ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਮੈਨੂੰ ਤਾਂ ਜ਼ਿੰਦਗੀ ਦੀ ਐਨੀ ਕੁ ਸਮਝ ਹੈ ਕਿ ਕੋਈ ਇਨਸਾਨ ਕਿੰਨਾ ਵੀ ਅਮੀਰ ਕਿਉਂ ਨਾ ਹੋ ਜਾਵੇ, ਓਹ…
ਇਕੋਂ ਵਕਤ ਦੋ ਬਿਸਤਰਿਆਂ ‘ਚ ਸੌਂ ਨਹੀਂ ਸਕਦਾ।
ਕਿਸੇ ਦੇ ਦੰਦ ਕਿੰਨੇ ਵੀ ਤਿੱਖੇ ਕਿਉਂ ਨਾ ਹੋਣ, ਓਹ ਪਾਣੀ ਨੂੰ ਦੰਦੀਆਂ ਨਹੀਂ ਵੱਢ ਸਕਦਾ।
ਕੋਈ ਜ਼ਿਆਦਾ ਸਮਝਦਾਰ ਤੇ ਸਿਆਣਾ ਹੋ ਕੇ ਪਾਣੀ ‘ਤੇ ਆਪਣੀਆਂ ਪੈੜਾਂ ਦੇ ਨਿਸ਼ਾਨ ਨਹੀਂ ਛੱਡ ਸਕਦਾ।
ਮਨੁੱਖ ਸਰਬ-ਸ਼ਕਤੀਮਾਨ ਹੋ ਕੇ ਵੀ ਜੀਵਨ ਦਾ ਇੱਕ ਦਿਨ ਨਹੀਂ ਵਧਾ ਸਕਦਾ।
ਕੋਈ ਅਰਬ ਪਤੀ ਹੁੰਦਿਆਂ ਵੀ ਜ਼ਿੰਦਗੀ ਦਾ ਇੱਕ ਪਲ਼ ਨਹੀਂ ਖਰੀਦ ਸਕਦਾ।
ਅੱਜ ਤੱਕ ਦੋਹਾਂ ਪਾਸਿਆਂ ਤੋਂ ਤਿੱਖੀ ਕੋਈ ਸੂਈ ਨਹੀਂ ਬਣੀ ਅਤੇ ਨਾਂਹੀ ਕੋਈ ਇੱਕ ਜੁੱਤੀ ਦੋ ਪੈਰਾਂ ‘ਚ ਪਈ ਹੈ।
ਕਿਸੇ ਦੇ ਵੀ ਇੱਕ ਹੱਥ ਵਿਚ ਦੋ ਤਰਬੂਜ਼ ਨਹੀਂ ਆਉਂਦੇ ਬੰਦਿਆ।
ਕਿਸੇ ਦੇ ਤੇਜ਼ ਤੋਂ ਤੇਜ਼ ਕੰਨ ਵੀ ਕੀੜੀਆਂ ਦੇ ਗੀਤ ਨਹੀਂ ਸੁਣ ਸਕਦੇ!
ਖ਼ਾਲੀ ਬਾਲਟੀ ਨੂੰ ਸੁੱਕੇ ਖੂਹ ‘ਚੋਂ ਕਦੇ ਕੋਈ ਨਹੀਂ ਭਰ ਸਕਿਆ।
ਮੁਕਦੀ ਗੱਲ ਇਹ ਐ, ਜਦੋਂ ਅਸੀਂ ਐਨਾ ਕੁੱਝ ਨਹੀਂ ਕਰ ਸਕਦੇ ਤਾਂ ਆਕੜਾਂ, ਹੰਕਾਰ ਤੇ ਫਰੇਮਾ ਕਾਹਦਾ ਹੋ ਜਾਂਦਾ ਸਾਨੂੰ?
ਉਝ ਫ਼ਾਇਦਾ ਵੀ ਕੋਈ ਨਹੀਂ ਕਰਨ ਦਾ…
ਅੰਨ੍ਹਿਆਂ ਅੱਗੇ ਮੁਜਰਾ, ਬੋਲਿਆਂ ਅੱਗੇ ਗੱਲ ਕਿਉਂਕਿ ਗੂੰਗਿਆਂ ਹੱਥ ਸੁਨੇਹੜਾ, ਘੱਲ ਭਾਵੇਂ ਨਾ ਘੱਲ, ਇੱਕ ਬਰਾਬਰ ਹੈ।
ਮੰਗਤੇ ਬਣ ਮੰਗਣਾ ਹੈ ਤਾਂ ਆਪਾਂ ਕੁਦਰਤ ਤੋਂ ਮੰਗੀਏ…
ਕੁਦਰਤ ਤੋਂ ਕੁਦਰਤ ਵਰਗੀ ਦਿਲ ਦੀ ਅਮੀਰੀ ਮੰਗੀਏ, ਪੈਦਲ ਹੋਈਏ ਜਾਂ ਕਿਸੇ ਸਵਾਰੀ ‘ਤੇ ਖ਼ੁਸ਼ੀ ਮੰਗੀਏ, ਮੈਂ ਕਾਰਾਂ ਵਾਲੇ ਸ਼ੀਸ਼ੇ ਬੰਦ ਕਰਕੇ ਰੋਂਦੇ ਵੇਖੇ ਆ, ਸ਼ੁਕਰ ਕਰੀਏ ਜੋ ਵੀ ਸਾਡੇ ਕੋਲ ਓਹਦਾ ਦਿੱਤਾ।
ਮੰਨਦਾ ਹਾਂ, ਮਿਹਨਤ ਤੇ ਪੈਸਾ ਬਹੁਤ ਜ਼ਰੂਰੀ ਹੈ ਤੇ ਜ਼ਿੰਦਗੀ ਲਈ ਮਹੱਤਵਪੂਰਨ ਵੀ ਹੈ। ਪਰ ਹਾੜੇ, ਜੀਵਨ ਵਿਚ ਪੈਸੇ ਨੂੰ ਸਭ ਤੋਂ ਉੱਚੇ ਸਥਾਨ ਦਾ ਹੱਕਦਾਰ ਨਾ ਰੱਖਿਓ ਕਦੇ, ਸਾਡੇ ਖੂਬਸੂਰਤ ਰਿਸ਼ਤੇ ਡੂੰਘੀਆਂ ਖੱਡਾਂ ਵਿਚ ਡਿੱਗ ਜਾਣਗੇ, ਫਿਰ ਕਿਸ ਨਾਲ ਹੱਸਾ-ਖੇਡਾਂਗੇ ਅਸੀਂ?
*ਆਗ਼ਾਜ਼ ਕਰਨ ਵੇਲੇ, ਅੰਜ਼ਾਮ ਨੂੰ ਨੀ ਸਿਰ ‘ਚ ਘੁਮਾਈਦਾ,*
*ਨਿੱਜ ਤੋਂ ਉੱਚਾ ਉੱਠ, ਐਵੇਂ ਦਿਲ ਨੂੰ ਦਿਮਾਗ਼ ਨੀ ਬਣਾਈਦਾ*

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndian-origin Priti Patel, Kulveer Ranger in Boris Johnson’s honours list
Next articleਗਰਭਵਤੀ ਔਰਤਾਂ ਦੀ ਜਾਂਚ ਅਤੇ ਪਰਿਵਾਰ ਨਿਯੋਜਨ ਕੈਂਪ ਆਜੋਯਿਤ