ਸ਼ੁੱਭ ਰਾਤਰੀ ਦੇ ਸੁਨੇਹੇ ਦਾ ਦਰਦ ! (ਚੰਦ ਵਿਹੂਣੀ ਰਾਤ)

ਜਸਪਾਲ ਜੱਸੀ
ਜਸਪਾਲ ਜੱਸੀ
(ਸਮਾਜ ਵੀਕਲੀ) ਉਹ ਜਦੋਂ ਤੋਂ ਮੇਰੇ ਨਾਲ ਸੋਸ਼ਲ ਮੀਡੀਆ ‘ਤੇ ਜੁੜਿਆ ਸੀ ਕਦੇ ਕਦੇ ਫੇਸਬੁੱਕ ‘ਤੇ ਆਪਣੀ ‌ਮਾਨਸਿਕ ਵਿੱਤ ਅਨੁਸਾਰ ਟਿੱਪਣੀ ਦਾ,ਤਿਲ ਫ਼ੁੱਲ ਭੇਟਾ ਕਰਦਾ।
ਪਿਛਲੇ ਕੁਝ ਸਮੇਂ ਤੋਂ ਉਹ ਫੇਸਬੁੱਕ ਉੱਤੇ ਤਾਂ ਨਜ਼ਰ ਨਹੀਂ ਸੀ ਆ ਰਿਹਾ ਪਰ ਮੈਸੇਂਜਰ ‘ਤੇ ਉਸਦਾ ਇੱਕ ਸੁਨੇਹਾ ” ਸ਼ੁਭ ਰਾਤਰੀ”  ਪੜ੍ਹਨ ਨੂੰ ਜ਼ਰੂਰ ਮਿਲ ਜਾਂਦਾ ਸੀ।
ਉਸਨੇ ਮੇਰਾ ਫ਼ੋਨ ਨੰਬਰ ਵੀ ਫੇਸਬੁੱਕ ਅਕਾਊਂਟ ਤੋਂ ਲਿਆ ਹੋਇਆ ਸੀ।
ਕੁਝ ਸਮਾਂ ਪਹਿਲਾਂ ਉਸਦਾ ਫ਼ੋਨ ਆਇਆ‌ ਵੀ ਸੀ। ਉਸ ਨੇ ਦੱਸਿਆ,” ਮੈਂ ਆਪ ਜੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਦਾ ਹਾਂ।” ਉਸ ‌ਨੇ ਉਦਾਸੀ ਭਰੇ ਸਵਰ ਵਿਚ ਆਪਣੇ ਬਾਰੇ ਦੱਸਿਆ ਸੀ ਕਿ ਉਸ ਦੇ ਦੋਵੇਂ ਲੜਕੇ ਸਾਰੀ ਜ਼ਮੀਨ ਵੇਚ ਵੱਟ ਕੇ ਬਾਹਰਲੇ ਮੁਲਕ ਚਲੇ ਗਏ ਸਨ।
ਜਦੋਂ ਤੱਕ ਪਤਨੀ ਜਿਉਂਦੀ ਸੀ,ਸਾਡਾ ਬੁਢਾਪੇ ਵਿਚ ਵੀ ਦਿਲ ਲੱਗਿਆ ਰਹਿੰਦਾ ਸੀ,ਪਰ ਉਸ ਦੇ ਜਹਾਨ ਤੋਂ ਰੁਖ਼ਸਤ ਹੋ ਜਾਣ ਤੋਂ ਬਾਅਦ ਮੈਂ ਦਿਮਾਗ਼ੀ,ਜ਼ਹਿਨੀ ਅਤੇ ਸਰੀਰਕ ਰੂਪ ਵਿਚ ਟੁੱਟ ਗਿਆ।
68 ਸਾਲ ਦਾ ਹੋ ਗਿਆ ਹਾਂ। ਬੱਸ ਹੁਣ ਹੋਰ ਹੈ ਵੀ ‌ਕਿੰਨੀ ਕੁ ਬਚੀ।
ਮੈਂ ਉਸਨੂੰ ਅੱਗੋਂ ਐਨਾ ਕੁ ਹੀ ਪੁੱਛ ਸਕਿਆ,
“ਅੱਜ ਕੱਲ੍ਹ ਕਿੱਥੇ ਹੋ ?”
ਉਸ ਦਾ ਜਵਾਬ ਸੀ,
“ਬਿਰਧ ਆਸ਼ਰਮ”।
ਜ਼ਿੰਦਗੀ ਦੀ ਕਸ਼ਮਕਸ਼ ਦੇ ਨਾਲ,ਠਰਿਆ ਠਰਿਆ ਆਨੰਦਤ ਹਾਂ। ਦਿਨ ਵਧੀਆ ਲੰਘਦਾ ਹੈ। ਬੱਸ ਰਾਤ ਹੀ ਚੰਦਰੀ ਚੰਦ ਵਿਹੂਣੀ ਹੈ।”
ਮੈਨੂੰ ਸਮਝ ਨਹੀਂ ਸੀ ਲੱਗਿਆ,ਉਹ ਚੰਦ ਬੱਚਿਆਂ ਲਈ ਵਰਤ ਰਿਹਾ ਸੀ,ਜ਼ਿੰਦਗੀ ਦੀ ਰੋਸ਼ਨੀ ਲਈ, ਜਾਂ ਪਤਨੀ ਲਈ !
ਉਹ ਪੂਰੀ ਗੱਲ ਵੀ ਨਹੀਂ ਸੀ ਕਰ ਸਕਿਆ।
ਉਹ ਦੇ ਹੌਂਕੇ ਦੀ ਆਵਾਜ਼ ਫ਼ੋਨ ‘ਤੇ ਵੀ ਸੁਣੀ ਜਾ ਸਕਦੀ ਸੀ।
ਕੁਝ ਸਕਿੰਟ ‌ਚੁੱਪ ਰਹਿਣ ਤੋਂ ਬਾਅਦ ਉਹ ਬੋਲਿਆ,
“ਪਹਿਲਾਂ ਮੈਂ ਖੱਬੇ ਪੱਖੀ ਵਿਚਾਰਧਾਰਾ ਨੂੰ ਪਸੰਦ ਕਰਦਾ ਸੀ ਪਰ ਹੁਣ ਮਨ ਅਧਿਆਤਮ ਵੱਲ ਲਗਾਇਆ ਹੈ। ਮਾਨਸਿਕ ਠਹਿਰਾਓ ਅਤੇ
ਸ਼ਾਇਦ ਅੱਗਾ ਸਵਾਰਨ ਲਈ।”
ਮੈਂ ਉਸ ਨੂੰ ਕਿਹਾ,” ਚੰਗਾ ਹੈ !”
ਮੈਂ ਤੁਹਾਡਾ ਸ਼ੁਭ ਰਾਤਰੀ ਸੁਨੇਹਾ ਅਕਸਰ ਪੜ੍ਹਦਾ ਹਾਂ,ਪਤਾ ਲੱਗ ਜਾਂਦਾ ਹੈ ਕਿ ਦਿਨ ਚੰਗਾ ਲੰਘਿਆ ਹੋਵੇਗਾ ਨਹੀਂ ਤਾਂ ਚੰਗਾ ਸ਼ਬਦ ਕਿਸ ਦੇ ਮੂੰਹੋਂ ਨਿਕਲਦਾ ਹੈ।
ਮੈਂ ਉਸ ਨੂੰ ਕਿਹਾ,”ਕਾਲੀ, ਬੋਲ਼ੀ,ਡਰਾਉਣੀ ਅਤੇ ਇਕੱਲਤਾ ਭਰੀ ਰਾਤ,ਮਗਨਤਾ ਲਈ,ਸ਼ੁੱਭ ਰਾਤਰੀ ਦੇ ਸੁਨੇਹੇ ਭੇਜਣ ਲਈ,ਉਤਸ਼ਾਹਿਤ ਅਤੇ ਪ੍ਰੇਰਿਤ ਵੀ ਕਰਦੀ ਹੋਵੇਗੀ। ਤੁਸੀਂ ਸਾਰਿਆਂ ਨੂੰ ਸੁਨੇਹੇ ਭੇਜਿਆ ਕਰੋ!”
ਉਹ ਹੱਸ ਪਿਆ। ਉਸ ਦੇ ਹਾਸੇ ਵਿਚ,ਰਿਸ਼ਤਿਆਂ ਦੀ ਤ੍ਰਾਸਦੀ ਦੀ,ਦੂਰੀ ਭਰੀ ਮਜ਼ਬੂਰੀ ਸੀ। ਪਿਆਰ ਦਾ ਖ਼ਲਾਅ ਸੀ। ਬਿਸਮ ਚੁੱਕੇ ਰਿਸ਼ਤਿਆਂ,ਨਾਤਿਆਂ ਦਾ ਦਰਦ ਸੀ। ਉਹ ਫ਼ੇਰ ਚੁੱਪ ਕਰ ਗਿਆ।
ਮੈਂ ਉਸ ਨੂੰ ਕਿਹਾ,
“ਕਦੇ ਕਦੇ ਫ਼ੋਨ ਕਰ ਲਿਆ ਕਰੋ !
ਉਸ ਦਾ ਅੱਗੋਂ ਉੱਤਰ ਸੀ,
“ਬੁਰਾ ਨਾ ਮਨਾਇਓ !
 ਭਰਿਆ ਪਿਆ ਹਾਂ,ਰਿਸ਼ਤਿਆਂ ਦੇ ਨਾਸੂਰੀ ਦਰਦ ਨਾਲ। ਪਤਾ ਨਹੀਂ ਮੈਨੂੰ ਤੇਰੀਆਂ ਰਚਨਾਵਾਂ ਕਿਉਂ ਚੰਗੀਆਂ ਲਗਦੀਆਂ ਹਨ। ਪਰ ਤੁਸੀਂ ਮੇਰੀਆਂ ਕਹਾਣੀਆਂ ਨਹੀਂ ਸੁਣ ਸਕਦੇ। ਮੇਰੀਆਂ ਗੱਲਾਂ ਸੁਣ ਸੁਣ ਕੇ ਤੁਸੀਂ ਅੱਕ ਥੱਕ ਜਾਓ ਗੇ।”
ਮੈਂ ਉਸ ਦੀ ਕਿਸੇ ਵੀ ਗੱਲ ਦਾ,ਕੋਈ ਜਵਾਬ ਨਹੀਂ ਸੀ ਦੇ ਸਕਿਆ। ਪਤਾ ਨਹੀਂ ਉਹ ਕਿੱਡਾ ਕੁ ਦਰਦਾਂ ਦਾ ਦਰਿਆ, ਨਾਲ ਚੁੱਕੀ ਫ਼ਿਰਦਾ ਸੀ।
ਹੁਣ ਉਸ ਦੀ ਫ਼ੋਨ ‘ਤੇ ਆਵਾਜ਼ ਨਹੀਂ ਸੀ ਆ ਰਹੀ। ਮੈਨੂੰ ਪਤਾ ਨਹੀਂ ਕਿਉਂ ਕਿਆਸ ਹੋਇਆ,
ਉਹ ਅੱਖ਼ਾਂ ਸਾਫ਼ ਕਰ ਰਿਹਾ ਹੈ। ਮੇਰਾ ਆਪਣਾ ਗਲੇਡੂ ਭਰ ਆਇਆ।  ਮੈਂ ਉਸ ਨੂੰ “ਸ਼ੁਭ ਰਾਤਰੀ” ਕਿਹਾ। ਉਸ ਦੀ ਅੱਗਿਓਂ ਆਵਾਜ਼ ਆਈ,
“ਸ਼ੁਭ ਰਾਤਰੀ” !
ਉਸ ਨੇ ਫ਼ੋਨ ਕੱਟ ਦਿੱਤਾ ਸੀ।
ਜਦੋਂ ਮੈਂ ਸੌਣ ਤੋਂ ਪਹਿਲਾਂ,ਮੇਸੈਂਜਰ ਦੇਖਿਆ।
ਉਸ ਦਾ ਅੱਜ ‘ਸ਼ੁਭ ਰਾਤਰੀ’ ਦਾ ਸੁਨੇਹਾ,
ਇੱਕ ਖ਼ਾਸ ਜਲਾਓ ਨਾਲ ਲਬਰੇਜ਼ ਸੀ।
*ਸਾਰਾ ਦਿਨ ਕਿਵੇਂ ਨਿਕਲਿਆ,
ਇਸ ਨੂੰ ਭੁੱਲ ਜਾਵੋ !
ਹਾਂ ਪੱਖੀ ਨਜ਼ਰੀਏ ਦੇ ਨਾਲ।*
*ਸੌਂ ਜਾਵੋ,ਇੱਕ ਨਵੀਂ ਸਵੇਰ ਦੀ ਉਡੀਕ ਵਿਚ।* ਇਹ ਸੋਚ ਕੇ ਕਿ ਆਉਣ ਵਾਲਾ ਦਿਨ ਬੀਤੇ ਨਾਲੋਂ ਚੰਗਾ ਹੀ ਚੜ੍ਹੇਗਾ।*
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਨੇਡਾ ਤੋਂ ਆਈ ਫੋਨ ਕਾਲ
Next articleਗ਼ਜ਼ਲ