ਸ਼ੁਭ ਸਵੇਰ ਦੋਸਤੋ

 (ਸਮਾਜ ਵੀਕਲੀ) – ਖ਼ੁਦ ਦੀ ਜ਼ਿੰਦਗੀ ਵਿਚ ਓਹੀ ਕੁਝ ਬਦਲੇਗਾ, ਜਿਸ ਨੂੰ ਬਦਲਣ ਲਈ ਅਸੀਂ ਆਪ ਜ਼ੁੰਮੇਵਾਰੀ ਚੁੱਕਾਂਗੇ। ਬਿਮਾਰ ਮਾਨਸਿਕਤਾ ਜੋਤਸ਼ੀਆਂ ਜਾਂ ਪਾਂਡਿਆਂ ਕੋਲ ਜਾਂਦੀ ਹੈ, ਤੰਦਰੁਸਤ ਦਿਮਾਗ਼ ਵਾਲੇ ਇਨਸਾਨ ਮੇਹਨਤ ਵਿਚ ਵਿਸ਼ਵਾਸ ਰੱਖਦੇ ਹਨ। ਉੱਚਾ-ਸੁੱਚਾ ਕਿਰਦਾਰ ਜਿਸਨੂੰ ਦੁਨੀਆਂ ਵਿਚੋਂ ਮਿਲੇ ਅਥਾਹ ਪਿਆਰ, ਓਹ ਜੋਤਸ਼ੀਆਂ ਦੀਆਂ ਭਵਿੱਖਬਾਣੀਆਂ ਵਿਚੋਂ ਨਹੀਂ, ਨਿਰੰਤਰ ਕੀਤੀਆਂ ਮਿਹਨਤਾਂ ਦੇ ਗਰਭ ਵਿਚੋਂ ਪੈਂਦਾ ਹੋ ਕੇ ਉਪਜਦਾ ਹੈ। ਜ਼ਿੰਦਗੀ ਦਾ ਵਿਹੜਾ ਕਿਹੋ ਜਿਹਾ ਵੀ ਹੋਵੇ, ਸਾਡਾ ਖ਼ੇਤਰ ਕੋਈ ਵੀ ਹੋਵੇ, ਜ਼ਿੰਦਗੀ ਨੂੰ ਖੂਬਸੂਰਤ, ਮਾਨਣਯੋਗ ਤੇ ਮਨੋਰੰਜਨ ਭਰਪੂਰ ਬਣਾਉਣ ਲਈ ਸਾਨੂੰ ਨਕਾਰਾਤਮਿਕਤਾ ਦੇ ਨਦੀਨਾਂ ਨੂੰ ਪੁੱਟਕੇ ਸਕਰਾਤਮਿਕਤਾ ਦੇ ਫੁੱਲ ਫਲ ਦੇਣ ਵਾਲੇ ਪੌਦੇ ਅਤੇ ਸਾਹਵਾਂ, ਰਾਹਵਾਂ, ਹਵਾਵਾਂ ਵਿਚ ਖ਼ੁਸ਼ਬੋਈ ਦੇਣ ਵਾਲੀਆਂ ਵੇਲਾ ਦੀ ਕਾਸ਼ਤ ਕਰਨੀ ਪੈਂਦੀ ਹੈ। ਆਪਣੇ ਰਾਹ ਆਪ ਉਲੀਕਣੇ ਪੈਂਦੇ ਹਨ ਕਾਫ਼ਲੇ ਐਵੇਂ ਨਹੀਂ ਬਣਦੇ।
ਜ਼ਿੰਦਗੀ ਦੀਆਂ ਝਾਂਜਰਾਂ ਚੋਂ ਸੰਗੀਤ ਸੁਣਨ ਲਈ ਸ਼ੋਰ ਸ਼ਰਾਬੇ ਤੋਂ ਲਾਂਭੇ ਤਾਂ ਹੋਣਾ ਹੀ ਪੈਂਦਾ ਹੈ ਅੱਜ ਹੋਵੋ ਭਾਵੇਂ ਕੱਲ੍ਹ, ਕਾਮਯਾਬ ਲੋਕ ਇਸੇ ਸੰਸਾਰ ਵਿਚ ਰਹਿਕੇ ਹੀ ਜ਼ਿੰਦਗੀ ਦੀ ਸੁਰਤਾਲ ਸਿਰਦੇ ਹਨ, ਇਨ੍ਹਾਂ ਕੋਲ ਵੀ ਚਿੰਤਾਵਾਂ ਤੇ ਸੰਸੇ ਸਾਡੇ ਵਰਗੇ ਹੀ ਹੁੰਦੇ ਹਨ। ਫ਼ਰਕ ਸਿਰਫ਼ ਇਹ ਹੁੰਦਾ ਹੈ ਕਿ ਤੰਦਰੁਸਤ ਮਾਨਸਿਕਤਾ ਸਦਕੇ ਓ ਹਰ ਸੰਕਟ ਸਮੇਂ ਆਪਣੀ ਪੂਰਾ ਦਿਮਾਗ਼ੀ ਸੰਤੁਲਨ ਹੱਲ ਲੱਭਣ ਵਿਚ ਲਾਉਂਦੇ ਹਨ ਅਤੇ ਹਾਰ, ਜਿੱਤ ਵਿਚ ਬਦਲ ਜਾਂਦੀ ਹੈ।
ਮੰਨਿਆ ਮਨੁੱਖ ਦੀ ਸਭ ਖੁਸ਼ੀਆਂ ਆਰਥਿਕਤਾ ਨਾਲ ਜੁੜੀਆਂ ਹਨ। ਸੰਸਾਰ ਤੇ ਇੱਕ ਨਹੀਂ ਅਨੇਕਾਂ ਅਜਿਹੇ ਵਿਅਕਤੀ ਹੋਏ ਨੇ ਜਿਨ੍ਹਾਂ ਸਮਾਜ ਲਈ ਓਹ ਕਰ ਦਿਖਾਇਆ ਜੋ ਸਧਾਰਨ ਲੋਕਾਂ ਲਈ ਸੋਚਣਾ ਵੀ ਸੰਭਵ ਨਹੀਂ ਸੀ। ਫਿਰ ਆਪਣਾ ਜੀਵਨ ਸੁਖਾਲਾ ਕਰਨ ਜੋਗਾ ਤਾਂ ਆਪਾਂ ਸਾਰੇ ਹੀ ਕਰ ਸਕਦੇ ਹਾਂ। ਕਿਉਂਕਿ ਆਰਥਿਕਤਾ ਸਦਕੇ ਹੀ ਅਸੀਂ ਹੋਰਨਾਂ ਲੋਕਾਂ ਦੇ ਸੰਪਰਕ ਵਿਚ ਆਉਂਦੇ ਹਾਂ। ਮਜ਼ਬੂਤ ਆਰਥਿਕਤਾ ਸਦਕੇ ਹੀ ਸਮਾਜ ਵਿਚ ਸਨਮਾਨਯੋਗ ਬਣਿਆ ਜਾ ਸਕਦਾ ਹੈ ਕਿਉਂਕਿ ਕਿਸੇ ਗ਼ਰੀਬ ਵਿਦਵਾਨ ਦੀਆਂ ਸਿਆਣੀਆਂ ਗੱਲਾਂ ਨੂੰ ਕੋਈ ਸੁਣਨਾ ਪਸੰਦ ਨਹੀਂ ਕਰਦਾ। ਆਓ ਆਪੋ ਆਪਣੇ ਖ਼ੇਤਰ ਵਿਚ ਸਵੈ ਵਿਸ਼ਵਾਸ਼ ਨਾਲ ਅੱਗੇ ਵਧੀਏ ਲੋਕ ਸਾਨੂੰ ਸਾਡੇ ਨਾਲ ਟੁਰਦੇ ਪ੍ਰਤੀਤ ਹੋਣਗੇ। ਰੂਹ ਰਾਜ਼ੀ ਰੱਬ ਰਾਜ਼ੀ, ਰੱਬ ਰਾਜ਼ੀ ਜੱਗ ਰਾਜ਼ੀ, ਸਭ ਨੂੰ ਖੁਸ਼ੀਆਂ ਦੀ ਦਾਤ ਨਸੀਬ ਹੋਵੇ, ਧੰਨਵਾਦ ਜੀ।
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਵਨਾਵਾਂ ਅਤੇ ਉਹਨਾਂ ਦਾ ਅਹਿਸਾਸ
Next articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਵਾਈਸ ਪ੍ਰਿੰਸੀਪਲ ‘ਪਰੈਸਟਿਜੀਅਸ ਪ੍ਰਿੰਸੀਪਲ ਐਵਾਰਡ’ ਨਾਲ ਸਨਮਾਨਿਤ ।