(ਸਮਾਜ ਵੀਕਲੀ)
ਖੂਬਸੂਰਤ ਵਿਚਾਰ ਸਾਡੇ ਕਿਰਦਾਰ ਦੇ ਗੋਡੇ-ਮੋਢੇ ਹੁੰਦੇ ਹਨ। ਜੋ ਪਦਵੀਂ ਗਿਆਨ ਰੂਪੀ ਸ਼ਬਦਾਂ ਨਾਲ ਪਾਈ ਜਾ ਸਕਦੀ ਹੈ ਓਹ ਹਥਿਆਰਾਂ ਨਾਲ ਸੰਭਵ ਨਹੀਂ। ਕੋਈ ਖਿਆਲ ਜਿੰਨੀ ਦੇਰ ਬੋਲੋ ਜਾਂ ਲਿਖੇ ਨਾ ਜਾਣ ਸ਼ਬਦ ਨਹੀਂ ਬਣਦੇ, ਖਿਆਲ ਸਾਡੇ ਗੁਲਾਮ ਹੁੰਦੇ ਹਨ, ਸ਼ਬਦਾਂ ਦੇ ਅਸੀਂ ਗੁਲਾਮ ਹੁੰਦੇ ਹਾਂ। ਮੱਕੜੀ ਦੇ ਜਾਲ ਵਾਂਗੂ ਸੂਝਵਾਨਾਂ ਦੀ ਇਹ ਸੁਰੱਖਿਆ ਕਰਦੇ ਨੇ ਤੇ ਮੂਰਖਾਂ ਲਈ ਫੰਧਾ ਬਣਦੇ ਹਨ। ਪੱਥਰ ਖੁਰ ਜਾਂਦੇ ਹਨ ਸ਼ਬਦ ਨਹੀਂ।
ਤਾਕਤ ਸਾਡੇ ਖਿਆਲਾਂ ਚ ਹੋਣੀ ਚਾਹੀਦੀ ਹੈ, ਆਵਾਜ਼ ‘ਚ ਨਹੀਂ, ਕਿਉਂਕਿ ਫ਼ਸਲ ਬਾਰਿਸ਼ ਨਾਲ ਉੱਗਦੀ ਹੈ ਹੜ੍ਹਾਂ ਨਾਲ ਨਹੀਂ।
ਪਿਛਲੇ ਸਾਲ ਕੱਲ੍ਹ ਦੇ ਦਿਨ ਜੋ ਹੋਇਆ ਅਤਿ ਨਿੰਦਣਯੋਗ ਤੇ ਮੰਦਭਾਗਾ ਸੀ। ਗੰਦੀ ਸਿਆਸਤ ਦੀ ਭੇਂਟ ਚੜ੍ਹਿਆ ਸੀ ਇੱਕ ਭੋਹਲਾ ਪੰਛੀ, ਸਿੱਧੇ ਸਾਧੇ ਪਰਿਵਾਰ ਨੂੰ ਪਹਿਲਾਂ ਵੀ ਸਿਆਸਦਾਨਾਂ ਨੇ ਆਪਣੇ ਲਈ ਵਰਤਿਆ, ਹੁਣ ਪਰਿਵਾਰ ਤੇ ਜਨਤਾ ਦੋਵਾਂ ਨੂੰ ਹੋਰ ਰੱਜ ਕੇ ਵਰਤਿਆ ਜਾ ਰਿਹਾ ਹੈ। ਦੁਸ਼ਮਣ ਦੀ ਰਣਨੀਤੀ ਅਸੀਂ ਨਹੀਂ ਸਮਝ ਸਕੇ ਸਾਨੂੰ ਮਾਰਕੇ, ਸਾਨੂੰ ਹੀ ਆਪਸ ਵਿਚ ਲੜਾਇਆ ਜਾ ਰਿਹਾ ਹੈ।
ਅਸੀਂ ਗੁਰੂਆਂ ਪੀਰਾਂ ਦੀ ਧਰਤੀ ਤੇ, ਸੂਰਮਿਆਂ, ਯੋਧਿਆਂ ਤੇ ਸੂਰਬੀਰਾਂ ਦੀਆਂ ਕਹਾਣੀਆਂ ਸੁਣ ਜਵਾਨ ਹੋਏ ਹਾਂ! ਮੈਨੂੰ ਦੁੱਖ ਹੈ ਕਿ ਹੁਣ ਸਾਡੀਆਂ ਅਗਲੀਆਂ ਪੀੜ੍ਹੀਆਂ ਗੈਂਗਸਟਰਾਂ ਦੇ ਬੁਜਦਿਲੀ ਆਲੇ ਕਾਰਨਾਮੇ ਸੁਣਿਆ ਕਰਨਗੀਆਂ। ਕਮਲਿਓ ਆਪਾਂ ਵੀ ਆਪਣਾ ਸੱਭਿਆਚਾਰ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ, ਕਾਹਦੀਆਂ ਰੰਜ਼ਿਸਾਂ ਫੇਂਕ ਵਿਊ ਲੈਣ ਲਈ, ਕਾਹਦੀ ਰਾਜਨੀਤੀ, ਮਾਵਾਂ ਦੇ ਪੁੱਤ ਭੇਟ ਚੜ੍ਹ ਰਹੇ ਨੇ ਬੇਹੱਦ ਅਫ਼ਸੋਸਜਨਕ ਹੈ। ਗ਼ਲਤ ਕੋਈ ਵੀ ਹੋ ਸਕਦਾ ਹੈ, ਹਰ ਮਸਲਾ ਡੂੰਘੀਆਂ ਵਿਚਾਰਾਂ ਮੰਗਦਾ ਹੈ, ਗਾਲਾਂ ਨਹੀਂ।
ਬਹੁਗਿਣਤੀ ਪੰਜਾਬੀ ਇਸ ਮਾਮਲੇ ਨੂੰ ਸਿਰਫ਼ ਸਕਿਓਰਿਟੀ ਨਾਲ ਜੋੜ ਰਹੇ ਹਨ ਜੋ ਸਹੀ ਨਹੀਂ ਹੈ। ਵੀਰ ਸਿੱਧੂ ਦੀ ਸ਼ਹਾਦਤ ਦਾ ਨਜਾਇਜ਼ ਫਾਇਦਾ ਲੈ ਕੇ ਇੱਕ ਨਹੀਂ ਅਨੇਕਾਂ ਸ਼ੈਤਾਨ ਲੀਡਰਾਂ ਨੇ ਆਪਣੀ ਸੀਕਉਰਟੀ ਪੱਕੀ ਕਰ ਲਈ ਹੈ। ਕਦੇ ਧਿਆਨ ਦਿਓ ਲੀਡਰਾਂ ਦੀ ਟੋਹਰ ਦਾ ਮੁੱਲ ਤਾਰਦੇ ਹੋਏ ਸਾਡੇ ਮੱਧਵਰਗੀ ਪਰਿਵਾਰਾਂ ਦੇ ਕਿੰਨੇ ਦੀਪ ਗੁੱਲ ਹੋ ਗਏ ਨੇ ਹੁਣ ਤੱਕ, ਬਾਕੀ ਸਕਿਊਰਟੀ ਸਿਰਫ਼ ਬੇਇੱਜ਼ਤੀ ਤੋਂ ਬਚਾ ਸਕਦੀ ਹੈ ਮਰਨ ਤੋਂ ਨਹੀਂ। ਮੈਨੂੰ ਇਹ ਦੱਸੋ ਕਿ ਸਕਿਓਰਟੀ ਕਰਨ ਵਾਲਿਆਂ ਪੁੱਤਾਂ ਦੀਆਂ ਮਾਵਾਂ ਨਹੀਂ ਹੁੰਦੀਆਂ ਜਾਂ ਸਕਿਓਰਟੀ ਕਰਨ ਵਾਲੇ ਮਾਵਾਂ ਦੇ ਪੁੱਤ ਨਹੀ ਹੁੰਦੇ? ਸਰਕਾਰੀ ਚੈੱਕ ਕਿੰਨੀ ਵੀ ਰਕਮ ਦਾ ਹੋਵੇ, ਮਾਪਿਆਂ ਦੀਆਂ ਆਂਦਰਾਂ ਨਹੀਂ ਠਾਰਦਾ।
ਮੁਕਦੀ ਗੱਲ ਹੈ, ਹੋਣੀ ਨੂੰ ਟਾਲਿਆ ਨਹੀਂ ਜਾ ਸਕਦਾ, ਜਦੋਂ ਕਿਸੇ ਨੇ ਕਿਸੇ ਨੂੰ ਮਾਰਨਾ ਮਿੱਥ ਲਿਆ ਉਸਨੂੰ ਸਕਿਓਰਿਟੀ ਕਦੇ ਨਹੀਂ ਬਚਾਅ ਸਕਦੀ। ਨਹੀਂ ਤਾਂ ਇਤਿਹਾਸ ਗਵਾਹ ਹੈ… ਮੁੱਖ ਮੰਤਰੀ, ਪ੍ਰਧਾਨ ਮੰਤਰੀ ਵੀ ਨੀਂ ਬਚ ਸਕੇ ਜਿਨ੍ਹਾਂ ਕੋਲ Z+ ਜਾਂ Z++++ ਸੁਰੱਖਿਆ ਸੀ।
ਨਿਰਪੱਖ ਜਾਂਚ ਦੀ ਆਵਾਜ਼ ਸਾਨੂੰ ਸਾਰਿਆਂ ਨੂੰ ਬੁਲੰਦ ਕਰਨੀ ਚਾਹੀਦੀ ਹੈ। ਪਰ ਸਕਿਓਰਟੀ ਲੀਡਰਾਂ, ਬਾਬਿਆਂ ਜਾਂ ਗਾਇਕਾਂ ਨੂੰ ਲੋਕਾਂ ਦੇ ਪੈਸੇ ਨਾਲ ਮਹੁੱਈਆ ਕਰਵਾਈ ਜਾਵੇ ਸਾਨੂੰ ਇਸ ਹੱਕ ਚ ਨਹੀਂ ਹੋਣਾ ਚਾਹੀਦਾ। ਪੰਜਾਬ ਨਾਲ ਕਰੋੜਾਂ ਦੀਆਂ ਠੱਗੀਆਂ ਮਾਰਨ ਵਾਲੇ ਹੁਣ ਵੀ ਫ੍ਰੀ ‘ਚ ਜੈਡ ਸਕਿਊਰਟੀ ਦਾ ਅਨੰਦ ਕਿਉਂ ਲੈਣ?
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly