(ਸਮਾਜ ਵੀਕਲੀ)- ਕੁਦਰਤ ਤੇ ਭਰੋਸਾ ਰੱਖਣ ਨਾਲ ਸਾਡੇ ਮਨ ਦੇ ਸਾਰੇ ਡਰ ਖ਼ਤਮ ਹੋ ਜਾਂਦੇ ਹਨ ਅਤੇ ਸਾਡਾ ਸਿੱਦਕ ਜਾਗ ਪੈਂਦਾ ਹੈ। ਇਖ਼ਲਾਕ ਦੀ ਬੁਲੰਦੀ ਸਾਡੇ ਕਿਰਦਾਰ ਨੂੰ ਆਵਾਜਾਂ ਮਾਰਨ ਲੱਗਦੀ ਐ… ਇਹ ਐਸੀ ਅਵਸਥਾ ਹੁੰਦੀ ਹੈ ਜਿੱਥੇ ਸਾਨੂੰ ਜ਼ਿੰਦਗੀ ਆਨੰਦ ਜਾਪਦੀ ਹੈ।
ਕੋਈ ਹੀਰਾ ਬਿਨ ਤਰਾਸ਼ਿਆ ਸਿਰ ਦੇ ਤਾਜ ਦਾ ਸ਼ਿੰਗਾਰ ਨਹੀਂ ਬਣਦਾ, ਬੰਦਾ ਰਗੜਿਆਂ ਬਿਨਾਂ ਲੱਖ ਕਿਤਾਬਾਂ ਪੜ੍ਹੇ ਸਮਝਦਾਰ ਨਹੀਂ ਬਣਦਾ।
ਦਿਲ ‘ਤੇ ਪਈਆਂ ਰਾਤਾਂ ਦੀ ਕਦੇ ਸਵੇਰ ਨਹੀਂ ਹੁੰਦੀ, ਇਸੇ ਕਰਕੇ ਲੋਕ ਵੱਖ-ਵੱਖ ਉਮਰ ਵਿਚ ਬਿਰਧ ਹੋ ਜਾਇਆ ਕਰਦੇ ਹਨ, ਨਾਂਹਪੱਖੀ ਦ੍ਰਿਸ਼ਟੀਕੋਣ ਵਾਲੇ ਤਾਂ ਤੀਹਾਂ ਵਿਚ ਹੀ ਬਹਿ ਜਾਂਦੇ ਨੇ ਥੱਕ ਹਾਰ ਕੇ!
ਜਿਹੜੇ ਦਿਲ ਵਿਚ ਕਿਸੇ ਦੀ ਯਾਦ ਰਿੱਝਦੀ ਹੋਵੇ, ਉਹ ਇਕੱਲਾ ਵੀ ਕਿੱਕਲੀਆਂ ਪਾਉਂਦਾ ਰਹਿੰਦਾ ਹੈ। ਦਿਲ ਜਵਾਨ ਰਹਿੰਦਾ ਹੈ, ਜੀਵਨ ਦੇ ਅਜਿਹੇ ਪੜਾਅ ਨੂੰ ਜਵਾਨੀ ਕਿਹਾ ਜਾਂਦਾ ਹੈ, ਨਿਰਭਰ ਸਾਡੇ ਤੇ ਕਰਦਾ ਹੈ ਇਹ ਪੜ੍ਹਾਅ ਖ਼ਤਮ ਕਦੋ ਕਰਨਾ ਹੈ!
ਕੰਮਾਂ-ਕਾਰਾਂ ਸਬੰਧੀ ਵਿਉਂਤ-ਬੰਦੀ ਚਲਦੀ ਹੈ, ਪਰ ਪਿਆਰ, ਮੁਹੱਬਤ ਅਤੇ ਮੋਹ ਦੇ ਮਾਮਲੇ ਵਿਚ ਨਹੀਂ, ਅੱਖਾਂ ਦੁਆਰਾ ਦਿਲ ਵਿਚ ਲੱਗੀ ਅੱਗ ਤਾਂ ਸ਼ਮਸ਼ਾਨ ਦੀ ਅੱਗ ਨਾਲ ਇੱਕ ਮਿੱਕ ਹੋ ਕੇ ਹੀ ਠੰਡੀ ਹੁੰਦੀ ਹੈ।
ਦਿਲ ਵਾਲਿਆਂ ਦੀ ਦੁਨੀਆਂ, ਦੁਨੀਆਦਾਰਾਂ ਤੋਂ ਅਲੱਗ ਚਲਦੀ ਹੈ। ਦਿਲ ਵਾਲੀਆਂ ਰੂਹਾਂ ਜਨਮ ਹੀ ਪਿਆਰ ਕਰਨ ਲਈ ਲੈਂਦੀਆਂ ਹਨ, ਭਾਵੇਂ ਕੋਈ ਕੁੱਝ ਵੀ ਕਹੀ ਜਾਵੇ, ਪਰ ਹਾਂ ਖੋਟੇ ਸਿੱਕਿਆਂ ਨੂੰ ਇਸ ਖੂਬਸੂਰਤ ਸੰਸਾਰ ਵਿਚ ਕੋਈ ਖ਼ਾਸ ਥਾਂ ਨਸੀਬ ਨਹੀਂ ਹੁੰਦੀ।
ਆਪਣੇ ਆਪ ਨੂੰ ਲੋੜ ਤੋਂ ਵੱਧ ਸਿਆਣੇ ਸਮਝਣ ਵਾਲੇ ਮਰਦ ਅਤੇ ਹੁਸਨ ਦਾ ਗੁਮਾਨ ਕਰਨ ਵਾਲੀਆਂ ਔਰਤਾਂ ਅਕਸਰ ਹੀ ਪਿਆਰ ਦੇ ਅਸਲ ਅਨੁਭਵ ਤੋਂ ਕੋਰੀਆਂ ਸੰਸਾਰ ਨੂੰ ਅਲਵਿਦਾ ਕਹਿ ਜਾਂਦੀਆਂ ਹਨ।
ਬਹੁਤ ਥੋੜ੍ਹੇ ਲੋਕ ਸਮਝਦੇ ਹਨ ਕਿ ਪਿਆਰ ਅਤੇ ਜੰਗ ਵਿਚ ਜਿੱਥੇ ਮਰਜ਼ੀ ਹੱਥ ਪੈ ਜਾਵੇ, ਸਭ ਜਾਇਜ਼ ਹੁੰਦਾ ਹੈ। ਨਫ਼ੇ ਨੁਕਸਾਨ ਦੀ ਕੋਈ ਪ੍ਰਵਾਹ ਨਹੀਂ ਹੁੰਦੀ।
ਦਿਲ ਦੇ ਬਾਦਸ਼ਾਹ ਜ਼ਿੰਦਗੀ ਤੇ ਰਾਜ ਕਰਦੇ ਨੇ, ਜੇਬ ਭਾਵੇਂ ਖ਼ਾਲੀ ਹੋਵੇ…
ਹਰਫੂਲ ਭੁੱਲਰ ਮੰਡੀ ਕਲਾਂ 9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly