(ਸਮਾਜ ਵੀਕਲੀ)- ਬੱਚੇ ਆਪਣੇ ਹੋਣ ਜਾਂ ਕਿਸੇ ਹੋਰ ਦੇ ਇਨ੍ਹਾਂ ਵੱਲ ਵੇਖ ਕੇ ਗੁਜ਼ਾਰੇ ਦਿਨ ਚੇਤੇ ਆ ਜਾਂਦੇ ਨੇ, ਜਦੋਂ ਸਕੂਲ ਵਾਕਿਆ ਹੀ ਗਿਆਨ ਦੇ ਮੰਦਰ ਹੋਇਆ ਕਰਦੇ ਸਨ, ਹੁਣ ਤਾਂ ਅਸੀਂ ਦੁਕਾਨਾਂ ਤੋਂ ਤਸੱਲੀ ਪ੍ਰਾਪਤ ਕਰ ਰਹੇ ਹਾਂ! ਨਵੇਂ ਬਣੇ ਮੰਤਰੀਆਂ ਸੰਤਰੀਆਂ ਨੂੰ ਕੌਣ ਦੱਸੇ ਕੇ ਸਰਕਾਰੀ ਅਮਲੇ ਨਾਲ ਸਕੂਲਾਂ ਦੀ ਚੈਕਿੰਗ ਨਹੀਂ ਹੁੰਦੀ, ਸਗੋਂ ਇੱਕ ਜ਼ੁੰਮੇਵਾਰ ਨੁਮਾਇੰਦੇ ਹੋਣ ਦੇ ਨਾਮ ਤੇ ਆਪ ਜੀ ਵੱਲੋਂ ਸਾਦੇ ਢੰਗ ਤੇ ਅਦਬ ਨਾਲ ਜਾ ਕੇ ਲੋੜੀਂਦੇ ਸਹਿਯੋਗ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਣੀ ਚਾਹੀਦੀ ਹੈ। ਪਤਾ ਨਹੀਂ ਕਿਉਂ ਆਪਾਂ ਅੱਖਾਂ ‘ਤੇ ਖੋਪੇ ਚੜ੍ਹਾ ਦੌੜ ਰਹੇ ਹਾਂ, ਨਾ ਅਸੀਂ ਅਤੀਤ ਯਾਦ ਕਰਦੇ ਹਾਂ, ਨਾ ਭਵਿੱਖ ਬਾਰੇ ਸਹੀ ਵਿਉਂਤਬੰਦੀ ਬਣਾਉਂਦੇ ਹਾਂ! ਮੈਂ ਤਾਂ ਜਦੋਂ ਵੀ ਇਨ੍ਹਾਂ ਬੱਚਿਆਂ ਨੂੰ ਆਪਣੀਆਂ ਅੱਖਾਂ ਅੱਗੋਂ ਢੇਰ ਉਮੀਦਾਂ ਲੈ ਲੰਘਦੇ ਵੇਖਦਾ ਹਾਂ ਤਾਂ ਮਹਿਸੂਸ ਕਰਦਾ ਕਿ…
*ਯਹ ਬੱਚੇ ਮੇਰੀ ਤਸਵੀ ਕੇ ਮੋਤੀ ਹੈਂ,*
*ਆਂਖੋਂ ਕੇ ਆਗੇ ਸੇ ਗੁਜ਼ਰਤੇ ਹੈਂ, ਇਬਾਦਤ ਹੋਤੀ ਜਾਤੀ ਹੈ!*
ਦੁੱਖ ਹੈ ਕਿ ਹੁਣ ਸਾਡੇ ਬੱਚਿਆਂ ਨੂੰ ਉਨ੍ਹਾਂ ਦੀ ਆਪਣੀ ਰੁਚੀ ਅਨੁਸਾਰ ਕੋਈ ਵੀ ਰਸਤਾ ਤਿਆਰ ਕਰਕੇ ਨਹੀਂ ਦਿੱਤਾ ਜਾ ਰਿਹਾ, ਅਧਿਆਪਕਾਂ ਅਤੇ ਮਾਪਿਆਂ ਵੱਲੋਂ ਰੁਚੀ ਬੱਚੇ ਦੀ ਨਹੀਂ ਸਗੋਂ ਸਮਾਜ ਦੀ ਦੇਖੀਂ ਜਾ ਰਹੀ ਹੈ। ‘ਆਈਲੈਟਸ’ ਇਸਦੀ ਸਰਵ ਉੱਚ ਉਦਾਹਰਣ ਹੈ।
*ਸਰਕਾਰਾਂ ਨੂੰ ਤਾਂ ਛੱਡੋ ਸਮਾਜ ਪ੍ਰਤੀ ਫਿਕਰਮੰਦ ਸੱਜਣ ਲੋਕ ਸਮਝਦੇ ਨੇ ਕਿ ਅੱਜ ਮੁਲਕ ਨੂੰ ਤਹਿਸ-ਨਹਿਸ ਕਰਨ ਲਈ, ਐਟਮ ਬੰਬਾਂ ਜਾਂ ਦੂਰ-ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਲੋੜ ਨਹੀਂ! ਇਹਦੇ ਵਾਸਤੇ ਬੱਸ ਇਨਾ ਕਾਫ਼ੀ ਹੈ ਕਿ ਮੁਲਕ ਵਿਚ ਵਿੱਦਿਆ ਪ੍ਰਣਾਲੀ ਦੀ ਗੁਣਵੱਤਾ ਘਟਾ ਦਿਓ, ਵਿਦਿਆਰਥੀਆਂ ਨੂੰ ਹੇਰਾਫੇਰੀ ਨਾਲ ਇਮਤਿਹਾਨ ਪਾਸ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿਓ। ਕਰੋਨਾ ਕਾਲ ਦੇ ਨਾਮ ਤੇ ਸਾਡੇ ਫਰਜੰਦਾਂ ਨਾਲ ਵੀ ਤਾਂ ਆਹੀ ਕੁਝ ਹੋਇਆ ਹੈ, ਜਰਵਾਣਿਆਂ ਦੀ ਮਾਰੂ ਦੂਰ ਅੰਦੇਸ਼ੀ ਸੋਚ ਸਦਕਾ!*
ਕਿਸੇ ਦੇਸ਼, ਕੌਮ ਤੇ ਸੱਭਿਅਤਾ ਦੀ ਸੁਰੱਖਿਆ ਚੁਸਤ-ਚਲਾਕੀਆਂ, ਧੋਖੇਬਾਜ਼ੀਆਂ ਜਾਂ ਪ੍ਰਮਾਣੂ ਬੰਬਾਂ ਦੇ ਜ਼ਖੀਰਿਆਂ ਨਾਲ ਨਹੀਂ, ਸਗੋਂ ਦੇਸ਼ ਅੰਦਰ ਵਿੱਦਿਆ ਦੇ ਮੰਦਰਾਂ ਵਿਚ ਤਿਆਰ ਕੀਤੇ ਸੋਚਵਾਨ ਨਾਗਰਿਕਾਂ ਨਾਲ ਹੁੰਦੀ ਹੈ। ਪਰ ਦੁੱਖ ਹੈ ਅੱਜ ਮੇਰੇ ਦੇਸ਼ ਅੰਦਰ ਕੀ ਪੂਰੇ ਸੰਸਾਰ ਵਿਚ ਰਾਜਨੀਤੀ ਹਿੱਤਾਂ ਦੇ ਟਕਰਾਓ ਨੂੰ, ਸਿਧਾਂਤਾਂ ਦੀ ਲੜਾਈ ਦੇ ਰੂਪ ਵਿਚ ਮੀਡੀਆ ਰਾਹੀਂ, ਆਮ ਲੋਕਾਂ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਜੋ ਅਤਿ-ਨਿੰਦਣਯੋਗ ਕਾਰਜ ਹੈ…
*ਆਓ, ਕਾਂਗਿਆਰੀ ਤੋਂ ਬੱਚਿਆਂ ਨੂੰ ਬਚਾਉਣ ਲਈ,*
*ਲਿਆਕਤ, ਸਿਆਣਪ ਅਤੇ ਪ੍ਰੇਮ ਦੀ ਜਾਗ ਲਾਈਏ,*
*ਜਿਨਾ ਹੋ ਸਕੇ ਔਕਾਤ ਮੁਤਾਬਿਕ ‘ ਬੱਚੇ ‘ ਪੜ੍ਹਾਈਏ!*
ਸਾਡਾ ਸਮਾਜ, ਕੌਮ ਤੇ ਲੀਡਰ ਤਾਂ ਸਾਧਾਂ ਦੇ ਡੇਰਿਆਂ ਦਾ ਖਹਿੜਾ ਨਹੀਂ ਛੱਡਦੇ। ਜੋ ਜਿੰਨਾ ਹੋ ਸਕੇ ਆਪਾਂ ਖੁਦ ਹੀ ਆਪਣੇ ਫਰਜੰਦਾਂ ਅੰਦਰ ਨੈਤਿਕ ਗੁਣਾਂ ਤੇ ਇਮਾਨਦਾਰੀ ਦਾ ਜਾਗ ਲਗਾ ਕੇ ਰੱਖੀਏ ਤਾਂ ਜੋ ਭੈੜੀਆਂ ਨੀਤੀਆਂ ਤੇ ਜਰਵਾਣਿਆਂ ਦੀਆਂ ਸਕੀਮਾਂ ਵੀ ਸਾਡੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ ਨਾ ਵਿਗਾੜ ਸਕਣ, ਧੰਨਵਾਦ ਜੀ।
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157