(ਸਮਾਜ ਵੀਕਲੀ)
ਜੇ ਕਿਤੇ ਆਪਾਂ ਸਿਰਫ਼ ਵਰਤਮਾਨ ਵਿੱਚ ਜਿਉਣ ਲੱਗ ਪਈਏ ਤਾਂ ਗੱਲ ਬਣਜੇ, ਇਹ ਢੰਗ ਹਰ ਮਸਲੇ ਦਾ ਹੱਲ ਬਣਜੇ ਕਿਉਂਕਿ ਪਛਤਾਵੇ ਅਤੀਤ ਨਹੀਂ ਬਦਲਦੇ ਅਤੇ ਚਿੰਤਾ ਭਵਿੱਖ ਨਹੀਂ ਬਦਲ ਸਕਦੀ ਔਖੇ ਸਮੇਂ ਸਾਨੂੰ ਸ਼ੀਸ਼ਾ ਵੇਖਣਾ ਚਾਹੀਦਾ ਹੈ। ਇਸ ਤਰ੍ਹਾ ਕਰਨ ਨਾਲ ਸਾਨੂੰ ਕਾਰਨ ਵੀ ਨਜ਼ਰ ਆਉਣਗੇ, ਜੁਆਬ ਵੀ ਮਿਲ ਜਾਣਗੇ, ਕੋਈ ਨਾ ਕੋਈ ਹੱਲ ਵੀ ਨਿੱਕਲ ਆਵੇਗਾ ਤੇ ਅਸੀਂ ਕਿਸੇ ਲਈ ਪ੍ਰੇਰਨਾਦਾਇਕ ਵੀ ਬਣਾਂਗੇ ਭਵਿੱਖ ਵਿਚ।
ਹੋਰਨਾਂ ਨੂੰ ਜਾਨਣ ਨਾਲੋਂ ਆਪਾਂ ਆਪਣੇ ਆਪ ਨੂੰ ਜਾਣੀਏ ਬੇਹਤਰ ਹੈ, ਕਿਉਂਕਿ ਹਰ ਦਿਲ ਇਕੋ ਤਰ੍ਹਾਂ ਧੜਕਦਾ ਹੈ। ਹਾਂ ਇਹ ਜਰੂਰ ਹੈ ਕਿ ਕਿਸੇ ਸਮੱਸਿਆ ਸਮੇਂ ਧੜਕਣ ਦੀ ਰਫ਼ਤਾਰ ਥੋੜ੍ਹੀ ਤੇਜ਼ ਜਰੂਰ ਹੋ ਜਾਂਦੀ ਹੈ, ਪਰ ਸਮਾਂ ਬੀਤਣ ਨਾਲ ਸਭ ਪਹਿਲਾਂ ਦੀ ਤਰ੍ਹਾਂ ਹੋ ਜਾਂਦਾ ਹੈ।
ਸੋ ਕੋਸ਼ਿਸ਼ ਕਰੀਏ ਆਪਾਂ ਆਪੋ ਆਪਣੇ ਖੇਤਰ ਵਿਚ ਕਾਬਿਲ ਬਣੀਏ, ਕਿਉਂਕਿ ਸਾਡਾ ਸਮਾਜ ਕਾਬਿਲ ਇਨਸਾਨਾਂ ਵੱਲ ਇਸ ਤਰ੍ਹਾਂ ਦੇਖਦਾ ਹੈ ਜਿਵੇਂ ਛੋਟੇ ਬੱਚੇ ਕਿਸੇ ਪਰਬਤ ਦੀ ਉੱਚੀ ਚੋਟੀ ਵੱਲ ਵੇਖਦੇ ਹਨ। ਜ਼ਿੰਦਗੀ ਦੀ ਯੁੱਧ ਨੀਤੀ ਵਿਚ ਹੰਢੇ ਹੋਏ ਸਿਰਾਂ ਅੰਦਰ ਬਹੁਤ ਤਾਕਤ ਹੁੰਦੀ ਹੈ। ਓਹ ਜੀਵਨ ਦੀਆਂ ਆਮ ਜਹੀਆਂ ਦਿੱਕਤਾਂ ਵਿਚ ਬਹੁਤ ਜ਼ਿਆਦਾ ਨਹੀਂ ਘਬਰਾਇਆ ਕਰਦੇ। ਸਾਡੇ ਵੱਲੋਂ ਆਪਣੇ ਆਪ ਦੀ ਕੀਤੀ ਹੋਈ ਅਗਵਾਈ ਜਾਂ ਲਏ ਗਏ ਫੈਸਲਿਆਂ ਕਰਕੇ ਹੀ ਸਮਾਜ ਨੂੰ ਸਾਡੀ ਲਿਆਕਤ ਦਾ ਪਤਾ ਲਗਦਾ ਹੈ।
ਜੀਵਨ ਵਿਚ ਅਨੇਕਾਂ ਹੀ ਵਾਰੀ ਅਸੀਂ ਅਨਿਆ ਦਾ ਸ਼ਿਕਾਰ ਹੋ ਜਾਦੇ ਹਾਂ, ਅਜਿਹੇ ਹਾਲਾਤਾਂ ਵਿਚ ਕੋਈ ਵੀ ਸਾਡਾ ਸਾਥ ਦੇਣ ਲਈ ਅੱਗੇ ਨਹੀਂ ਆਉਂਦਾ। ਹੁਣ ਫਿਰ ਕੀਤਾ ਕੀ ਜਾਵੇ? ਸਿਰਫ਼ ਆਪਣੇ ਆਪ ਤੇ ਭਰੋਸਾ ਕਰਿਆ ਜਾਵੇ! ਬੁਰਾ ਸਮਾਂ ਜੋ ਸਾਨੂੰ ਸਿਖਾ ਜਾਂਦਾ ਹੈ, ਓਹ ਦਸ ਉਸਤਾਦ ਰਲਕੇ ਵੀ ਨਹੀਂ ਸਿਖਾ ਸਕਦੇ ਸਾਨੂੰ। ਬਾਕੀ…
*ਦਿਲ ਹੋਵੇ ਚੰਗਾ ਤਾਂ ਕਟੋਰੇ ਵਿਚ ਗੰਗਾ*
*ਅੰਤ ਨੂੰ ਤਾਂ…*
*ਅਮਲਾਂ ‘ਤੇ ਹੋਣਗੇ ਨਿਬੇੜੇ, ਕਿਸੇ ਨਾ ਸਾਡੀ ਜ਼ਾਤ ਪੁੱਛਣੀ!*
ਮੇਰੇ ਤਾਂ ਵੈਸੇ ਸਮਝੋ ਬਾਹਰ ਹੈ ਕਿ… ‘ਇਸ ਜਹਾਨ ਵਿੱਚ ਅਸੀਂ ਕਿੰਨਾ ਕੁਝ ਇਕੱਠਾ ਕਰੀ ਜਾ ਰਹੇ ਹਾਂ! ਓਸ ਜਹਾਨ ਖ਼ਾਲੀ ਹੱਥ ਜਾਣ ਲਈ…
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly