(ਸਮਾਜ ਵੀਕਲੀ)
ਮੁਫ਼ਤ ਸਲਾਹ ਦੇਣ ਦਾ ਅੰਜਾਮ ਬਾਂਦਰ ਅਤੇ ਬਿਜੜੇ ਦੀ ਕਹਾਣੀ ਰਾਹੀਂ ਅਸੀਂ ਸਭ ਨੇ ਸੁਣਿਆ ਹੈ। ਜਦੋਂ ਵਰਦੇ ਮੀਂਹ ਵਿਚ ਆਪਣੇ ਆਲ੍ਹਣੇ ਆਰਾਮ ਨਾਲ ਬੈਠਾ ਵਿਜੜਾ, ਭਿੱਜਦੇ ਬਾਂਦਰ ਨੂੰ ਆਪਣਾ ਘਰ ਬਣਾਉਣ ਦੀ ਸਲਾਹ ਦੇ ਬੈਠਾ, ਉਸਨੇ ਬਿਜੜੇ ਦਾ ਘਰ ਹੀ ਤੀਲਾ-ਤੀਲਾ ਕਰ ਦਿੱਤਾ ਸੀ। ਬਿਜੜਾ ਪਛਤਾਵਾ ਕਰ ਰਿਹਾ ਸੀ ਕਿ ਮੈਂ ਬੋਲਣ ਦੀ ਮੂਰਖਤਾ ਨਹੀਂ ਕਰਨੀ ਚਾਹੀਦੀ ਸੀ, ਮੈਨੂੰ ਮੇਰੀ ਮੂਰਖਤਾ ਦੀ ਸਜ਼ਾ ਮਿਲੀ ਹੈ, ਬਾਂਦਰ ਦੇ ਮਾਮਲੇ ਵਿਚ ਮੈਨੂੰ ਬਿਨਾਂ ਵਜ੍ਹਾ ਲੱਤ ਨਹੀਂ ਅੜਾਉਣੀ ਚਾਹੀਦੀ ਸੀ।
ਇਹ ਸਧਾਰਨ ਜਿਹੀ ਕਹਾਣੀ ਅਨੇਕਾਂ ਸਵਾਲ ਖੜ੍ਹੇ ਕਰਦੀ ਹੈ। ਕਿਸੇ ਨੂੰ ਚੰਗੀ ਸਲਾਹ ਦੇਣੀ ਮਾੜੀ ਗੱਲ ਨਹੀਂ, ਖ਼ਾਸ ਤੌਰ ਤੇ ਜਦੋਂ ਓਹ ਮੁਸ਼ਕਿਲ ਵਿਚ ਹੋਵੇ, ਕਿਸੇ ਦਾ ਦਰਦ ਸਮਝਣਾ, ਹਮਦਰਦੀ ਕਰਨੀ ਵਿਸ਼ਵ ਨਾਗਰਿਕ ਦੇ ਗੁਣ ਹਨ। ਪ੍ਰੰਤੂ ਸਲਾਹ ਕੇਵਲ ਦਿਓ ਓਦੋਂ ਜਦੋਂ ਕੋਈ ਮੰਗੇ! ਕਿਉਂਕਿ ਪਿਆਸਾ ਹੀ ਪਾਣੀ ਦਾ ਕਦਰਦਾਨ ਹੁੰਦਾ ਤੇ ਭਟਕਿਆ ਰਸਤੇ ਦਾ, ਪੁਛੇ ਜਾਣ ਤੱਕ ਸਾਨੂੰ ਖ਼ਾਮੋਸ਼ ਰਹਿਣਾ ਚਾਹੀਦਾ ਹੈ, ਨਹੀਂ ਤਾਂ ਸਾਡਾ ਹਸ਼ਰ ਵੀ ਬਿਜੜੇ ਵਾਲਾ ਹੋ ਸਕਦਾ ਹੈ। ਬਿਜੜਾ ਮੂਰਖ਼ ਨਹੀਂ ਸੀ, ਆਪਣੇ ਘਰ ਦੀ ਬਣਤਰ ਜ਼ਰੀਏ ਵਿਸ਼ਵ ਵਿਚ ਮਸ਼ਹੂਰ ਅਕਲਮੰਦ ਕਲਾਤਮਿਕ ਪੰਛੀ, ਛੋਟਾ ਤੇ ਹੁਸ਼ਿਆਰ, ਬਿਨਾਂ ਮੰਗੀ ਸਲਾਹ ਦੇਕੇ ਮੂਰਖ ਬਣਿਆ, ਵਾਰੀ ਸਾਡੀ ਵੀ ਆ ਸਕਦੀ ਹੈ।
ਹੁਣ ਸਾਡੀ ਇਨਸਾਨੀ ਫ਼ਿਤਰਤ ਬਣ ਚੁੱਕੀ ਹੈ ਕਿ ਅਸੀਂ ਆਪਣੇ ਤੋਂ ਨੀਵੇਂ ਦੀ ਕੋਈ ਗੱਲ ਬਰਦਾਸ਼ਤ ਨਹੀਂ ਕਰਦੇ ਓ ਚੰਗੀ ਹੋਵੇ ਭਾਵੇਂ ਮਾੜੀ, ਸਗੋਂ ਕਮਜ਼ੋਰਾਂ ਦਾ ਨਿਰਾਦਰ ਕਰਨਾ ਸਾਡੀ ਆਦਤ ਬਣ ਚੁੱਕੀ ਹੈ। ਸੋ ਭੁੱਲ ਕੇ ਵੀ ਛੋਟਿਆਂ ਨੂੰ, ਨੀਵਿਆਂ ਨੂੰ, ਗਰੀਬਾਂ ਨੂੰ ਤੇ ਸਾਧਾਰਨ ਲੋਕਾਂ ਨੂੰ, ਕਦੇ ਵੀ ਆਪਣੇ ਤੋਂ ਵੱਡਿਆਂ, ਉੱਚਿਆਂ, ਅਮੀਰਾਂ ਤੇ ਦੌਲਤਮੰਦਾਂ ਨੂੰ ਸਲਾਹ ਨਹੀਂ ਦੇਣੀ ਚਾਹੀਦੀ। ਉਪਰੋਕਤ ਪੈਮਾਨਿਆਂ ਬਾਰੇ ਵਿਸਥਾਰ ਵਿਚ ਦੱਸਣ ਦੀ ਮੈਂ ਲੋੜ ਮਹਿਸੂਸ ਨਹੀਂ ਕਰਦਾ।
ਦੱਸਣਯੋਗ ਹੈ ਕਿ ਜਿਹੜੇ ਬਦਦਿਮਾਗ਼, ਘੁਮੰਡੀ, ਹੰਕਾਰੇ ਤੇ ਫ਼ੁਕਰੇ ਲੋਕ ਨੇਕ ਸਲਾਹ ਨੂੰ ਦੁਰਕਾਰਦੇ, ਬੁਰਾ ਮਨਾਉਂਦੇ ਤੇ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉਨ੍ਹਾਂ ਦੀ ਸ਼ਖਸੀਅਤ ਬਾਂਦਰ ਦੇ ਬਰਾਬਰ ਹੀ ਹੁੰਦੀ ਹੈ। ਭਾਵੇਂ ਓਹ ਤਾਕਤਵਰ ਪਦਵੀ ਵੱਡੀ ਤੇ ਪੈਂਟ, ਕੋਟ ਨਾਲ ਟਾਈ ਲਾ ਕੇ ਕਿਉਂ ਨਾ ਬੈਠਾ ਹੋਵੇ, ਇਨਸਾਨ ਨਹੀਂ ਬਾਂਦਰ ਹੁੰਦਾ ਹੈ।
ਹੁਣ ਜ਼ਮਾਨਾ ਬਦਲ ਗਿਆ, ਮੁਫ਼ਤ ਸਲਾਹ ਕੋਈ ਨਹੀਂ ਦਿੰਦਾ, ਸਲਾਹ ਦੇਣ ਲਈ ਵੱਡੇ ਵੱਡੇ ਦਫ਼ਤਰ ਖੁੱਲ੍ਹ ਗਏ ਹਨ ਜੋ ਵੱਡੀਆਂ ਵੱਡੀਆਂ ਰਕਮਾਂ ਲੈ ਕੇ ਸਲਾਵਾਂ ਦਿੰਦੇ ਹਨ। ਕਮਲਿਆ ਮਨਾ ਹੁਣ ਸਭ ਮੰਦੀਆਂ ਚੰਗੀਆਂ ਸਲਾਵਾਂ ਮੁਲ ਵਿਕਦੀਆਂ ਹਨ। ਹੁਣ ਕੀਹਤੋਂ ਭਾਲਦੇ ਮੁਫ਼ਤ ਵਿਚ ਲਾਡ, ਪਿਆਰ ਤੇ ਮੋਹ ਦਾ ਥਾਪੜਾ? ਓਹ ਦਿਨ ਬੀਤ ਗਏ…
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly