(ਸਮਾਜ ਵੀਕਲੀ)
ਕੱਲ੍ਹ ਦਾ ਪਤਾ ਨਹੀਂ ਅੱਜ ਤਾਂ ਮਾਣ ਜਾ ਹੁੰਦਾ ਇਸ ਜੋੜੇ ਦੀ ਨੇਕ ਦਿਲੀ, ਇਮਾਨਦਾਰੀ, ਵਫ਼ਾਦਾਰੀ, ਨਿਮਰਤਾ, ਸਿਆਣਪ ਅਤੇ ਕਾਬਲੀਅਤ ਉੱਤੇ।
ਮੇਰੇ ਖ਼ਿਆਲ ਅਨੁਸਾਰ ਜਿਹੜਾ ਮਰਦ ਔਰਤ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦਾ, ਉਸਨੂੰ ਆਪਣੇ ਆਪ ਹੀ ਹੋਰਨਾਂ ਖੇਤਰਾਂ ਦੇ ਸਭ ਮੁਕਾਬਲਿਆਂ ‘ਚੋਂ ਬਾਹਰ ਹੋ ਜਾਣਾ ਚਾਹੀਦਾ ਹੈ।
ਔਰਤ ਇੱਕ ਬੇਟੀ, ਭੈਣ, ਪਤਨੀ ਹੋਣ ਤੋਂ ਪਹਿਲਾਂ ਇੱਕ ਇਨਸਾਨ ਹੈ, ਇਸਦੇ ਵੀ ਆਪਣੇ ਵਿਚਾਰ, ਭਾਵਨਾਵਾਂ, ਇੱਛਾਵਾਂ ਅਤੇ ਸੁਪਨੇ ਹੁੰਦੇ ਹਨ। ਇਨ੍ਹਾਂ ਨੂੰ ਸਮਝਣਾ ਘਰ ਦੇ ਲਾਣੇਦਾਰ ਦੀ ਅਕਲ ਦਾ ਪ੍ਰਮਾਣ ਹੁੰਦਾ ਹੈ। ਜਿਹੜੇ ਸਾਰੀ ਉਮਰ ਫੋਕੇ ਮਰਦਪੁਣੇ ਦਾ ਬੁਖਾਰ ਚੜ੍ਹਾਈ ਰੱਖਦੇ ਹਨ, ਓਹ ਅੰਤ ਸਮੇਂ ਇੱਜ਼ਤ ਲਈ ਤਰਸਦੇ ਮਰ ਜਾਂਦੇ ਹਨ।
*ਔਰਤ ਦੀ ਨਫ਼ਰਤ ਜ਼ਹਿਰੀਲੀ ਨਾਗਿਨ ਵਰਗੀ ਹੁੰਦੀ ਹੈ ਤੇ ਮੁਹੱਬਤ ਸ਼ਿਵਜੀ ਦੇ ਨੀਲ ਕੰਠ ਵਰਗੀ ਹੈ!* ਮਰਦ ਵੱਲੋਂ ਮਿਲੇ ਸੱਚੇ ਪਿਆਰ ਸਦੂ ਇਹ ਜ਼ਿੰਦਗੀ ਦਾ ਹਰ ਜ਼ਹਿਰ ਚੂਸ ਲੈਂਦੀ ਹੈ ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਔਰਤ ਕੁਦਰਤ ਦੀ ਅਨਮੋਲ ਕਿਰਤ ਹੈ, ਜਿਸ ਦੇ ਅੰਗ-ਅੰਗ ਵਿਚ ਸੁੰਦਰਤਾ ਤੇ ਕਸ਼ਿਸ਼ ਭਰੀ ਹੋਈ ਹੈ, ਸ਼ਬਦਾਂ ਅਤੇ ਬੋਲਾਂ ਵਿਚ ਮਿਠਾਸ, ਮਮਤਾ ਤੇ ਤਿਆਗ ਨੇ ਇਸਨੂੰ ‘ਮਾਂ’ ਦੇ ਰੂਪ ਵਿਚ ਰੱਬ ਦਾ ਸਰੂਪ ਵੀ ਮੰਨਦਾ ਹੈ ਸੰਸਾਰ।
ਮੇਰਾ ਮੰਨਣਾ ਹੈ ਕਿ ਜੀਵਨ ਦੀਆਂ ਪ੍ਰਸਥਿਤੀਆਂ ‘ਚ ਸੁਤੰਤਰ ਇਸਤਰੀ ਦੀ ਵਫਾ, ਮਰਦ ਲਈ ਸਭ ਤੋਂ ਵੱਡਾ ਇਨਾਮ ਹੁੰਦੀ ਹੈ। ਜਿਹੜੇ ਮਰਦ ਔਰਤ ਦੇ ਛੋਟੇ ਮੋਟੇ ਕਸੂਰਾਂ ਨੂੰ ਮਾਫ਼ ਨਹੀਂ ਕਰਦੇ, ਉਹ ਕਦੇ ਵੀ ਔਰਤ ਦੇ ਗੁਣਾਂ ਦਾ ਅਨੰਦ ਨਹੀਂ ਮਾਣ ਸਕਦੇ। ਅਕਲਾਂ ਬਿਨ ਖੂਹ ਖ਼ਾਲੀ, ਪਿਆਰ ਬਿਨ ਰੂਹ ਖ਼ਾਲੀ!
ਜਿਹੜੇ ਮਰਦ ਨੂੰ ਜੀਵਨ ਵਿਚ ਕਿਸੇ ਔਰਤ ਦਾ ਪਿਆਰ ਨਸੀਬ ਨਹੀਂ ਹੁੰਦਾ, ਉਸਨੂੰ ਆਪਣਾ ਨੁਕਸ ਸਮਝਣਾ ਚਾਹੀਦਾ ਹੈ, ਉਹ ਮਰਦ ਕਦੇ ਸਮਾਜ ਵਿਚ ਯਾਰਾਂ ਨਾਲ ਯਾਰੀਆਂ ਨਿਭਾਉਣ ਦੇ ਯੋਗ ਵੀ ਨਹੀਂ ਬਣ ਸਕਦਾ। ਓਹ ਸਿਰਫ਼ ਫੁੱਲਿਆ ਲਿਫਾਫਾ ਹੀ ਹੁੰਦਾ ਹੈ।
ਔਰਤਾਂ ਨੂੰ ਸੁਣਨਾ ਹਰ ਸਮਝਦਾਰ ਮਨੁੱਖ ਦਾ ਚੰਗਾ ਗੁਣ ਹੈ। ਇਨ੍ਹਾਂ ਦੀ ਮੁਸਕਰਾਹਟ ਨਾਲ ਵਾਤਾਵਰਨ ਨਿੱਘਾ ਤੇ ਰੰਗੀਨ ਹੋ ਜਾਂਦਾ ਹੈ। ਕਈ ਤਾਂ ਕੂੰਜਾਂ ਵਰਗੀਆਂ ਬਿਨ ਕੁਝ ਬੋਲੇ ਹੀ ਬਹੁਤ ਕੁਝ ਕਹਿ ਜਾਂਦੀਆਂ ਨੇ, ਮੇਰੀ ਕਲਪਨਾ ਅਨੁਸਾਰ… *ਇਨ੍ਹਾਂ ਤਿੱਤਲੀਆਂ ਦੀ ਰਚਨਾ ਰੱਬ ਨੇ ਆਪਣੇ ਮਹਿਬੂਬ ਨੂੰ ਮਿਲਣ ਮਗਰੋਂ ਕੀਤੀ ਹੋਣੀ ਐ…*
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly