕਾਰੀ ਅਤੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ‘ਤੇ ਨਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ:...

ਸਰਕਾਰੀ ਅਤੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ‘ਤੇ ਨਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ: ਕਰਨ ਸਿੰਘ ਰਾਣਾ

3
‘ਬੋਹਲ ਦੀ ਰਾਖੀ ਬਕਰੇ ਹਵਾਲੇ ਕਰਾਂਗੇ ਤਾਂ ਨੁਕਸਾਨ ਨਿਸ਼ਚਿਤ ਹੈ’, ਨਜਾਇਜ਼ ਕਬਜ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਹੋਣ ਦਾ ਸੱਦਾ
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) :  ਮਿਹਨਤ ਨਾਲ ਪੈਦਾ ਕੀਤੀ ਫਸਲ ਦੀ ਰਾਖੀ ਦਾ ਕੰਮ ਜੇਕਰ ਬੱਕਰੇ ਹਵਾਲੇ ਕਰ ਦਿੱਤਾ ਜਾਵੇਗਾ, ਤਾਂ ਨੁਕਸਾਨ ਹੋਣਾ ਬਿਲਕੁਲ ਲਾਜ਼ਮੀ ਹੈ। ਇਸੇ ਤਰ੍ਹਾਂ ਸਰਕਾਰੀ ਅਤੇ ਪੇਂਡੂ ਸਾਂਝੀਆਂ ਜ਼ਮੀਨਾਂ ਨੂੰ ਨਜਾਇਜ਼ ਕਬਜ਼ਿਆਂ ਦੀ ਮਾਰ ਤੋਂ ਬਚਾਉਣ ਲਈ ਆਮ ਲੋਕਾਂ ਦਾ ਖ਼ੁਦ ਜਾਗਰੂਕ ਹੋਣਾ ਸਭ ਤੋਂ ਪਹਿਲੀ ਅਤੇ ਅਹਿਮ ਸ਼ਰਤ ਹੈ। ਇਹਨਾਂ ਗੰਭੀਰ ਵਿਚਾਰਾਂ ਦਾ ਪ੍ਰਗਟਾਵਾ ਸਾਂਝਾ ਕਿਸਾਨ ਮਜ਼ਦੂਰ ਮੋਰਚਾ (ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ) ਦੇ ਜਨਰਲ ਸਕੱਤਰ ਸਾਥੀ ਕਰਨ ਸਿੰਘ ਰਾਣਾ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇਕਰ ਜਨਤਾ ਆਪਣੇ ਹੱਕਾਂ ਅਤੇ ਸਾਂਝੀਆਂ ਜਾਇਦਾਦਾਂ ਪ੍ਰਤੀ ਹੁਣੇ ਸੁਚੇਤ ਨਾ ਹੋਈ, ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਡਾ ਸੰਕਟ ਖੜਾ ਹੋ ਜਾਵੇਗਾ। ਗੱਲਬਾਤ ਨੂੰ ਅੱਗੇ ਤੋਰਦਿਆਂ ਸਾਥੀ ਕਰਨ ਸਿੰਘ ਰਾਣਾ ਨੇ ਖ਼ੁਲਾਸਾ ਕੀਤਾ ਕਿ ਪਿੰਡ ਆਸਰੋ ਤੋਂ ਲੈ ਕੇ ਪਿੰਡ ਚਾਹਲ ਤੱਕ 72 ਫੁੱਟੀ ਡਿਫੈਂਸ ਰੋਡ ‘ਤੇ ਵੱਡੇ ਪੱਧਰ ‘ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ। ਇਸ ਦੇ ਨਾਲ ਹੀ ਪਿੰਡਾਂ ਵਿੱਚ ਸਾਂਝੇ ਕਾਰਜਾਂ ਲਈ ਰਾਖਵੀਆਂ ਰੱਖੀਆਂ ਗਈਆਂ ਜ਼ਮੀਨਾਂ ‘ਤੇ ਵੀ ਲਗਾਤਾਰ ਨਜਾਇਜ਼ ਕਬਜ਼ੇ ਹੋ ਰਹੇ ਹਨ, ਜਿਨ੍ਹਾਂ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਰਕਾਰੀ ਜ਼ਮੀਨਾਂ ਡਿਫੈਂਸ ਰੋਡ ਦੇ ਰੂਪ ਵਿੱਚ ਅਤੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ਪੇਂਡੂ ਵਿਕਾਸ ਤੇ ਸਾਂਝੇ ਕਾਰਜਾਂ ਲਈ ਰਿਜ਼ਰਵ ਰੱਖੀਆਂ ਹੋਈਆਂ ਹਨ। ਜੇਕਰ ਇਹਨਾਂ ਕੀਮਤੀ ਜ਼ਮੀਨਾਂ ‘ਤੇ ਇਸੇ ਤਰ੍ਹਾਂ ਨਜਾਇਜ਼ ਕਬਜ਼ੇ ਜਾਰੀ ਰਹੇ, ਤਾਂ ਇੱਕ ਦਿਨ ਇਲਾਕੇ ਵਿੱਚ ਬਹੁਤ ਵੱਡਾ ਸੰਕਟ ਖੜਾ ਹੋ ਜਾਵੇਗਾ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਪੂਰੀ ਤਰ੍ਹਾਂ ਰੁਕ ਜਾਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਰਕਾਰੀ ਅਤੇ ਪਿੰਡਾਂ ਦੀਆਂ ਸਾਂਝੀਆਂ ਜ਼ਮੀਨਾਂ ‘ਤੇ ਹੋ ਰਹੇ ਨਜਾਇਜ਼ ਕਬਜ਼ਿਆਂ ਨੂੰ ਤੁਰੰਤ ਪ੍ਰਭਾਵ ਨਾਲ ਰੋਕਿਆ ਜਾਵੇ ਅਤੇ ਜਿੱਥੇ ਕਿਤੇ ਵੀ ਪਹਿਲਾਂ ਕਬਜ਼ੇ ਹੋ ਚੁੱਕੇ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਹਟਾਇਆ ਜਾਵੇ। ਰਾਣਾ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਜਿਹੇ ਨਜਾਇਜ਼ ਕੰਮ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਆਸੀ ਧਿਰਾਂ ਦੀ ਕਥਿਤ ਸ਼ਹਿ ਜਾਂ ਮਿਲੀਭੁਗਤ ਤੋਂ ਬਿਨਾਂ ਅਮਲ ਵਿੱਚ ਨਹੀਂ ਆਉਂਦੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਜਾਗਰੂਕ ਹੋ ਕੇ ਇਸ ਸਮਾਜਿਕ ਬੁਰਾਈ ਵਿਰੁੱਧ ਇੱਕਜੁੱਟ ਹੋਣ ਅਤੇ ਸੰਘਰਸ਼ ਦਾ ਰਾਹ ਅਖਤਿਆਰ ਕਰਨ ਤਾਂ ਜੋ ਇਨ੍ਹਾਂ ਸਾਂਝੀਆਂ ਜ਼ਮੀਨਾਂ ਨੂੰ ਨਜਾਇਜ਼ ਕਬਜ਼ਾਧਾਰੀਆਂ ਦੇ ਚੁੰਗਲ ਵਿੱਚੋਂ ਮੁਕਤ ਕਰਵਾਇਆ ਜਾ ਸਕੇ। ਇਸ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਜ਼ਿਲ੍ਹੇ ਦੇ ਪ੍ਰਮੁੱਖ ਆਗੂ ਕਰਨੈਲ ਸਿੰਘ ਭੱਲਾ ਅਤੇ ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਇਸ ਮੁਹਿੰਮ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਾਣਾ ਮੰਡੀ ਬੰਗਾ ਵਿਖੇ 24 ਜੁਲਾਈ ਨੂੰ ਵਿਸ਼ਾਲ ਕੀਰਤਨ ਦਰਬਾਰ ਹੋਵੇਗਾ: ਡਿਪਟੀ ਕਮਿਸ਼ਨਰ
Next articleਇਤਿਹਾਸ ਰਚਦੇ ਹੋਏ, ਐਜੂਕੇਸ਼ਨ ਸਕੁਏਅਰ ਦਾ ਵਿਦਿਆਰਥੀ ਆਰੀਅਨ ਗੁਪਤਾ NEET UG 2026 ਦਾ ਆਲ ਇੰਡੀਆ ਟੌਪਰ ਬਣਿਆ