(ਸਮਾਜ ਵੀਕਲੀ)
ਸਾਡੀ ਸੋਚ, ਕਿਰਦਾਰ ਅਤੇ ਸਮੁੱਚੇ ਵਿਹਾਰ ਦੀਆਂ ਜੜ੍ਹਾਂ, ਸਾਡੀ ਰਹਿਣੀ-ਬਹਿਣੀ, ਘਰ ਅਤੇ ਪਰਿਵਾਰ ਵਿੱਚ ਹੁੰਦੀਆਂ ਹਨ। ਜਿਊਣਾ ਹਰੇਕ ਲਈ ਸੁਖਾਲਾ ਹੈ, ਹਰ ਕੋਈ ਜੀਅ ਰਿਹਾ ਹੈ, ਪਰ ਜ਼ਿੰਦਗੀ ਨੂੰ ਸਲੀਕੇ ਅਤੇ ਹੁਨਰ ਨਾਲ ਖੁਸ਼ਹਾਲੀ ਦੇ ਆਲਮ ਵਿਚ ਰਹਿ ਜਿਊਣਾ ਵਾਹਵਾ ਮਿਹਨਤ ਦੀ ਮੰਗ ਕਰਦਾ ਹੈ।
ਜੀਵਨ ਆਪਣੇ ਗੋਡਿਆਂ-ਮੋਢਿਆਂ ਨਾਲ ਮਾਣਿਆ ਜਾਂਦਾ ਹੈ, ਦੂਜਿਆਂ ਦੇ ਮੋਢਿਆਂ ਤੇ ਤਾਂ ਸ਼ਮਸ਼ਾਨਾਂ ਨੂੰ ਸਾਡੇ ਜਨਾਜੇ ਜਾਂਦੇ ਨੇ!
ਮੰਨਿਆ ਆਪਾਂ ਸਾਰਿਆਂ ਨੇ ਏਥੇ ਸਦਾ ਨਹੀਂ ਰਹਿਣਾ, ਪਰ ਜਿਨਾਂ ਚਿਰ ਹਾਂ ਆਪਣੀ ਹੋਂਦ ਨੂੰ ਬਰਕਰਾਰ ਰੱਖਣਾ ਸਾਡੀ ਖੁਦ ਦੀ ਜ਼ੁੰਮੇਵਾਰੀ ਹੈ, ਕੁਦਰਤ ਸਾਨੂੰ ਹਰ ਵਖਤ ਖਿੜੇ ਰਹਿਣ ਦਾ ਹੁਨਰ ਤੇ ਮੌਕੇ ਦੇ ਰਹੀ ਹੈ। ਪਰਖਣ ਵਾਲੀਆਂ ਅੱਖਾਂ ਨੂੰ ਕੁਦਰਤ ਰੋਜ਼ਾਨਾ ਸੁਨੇਹਾ ਦਿੰਦੀ ਹੈ ਕਿ *ਜੀਵਨ ਦੀ ਹੋਂਦ ਐਨਾ ਜਲਦੀ ਖ਼ਤਮ ਹੋਣ ਵਾਲੀ ਨਹੀਂ, ਜਿਨਾਂ ਜਲਦੀ ਅਸੀਂ ਸਮਾਜਿਕ ਵਰਤਾਰੇ ਵਿਚ ਰਹਿੰਦਿਆਂ ਦਿਲ ਛੱਡਕੇ ਖੁਦ ਨੂੰ ਖ਼ਤਮ ਕਰ ਲੈਂਦੇ ਹਾਂ!*
ਉਨ੍ਹਾਂ ਦਾ ਮਨੋਬਲ ਤਾਂ ਸਦਾ ਹੀ ਉੱਚਾ-ਸੁੱਚਿ ਰਹਿੰਦਾ ਜੋ ਹਰ ਸਮੇਂ ਕੁਦਰਤ ਦੇ ਸ਼ੁਕਰਾਨੇ ਦੀ ਭਾਵਨਾ ਨਾਲ ਜੀਵਨ ਜਿਉਂਦੇ ਹਨ। ਮੈਨੂੰ ਆ ਫੁੱਲ ਜਮਾਂ ਆਪਣੇ ਵਰਗਾ ਲੱਗਿਆ ਜੋ ਕੁਦਰਤ ਦੇ ਸ਼ੁਕਰਾਨੇ ਕਰਦਾ ਨਜ਼ਰ ਆਇਆਂ, ਮੰਨਿਆ ਸਾਡੇ ਤੇ ਜ਼ੋਬਨ ਨੇ ਸਦਾ ਨਹੀਂ ਰਹਿਣਾ ਪਰ ਜੇ ਅੱਜ ਹੈ ਤੇ ਰੱਜ ਰੱਜ ਮਾਣ ਏਸ ਨੂੰ, ਠੋਕਰਾਂ ਦੇਣ ਵਾਲੀ ਜ਼ਿੰਦਗੀ ਦਾ ਸਦਾ ਧੰਨਵਾਦ ਤੇ ਸਵਾਗਤ ਕਰਦੇ ਰਹਿਣਾ ਸਾਡੀ ਚੜ੍ਹਦੀਕਲਾ ਦਾ ਪ੍ਰਤੀਕ ਹੈ।
ਅੱਜ ਮੈਂ ਇਸ ਫੁੱਲ ਕੋਲੋ ਜੀਵਨ ਵਿਚ ਚੱਲਣ ਦੇ ਨਾਲ-ਨਾਲ ਸੰਭਲ਼ਣ ਦਾ ਹੁਨਰ ਸਿੱਖਿਆ ਹੈ। ਮਹਿਸੂਸ ਕੀਤਾ ਕਿ ਸੁੰਗੜੇ ਹੋਏ ਮਨ, ਸਮਾਜ ਵਿਚ ਵਿਸ਼ਾਲ, ਪੱਕੇ ਅਤੇ ਡੂੰਘੇ ਰਿਸ਼ਤੇ ਨਹੀਂ ਉਸਾਰ ਸਕਦੇ। ਫੁੱਲ ਦੇ ਖਿੜੇ ਹੋਣ ਕਰਕੇ ਹੀ ਮੇਰੀ ਐਨੀ ਗੂੜ੍ਹੀ ਨੇੜਤਾ ਬਣੀ ਇਸ ਨਾਲ, ਕਿਉਂ ਨਾ ਫਿਰ ਆਪਾਂ ਵੀ ਖਿੜੇ ਰਹੀਏ ਹੋਰਨਾਂ ਲਈ…
ਝੂਠ ਨਾਸ਼ਵਾਨ ਹੈ, ਜਦ ਕਿ ਸੱਚ ਹੀ ਸਦੀਵੀ ਤੌਰ ਤੇ ਅਮਰ ਰਹਿੰਦਾ ਹੈ। ਗਹਿਰਾਈ ਨਾਲ ਸੋਚਿਆ ਜਾਂਚ ਆਉਂਦੀ ਹੈ ਕਿ *ਸੱਚ ਰੱਬ ਦੀ ਜਾਤ ਹੈ ਅਤੇ ਸੱਚ ਹੀ ਰੱਬ ਹੈ।*
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly