ਸ਼ੁਭ ਸਵੇਰ ਦੋਸਤੋ,  

(ਸਮਾਜ ਵੀਕਲੀ)
*ਹੱਸਦੇ-ਵੱਸਦੇ ਰਿਸ਼ਤੇ ਹੀ ਸਭ ਨੂੰ ਸੋਹਣੇ ਲੱਗਦੇ ਨੇ,*
*ਪਾਕਿ-ਪਵਿੱਤਰ ਰੂਹਾਂ ਵਾਲੇ ਫੁੱਲਾਂ ਜਿਉਂ ਫੱਬਦੇ ਨੇ!*
ਨਰੋਈਆਂ ਸੋਚਾਂ ਵਾਲੇ ਦਿਮਾਗ਼ਾਂ ਅੰਦਰੋਂ ਹਮੇਸ਼ਾਂ ਸਾਰਥਿਕ ਵਿਚਾਰਾਂ ਦੀ ਪੈਦਾਵਾਰ ਹੁੰਦੀ ਹੈ। ਜਿਸ ਨਾਲ ਖੁਦ ਦਾ ਘਰ ਪਰਿਵਾਰ ਤਾਂ ਮਹਿਕਦਾ ਹੀ ਹੈ, ਆਲੇ-ਦੁਆਲੇ ਵਿਚ ਵੀ ਸੋਹਣੀ ਖੁਸ਼ਬੂ ਜਾਂਦੀ ਹੈ। ਅਨੇਕਾਂ ਵਾਰੀ ਅਸੀਂ ਆਪਣੇ ਮਨ ਦੀ ਸਥਿਤੀਆਂ ਜਾਂ ਆਪਣੇ ਆਲੇ ਦੁਆਲੇ ਦੀਆਂ ਪ੍ਰਸਥਿਤੀਆਂ ਵਿਚਲੇ ਸੂਖਮ ਭਾਵਾਂ ਨਾਲ ਇੱਕਸੁਰ ਹੋ ਜਾਂਦੇ ਹਾਂ, ਉਨ੍ਹਾਂ ਭਾਵਾਂ ਵਿੱਚ ਵਿਚਰਨ ਲੱਗਦੇ ਹਾਂ, ਪੂਰੀ ਸ਼ਿਦੱਤ ਨਾਲ ਮਹਿਸੂਸ ਕਰਨ ਲਗਦੇ ਹਾਂ ਤਾਂ ਇੱਕ ਕਵਿਤਾ ਰੂਪ ਪਰਵਾਹ ਵਗਦਾ ਹੈ। ਆਨੰਦ ਮਨ ‘ਚੋਂ ਫਿਰ ਆਪ ਮੁਹਾਰੇ ਫੁਰਨੇ ਫੁਰਦੇ ਹਨ।
ਮੈਂ ਬੇਹੱਦ ਖੁਸ਼ ਹੁਨਾਂ ਜਦੋਂ ਕੋਈ ਜੋੜਾ ਕੁਦਰਤ ਨਾਲ ਇੱਕਮਿਕ ਹੋਇਆ ਵੇਖਦਾ ਹਾਂ, ਜਿਵੇਂ ਅਹਿਸਾਸ ਹੋਣ… ‘ਤੂੰ ਜੋ ਪ੍ਰਵਾਹ ਕਰਦਾ ਹੈ ਸੱਜਣਾ ਰਿਸ਼ਤੇ ਦੀ, ਮੈਂ ਤੇਰੇ ਪਿਆਰ ਦੀ ਗਹਿਰਾਈ ਨੂੰ ਬੜੀ ਸਿਦਕ ਨਾਲ ਮਹਿਸੂਸ ਕਰਿਆ ਹੈ। ਹੋਰ ਆਪਣਾਪਨ ਮਾਪਣ ਦੇ ਲਈ ਕੋਈ ਪੈਮਾਨਾ ਥੋੜ੍ਹਾ ਬਣਿਆ ਹੈ, ਤੂੰ ਦੱਸ ਮੈਨੂੰ’?
ਜੀਵਨ ‘ਚ ਹਾਲਾਤ ਕਿਹੋ ਜਿਹੇ ਵੀ ਹੋਣ, ਸਾਡੀ ਦ੍ਰਿਸ਼ਟੀ ਦੇ ਰੰਗਾਂ ਨੂੰ ਸਮਾਂ ਪਾ ਕੇ ਕੁਦਰਤ ਸਾਡੀ ਜ਼ਿੰਦਗੀ ਦੇ ਰੰਗ ਬਣਾ ਦਿੰਦੀ ਹੈ।
ਕਦਮ ਭਾਵੇਂ ਛੋਟੇ ਹੋਣ, ਪਰ ਅਸੀਂ ਪੁੱਟੇ ਵੱਡੇ ਸ਼ੌਕਾਂ ਵੱਲ ਹੋਣੇ ਚਾਹੀਦੇ ਆ, ਰੁਕਣਾ ਨਹੀਂ ਬਸ ਹਿੰਮਤ ਜੀ ਕਰਕੇ ਚਲਦੇ ਰਹਿਣਾ, ਦੇਖਿਓ ਜਿਉਂ-ਜਿਉਂ ਅਸੀਂ ਖੁੱਲ੍ਹਦੇ ਜਾਵਾਂਗੇ, ਤਿਉਂ-ਤਿਉਂ ਖਿੜ੍ਹਦੇ ਜਾਵਾਂਗੇ, ਫੈਲਦੇ ਜਾਵਾਂਗੇ। ਇੱਕ ਦਿਨ ਸਾਡੇ ਕੋਲ ਸੌਗਾਤਾਂ ਦਾ ਸੰਸਾਰ ਹੋਵੇਗਾ। ਜੋ ਦੌਲਤਾਂ ਨਾਲ ਖ਼ਰੀਦਿਆ ਨਹੀਂ ਜਾ ਸਕਦਾ, ਦੌਲਤਮੰਦਾਂ ਵੱਲੋਂ ਤਾਂ ਮਹਿਸੂਸ ਵੀ ਨਹੀਂ ਕੀਤਾ ਜਾ ਸਕਦਾ ਕਿ ਕੁਦਰਤ ਦੀ ਗੋਂਦ ਵਿਚ ਕਿੰਨੀ ਬੇਫਿਕਰੀ ਹੁੰਦੀ ਹੈ। ਕਿਵੇਂ… ‘ਸੱਚੀ ਦੋਸਤੀ, ਸਵੱਛ ਸੋਚਣੀ, ਚੰਗੀ ਸਿਹਤ, ਪ੍ਰਸੰਨ ਬਿਰਤੀ, ਉਸਾਰੂ ਦ੍ਰਿਸ਼ਟੀਕੌਣ, ਮਨ ਦੀ ਅਮੀਰੀ, ਗਿਆਨ ਦਾ ਆਨੰਦ, ਬੇਫਿਕਰੀ, ਅੰਦਰਲੀ ਸ਼ਾਂਤੀ, ਅਸਲੀ ਸੁੱਖ ਆਦਿ’!
ਪਾਕਿ-ਪਵਿੱਤਰ ਰੂਹਾਂ ਵਾਲੇ ਸਵੈ-ਭਰੋਸੇ ਦਾ ਚੜ੍ਹਦਾ ਸੂਰਜ ਹੁੰਦੇ ਹਨ। ਐਸੇ ਸੱਜਣਾਂ ਦਾ ਜੀਵਨ ਵਿਚ ਆਉਣਾ ਰਹਿਮਤਾਂ ਹੀ ਤਾਂ ਹੁੰਦਾ ਹੈ। ਜਿਉਂ ਪਾਣੀ ਦੀ ਹਰ ਬੂੰਦ ਵਿਚ ਸਮੁੱਚੇ ਸਾਗਰ ਦਾ ਸੁਨੇਹਾ ਹੁੰਦਾ ਹੈ। ਇਸੇ ਤਰ੍ਹਾਂ ਸੱਚੇ ਪਿਆਰ ਦੀ ਗਹਿਰਾਈ ਹੁੰਦੀ ਹੈ। ਲੋੜ ਇਸ ਨੂੰ ਸਮਝਣ ਦੀ ਹੁੰਦੀ ਹੈ। ਪਰ ਇਹ ਉਸਾਰੂ ਦ੍ਰਿਸ਼ਟੀ, ਵੱਡੇ ਦਿਲ ਤੇ ਵਿਸ਼ਾਲ ਸੋਚ ਬਿਨ ਸੰਭਵ ਨਹੀਂ!
  ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਲੇਂਟਰ /   ਦੋਗਾਣਾ 
Next articleਬੁੱਧ ਚਿੰਤਨ / ਅਮਲਾ ਬਾਂਝੋ…!