(ਸਮਾਜ ਵੀਕਲੀ)
ਜ਼ਿੰਦਗੀ ਮਹਿਜ਼ ਸੌਦੇਬਾਜ਼ੀ ਨਹੀਂ, ਇਹ ਜੈਸੀ ਵੀ ਹੈ ਬਸ ਜ਼ਿੰਦਗੀ ਹੈ, ਇਸਨੂੰ ਮੁਹੱਬਤ, ਅੰਦਰੂਨੀ ਆਤਮਿਕ ਸ਼ਕਤੀ, ਆਤਮਿਕ ਪਵਿੱਤਰਤਾ, ਸ਼ਰਾਫ਼ਤ ਅਤੇ ਉਦਾਰਤਾ ਸਦਕਾ ਖੂਬਸੂਰਤ ਤੇ ਅਨੰਦਮਈ ਬਣਾਇਆ ਜਾ ਸਕਦਾ ਹੈ। ਸੋ ਆਉ ਜੀਵਨ ਨੂੰ ਪ੍ਰਕਾਸ਼ ਮਈ ਬਣਾਉਣ ਦੇ ਯਤਨ ਤਾਂ ਕਰੀਏ।
ਅਸਲ ਵਿਚ ਅਸੀਂ ਸੌਦੇਬਾਜ਼ ਹੋ ਗਏ ਹਾਂ, ਸ਼ਾਇਦ ਤਾਂਹੀ ਅੱਜ ਮਨੁੱਖੀ ਜੀਵਨ ਦਾ ਸੰਤੁਲਨ ਜਿਆਦਾ ਵਿਗੜਿਆ ਹੈ। ਰਿਕਸ਼ਾ ਲੈਣਾ, ਸਬਜ਼ੀ ਲੈਣੀ, ਕਵਾੜ ਵੇਚਣਾ ਜਾਂ ਕੁਝ ਵੀ ਅਦਲਾ ਬਦਲੀ ਕਰਨੀ ਹਰ ਜਗ੍ਹਾ ਸੌਦੇਬਾਜ਼ੀ ਹੁੰਦੀ ਹੈ। ਘਰਵਾਲੀ ਕੱਪੜੇ ਮੰਗੇ ਤਾਂ ਮੇਰੇ ਵਰਗਾ ਭੰਦਰਪੁਰਸ ਨਾਲ ਪੱਗ ਜਾਂ ਪੈਂਟ ਦਾ ਸੁਆਲ ਖੜ੍ਹਾ ਕਰ ਲੈਂਦਾ ਹੈ। ਮੁੰਡਾ ਸਾਈਕਲ ਮੰਗੇ ਤਾਂ ਬਾਪੂ ਵੱਲੋਂ 90% ਨੰਬਰਾਂ ਦੀ ਸ਼ਰਤ ਰੱਖੀ ਜਾਂਦੀ ਹੈ। ਧੀ ਧਿਆਣੀ ਸਹੇਲੀ ਘਰ ਜਾਣ ਦੀ ਆਗਿਆ ਚਾਹਵੇਂ ਤਾਂ ਮਾਂ ਹੁਕਮ ਦੇਂਦੀ ਹੈ ਕਿ… ‘ਆਟਾ ਗੁੰਨ੍ਹ ਕੇ, ਦਾਲ ਚਾੜ੍ਹ ਕੇ, ਬਾਪੂ ਲਈ ਸਲਾਦ ਕੱਟਕੇ ਚਲੀ ਜਾਵੀ ਤੇ ਘੰਟੇ ਚ ਵਾਪਿਸ ਵੀ ਆ ਜਾਵੀਂ’!
ਕਿਸੇ ਨੇ ਰਾਮ-ਰਾਮ ਦੀਆਂ ਦੋ ਮਾਲ਼ਾਂ ਫੇਰ ਲਈਆਂ ਜਾਂ ਜਪ ਜੀ ਸਾਹਿਬ ਦਾ ਪਾਠ ਕਰ ਲਿਆ ਤਾਂ ਬੰਦਾ ਰੱਬ ਕੋਲੋਂ ਸਾਰੀਆਂ ਗਲਤੀਆਂ ਤੋਂ ਬਰੀ ਹੋਣ ਦਾ ਸਰਟੀਫਿਕੇਟ ਖੁਦ ਹੀ ਤਕਸੀਮ ਕਰ ਲੈਂਦਾ ਹੈ। ਕੋਈ ਮੁਲਾਜ਼ਮ ਦੋ ਦਿਨ ਮਾਤਹਿਤ ਵੇਲੇ ਸਿਰ ਡਿਊਟੀ ਆ ਜਾਵੇ ਜਾਂ ਕਿਸੇ ਦਿਨ ਦੋ ਘੰਟੇ ਫਾਲਤੂ ਦੇ ਲਾ ਜਾਵੇ ਜਾਂ ਸਾਹਿਬ ਦਾ ਕੋਈ ਜ਼ਾਤੀ ਕੰਮ ਕਰ ਆਵੇ ਤਾਂ ਓਹ ਚਾਰ ਦਿਨਾਂ ਦੀ ਫਰਲੋਂ ਨੂੰ ਇਵਾਜਾਨਾਂ ਕਹਿਣ ਲੱਗ ਜਾਂਦਾ ਹੈ।
ਸੱਚੇ ਜੀਵਨ ਮਨੋਰਥਾਂ ਨੂੰ ਪੜ੍ਹਿਆ ਪਤਾ ਲਗਦਾ ਹੈ ਕਿ… ‘ਭਾਮਾ ਸ਼ਾਹ’ ਨੇ ਦੇਸ਼ ਦੀ ਸੁਰੱਖਿਆ ਖ਼ਤਰੇ ਚ ਪੈਂਦੀ ਦੇਖਕੇ ਆਪਣੇ ਸਾਰੇ ਖ਼ਜ਼ਾਨੇ ‘ਰਾਣਾ ਪ੍ਰਤਾਪ’ ਦੇ ਹਵਾਲੇ ਕਰ ਦਿੱਤੇ ਸਨ, ਦੱਸੋ ਕਿਹੜੀ ਸੌਦੇਬਾਜ਼ੀ ਕੀਤੀ ਸੀ ‘ਹਿੰਦ ਦੀ ਚਾਦਰ’ ਤੇ ਉਨ੍ਹਾਂ ਦੇ ਸੈਂਕੜੇ ਚੇਲਿਆਂ ਨੇ, ਜੋ ਵਤਨ ਤੋਂ ਕੁਰਬਾਨ ਹੋ ਗਏ? ਕਿਹੜੀਆਂ ਸੁਲਤਨਾਂ ਪ੍ਰਾਪਤ ਕੀਤੀਆਂ ਬੁੱਧ ਜਾਂ ਈਸਾ ਨੇ..?
ਹਮੇਸ਼ਾਂ ਸੌਦੇਬਾਜ਼ੀ ਕਰਨੀ ਅਵਿਕਸਤ ਮਨੁੱਖ ਦੀ ਨਿਸ਼ਾਨੀ ਹੈ, ਬੇਅਕਲੀ ਦਾ ਚਿੰਨ੍ਹ ਹੈ, ਸੌੜੀ ਦ੍ਰਿਸ਼ਟੀ ਦਾ ਪ੍ਰਮਾਣ ਹੈ, ਆਤਮ ਅਗਿਆਨਤਾ ਹੈ, ਨਿਰਾ ਪੁਰਾ ਆਡੰਬਰ ਹੈ ਅਤੇ ਮੰਦਬੁੱਧੀ ਦਾ ਪ੍ਰਤੱਖ ਸਬੂਤ ਹੈ। ਇਸ ਤਰ੍ਹਾਂ ਦੀ ਪ੍ਰਜਾਤੀ ਹੁਣ ਹਰ ਗਲੀ ਮੁਹੱਲੇ, ਸ਼ਹਿਰਾਂ ਅਤੇ ਦਫਤਰਾਂ ਵਿਚ ਆਮ ਪਾਈ ਜਾਂਦੀ ਹੈ, ਸੋ ਖੁਦ ਹੀ ਬਚਕੇ ਰਹੋ ਭਾਈ..!
ਹਰਫੂਲ ਭੁੱਲਰ ਮੰਡੀ
ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly