(ਸਮਾਜ ਵੀਕਲੀ)
ਸਰਹੰਦ ਕਹਿਰ ਸੀ ਭਾਰਾ ਹੋਇਆ, ਇੱਟਾਂ, ਮਿੱਟੀ ਅਤੇ ਗਾਰਾ ਰੋਇਆ,
ਨੀਹਾਂ ਚਿਨਣਹਾਰਾ ਵੀ ਸੀ ਰੋਇਆ, ਕੁਲ ਲੋਕਾਈ ਦੇ ਨਾਲ ‘ਘੁਮਾਣਾ’,
ਧਰਤੀ, ਅੰਬਰ, ਚੰਦ, ਸੂਰਜ ਤੇ ਕੁਦਰਤ ਦਾ ਕੱਲ੍ਹਾ-ਕੱਲ੍ਹਾ ਤਾਰਾ ਰੋਇਆ
ਇਤਿਹਾਸ ਦੇ ਤਾਣੇ ਪੇਟੇ ਨੂੰ ਉਸਾਰਨ ਵਿਚ ਰਾਜ, ਧਰਮ ਅਤੇ ਸਭਿਆਚਾਰ ਨੇ ਮਹਾਨ ਰੋਲ ਨਿਭਾਏ ਹਨ। ਪਰ ਓਦੋਂ ਨਾਲੋਂ ਹੁਣ ਚੜ੍ਹਦਾ ਸੂਰਜ ਤੱਕਣ ਵਾਲਿਆਂ ਨਾਲੋਂ ਡੁੱਬਦਾ ਵੇਖਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਗੁਰੂ ਜੀ ਵੱਲੋਂ ਸੋਚ ਸਮਝ ਕੇ ਰੱਖੇ ਸਹਿਬਜ਼ਾਦਿਆਂ ਦੇ ਨਾਮ ਅਨੋਖਾ ਇਤਿਹਾਸ ਐਵੇਂ ਨਹੀਂ ਸਿਰਜ ਗਏ, ਆਪਾਂ ਰਜ਼ਾਈਆਂ ਵਿਚ ਬੈਠਕੇ ਵੀ ਠੰਡ ਮੰਨ ਰਹੇ ਹਾਂ! ਘੱਟੋ ਘੱਟ ਪਰਿਵਾਰਾਂ ਤੇ ਬੱਚਿਆਂ ਨੂੰ ਤਾਂ ਜਰੂਰ ਦੱਸੀਏ ਕਿ ਕੱਲ੍ਹ ਮੋਰਿੰਡਾ ਤੋਂ ਸਰਹਿੰਦ ਲਿਆ ਕੇ ਠੰਡੇ ਬੁਰਜ ਵਿਚ ਕੈਂਦ ਕੀਤੇ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ, ਫਤਹਿ ਸਿੰਘ ਉਪਰ ਰਾਤ ਭਰ ਕੀ-ਕੀ ਬੀਤੀ ਹੋਵੇਗੀ? ਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਦੁੱਧ ਪਾਣੀ ਦੀ ਸੇਵਾ ਬਦਲੇ ਜੋ ਕੁਰਬਾਨੀ ਦੇਣੀ ਪਈ ਕਿ ਪੂਰਾ ਪਰਿਵਾਰ ਹੀ ਕੋਲਹੂ ਥਾਣੀਂ ਪੀੜ ਦਿੱਤਾ ਗਿਆ… ਕਿਹੜੀ ਕਲ਼ਮ ਲਿਖੇ ਕਿ… ਕੈਂਦ ਦੌਰਾਨ ਸਹਿਬਜ਼ਾਦਿਆਂ ਨੂੰ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ ਹੋਣੇ ਆ, ਸ਼ਹਾਦਤ ਤੋਂ ਪਹਿਲਾਂ ਕੀ-ਕੀ ਵਾਪਰਿਆ ਹੋਣਾ..? ਰੂਹ ਕੰਬ ਜਾਂਦੀ ਐ ਸੋਚ ਕੇ ਹੀ!
ਇਤਿਹਾਸ ਮੁਤਾਬਿਕ ਅੱਜ ਦੇ ਦਿਨ ਸਰਹਿੰਦ ਦੇ ਨਵਾਬ ਦੀ ਕਚਹਿਰੀ ਵਿਚ ਪੇਸ਼ ਕਰਨਾ ਹੈ ਸਹਿਬਜ਼ਾਦਿਆਂ ਨੂੰ, ਜਿਨ੍ਹਾਂ ਦਾ ਪਰਿਵਾਰ ਵਿਛੋੜਾ ਪੈ ਚੁੱਕਿਆ ਹੈ, ਦੋ ਵੱਡੇ ਭਰਾ ਜੰਗ ਵਿਚ ਸ਼ਹੀਦ ਹੋ ਚੁੱਕੇ ਨੇ, ਬਾਪ ਕੋਲ ਨਹੀਂ, ਕਿੰਨਾ ਭਿਆਨਕ ਵਕਤ ਹੋਏਗਾ, ਕੁਝ ਵੀ ਲਿਖਿਆ ਨਹੀਂ ਜਾ ਰਿਹਾ… ਬੱਚਿਆਂ ਨਾਲ ਆ ਕੁਝ! ਓ ਹੋ…
ਬਾਬਾ ਮੋਤੀ ਰਾਮ ਮਹਿਰਾ ਜੀ ਦੇ ਵੰਸ਼ ਨਾਲ ਹੋਇਆ ਡੂੰਘੀਆਂ ਵਿਚਾਰਾਂ ਸਮੇਂ ਨਤੀਜਾ ਇਹ ਨਿਕਲਿਆ ਕਿ… ਸੰਕਟ ਦੀਆਂ ਘੜੀਆਂ ਦੇ ਕੁਝ ਬੁਨਿਆਦੀ ਕਾਰਨ ਹੁੰਦੇ ਹਨ, ਜਦੋਂ ਅਸੀਂ ਉਨ੍ਹਾਂ ਕਾਰਨਾਂ ਨੂੰ ਸਮਝ ਲੈਂਦੇ ਹਾਂ ਤਾਂ ਕੁਦਰਤ ਸਾਡੇ ਵਿੱਚ ਉਸ ਸੰਕਟ ਨਾਲ ਟਕਰਾਉਣ ਦੀ ਸ਼ਕਤੀ ਪੈਦਾ ਕਰ ਦਿੰਦੀ ਹੈ। ਹਰ ਸੰਕਟ ਵਾਸਤਵ ਵਿਚ ਸਾਡੇ ਸਵੈ ਭਰੋਸੇ, ਸਿਦਕ, ਸਿਰੜ ਅਤੇ ਦ੍ਰਿੜਤਾ ਨੂੰ ਨਾਪਣ ਤੋਲਣ ਦਾ ਇੱਕ ਸਾਧਨ ਮਾਤਰ ਹੁੰਦਾ ਹੈ। ਸਵੈ ਭਰੋਸਾ ਸਰੀਰਕ ਸ਼ਕਤੀ ਵਿਚੋਂ ਨਹੀਂ, ਬੌਧਿਕ ਵਿਕਾਸ ਵਿਚੋਂ ਜਨਮ ਲੈਂਦਾ ਹੈ। ਬਾਬੇ ਅਖਵਾਉਂਦੇ ਲੋਕਾਂ ਨੂੰ ਸੋਚਣਾ ਬਣਦਾ ਹੈ ਕਿ ਬਾਬਾ ਸ਼ਬਦ ਦੀ ਮਰਿਆਦਾ ਰੱਖਣ ਲਈ ਉਮਰ ਦਾ ਵੱਡਾ ਹੋਣਾ ਲਾਜ਼ਮੀ ਨਹੀਂ ਸਿਦਕ ਉੱਚਾ ਸੁੱਚਾ ਹੋਣਾ ਜਰੂਰੀ ਹੈ। ਜਿੰਨ੍ਹਾਂ ਬਾਬਿਆਂ ਦਾ ਅੱਜ ਆਪਾਂ ਸ਼ਹੀਦੀ ਪੁਰਬ ਮਨਾਂ ਰਹੇ ਹਾਂ ਦੁਨੀਆਂ ਪੱਧਰ ਤੇ ਦੱਸਿਓ ਖਾਂ ਕਿੰਨੀ ਉਮਰ ਸੀ ਗੁਰੂ ਦੇ ਲਾਲਾਂ ਦੀ ਅਤੇ ਆਪਣੇ ਬਾਬਿਆਂ ਦੀ..?
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly