(ਸਮਾਜ ਵੀਕਲੀ)
*ਕੋਈ ਸੁਲਾ ਨਹੀਂ ਕਰਵਾਉਂਦਾ ਜ਼ਿੰਦਗੀ ਦੀਆਂ ਉਲਝਣਾਂ ਨਾਲ,*
*ਬੜੀ ਤਲਬ ਲੱਗੀ ਐ ਸਾਡੇ ਦਿਲ ਮਰਜਾਣੇ ਨੂੰ ਮੁਸਕਰਾਉਣ ਦੀ!*
ਅਕਲ ਦੇ ਅੰਨਿਆਂ ਦਾ ਸ਼ਬਦਾਂ, ਤਸਵੀਰਾਂ ਜਾਂ ਭਾਵਨਾਵਾਂ ਨਾਲ ਦੂਰ ਦਾ ਵੀ ਰਾਬਤਾ ਨਹੀਂ ਹੁੰਦਾ! ਕਿਉਂਕਿ ਸ਼ਬਦ ਨੂੰ ਇਹ ਪੜ੍ਹਦੇ ਨਹੀਂ, ਤਸਵੀਰਾਂ ਨੂੰ ਨਹਾਰਦੇ ਨਹੀਂ ਅਤੇ ਭਾਵਨਾਵਾਂ ਨੂੰ ਮਹਿਸੂਸ ਨਹੀਂ ਕਰਦੇ। ਪਰ ਲਿਖੇ ਸ਼ਬਦਾਂ ਵਿਚ ਅਰਥ ਹੁੰਦੇ, ਤਸਵੀਰਾਂ ਵਿਚ ਸ਼ਬਦਾਂ ਤੋਂ ਵੀ ਅਗਾਂਹ ਦੀਆਂ ਸ਼ਕਤੀਆਂ ਹੁੰਦੀਆਂ ਹਨ ਅਤੇ ਜੇਕਰ ਗੱਲ ਕਰੀਏ ਭਾਵਨਾਵਾਂ ਦੀ ਇਨ੍ਹਾਂ ਨੂੰ ਸਮਝਣ ਲਈ ਮਨੁੱਖ ਦਾ ਤਜਰਬਿਆਂ ਦੇ ਰਾਹਾਂ ਚ ਲੰਘਿਆ ਹੋਣਾ ਲਾਜ਼ਮੀ ਹੁੰਦਾ ਹੈ।
ਇੱਕ ਤੰਦਰੁਸਤ ਦਿਮਾਗ਼ ਅਤੇ ਦੂਰ ਦ੍ਰਿਸ਼ਟੀ ਵਾਲੀ ਅੱਖ ਕਦੇ ਕਿਸੇ ਨਾਲ ਅਨਿਆ ਨਹੀਂ ਕਰਦੀ। ਪਰ ਹੁਣ ਮੁਲਕ ਵਿੱਚ ਕਿਤਾਬੀ ਡਿਗਰੀਆਂ ਚੁੱਕੀ ਫਿਰਦੇ ਨੰਗ ਪੈਰਿਆਂ ਦੀ ਕਮੀਂ ਨਹੀਂ। ਇਸੇ ਕਰਕੇ ਹੁਣ ਲੋਕਾਂ ਵੱਲੋਂ ਇੱਕ ਦੂਜੇ ਨੂੰ ਮਿਲਦੇ ਸਮੇਂ ਘਰ, ਪਰਿਵਾਰ ਅਤੇ ਤੰਦਰੁਸਤੀ ਬਾਰੇ ਪੁੱਛਿਆ ਹੀ ਨਹੀਂ ਜਾਂਦਾ ਕਿਉਂਕਿ ਇਹ ਨਿਆਮਤ ਬਹੁਗਿਣਤੀ ਲੋਕਾਂ ਕੋਲ ਹੈ ਹੀ ਨਹੀਂ! ਮਾਨਸਿਕ ਰੋਗੀ ਦੂਜਿਆਂ ਨੂੰ ਤਨਾਓ ਵਿਚ ਰੱਖਣ ਦੇ ਯਤਨ ਦਿਨ ਰਾਤ ਕਰਦੇ ਰਹਿੰਦੇ ਹਨ। ਪਰ ਜਦੋਂ ਕਦੇ ਅਚਾਨਕ ਇਹ ਆਪਣੇ ਪੁਟੇ ਟੋਏ ਵਿਚ ਆਪ ਡਿੱਗਦੇ ਹਨ ਤਾਂ ਫਿਰ ਵੀ ਦੋਸ਼ ਬੇਦੋਸ਼ਿਆਂ ਨੂੰ ਦਿੰਦੇ ਨਹੀਂ ਥੱਕਦੇ।
ਮਾਨਸਿਕ ਰੋਗੀਆਂ ਵੱਲੋਂ ਕਿਸੇ ਵੀ ਮਸਲੇ ਨੂੰ ਹੱਲ ਕਰਨ ਦੀ ਬਜਾਏ, ਮਸਲੇ ਨੂੰ ਉਘਾੜ ਕੇ ਪੇਸ਼ ਕਰਨ ਦਾ ਰੁਝਾਨ ਅੱਜ-ਕੱਲ੍ਹ ਜ਼ੋਰਾ ਤੇ ਚੱਲ ਰਿਹਾ ਹੈ। ਹੱਲ ਇੱਕ ਦੂਜੇ ਨੂੰ ਸਹਿਣ ਤੇ ਸਮਰਪਣ ਦੀ ਭਾਵਨਾ ਨਾਲ ਨਿਕਲਦੇ ਹਨ, ਪਰ ਇਸ ਪੱਖੋਂ ਵਿਚਾਰੇ ਇਹ ਤਕਰੀਬਨ ਖ਼ਾਲੀ ਹੋ ਚੁੱਕੇ ਹੁੰਦੇ ਹਨ।
*ਸੱਚ ਰਹਿਣਾ ਤਾਂ ਪਾਗਲਾਂ ਕੋਲ ਪਸੰਦ ਕਰਦਾ ਹੈ, ਪਰ ਇਸਦੇ ਮਗਰ ਜ਼ਿਆਦਾ ਸਿਆਣੇ ਪਏ ਹੋਏ ਹਨ!*
ਕੈਸੀ ਹਵਾ ਚੱਲ ਪਈ ਐ ਹੁਣ, ਕਿਸੇ ਨੂੰ ਜਾਨਣ ਸਮੇਂ ਅਸੀਂ, ਇਹ ਜਾਨਣ ‘ਚ ਦਿਲਚਸਪੀ ਹੀ ਨਹੀਂ ਰੱਖਦੇ ਕਿ ਉਹ ਕਿੰਨਾ ਨੇਕ ਇਨਸਾਨ ਹੈ, ਬੰਦੇ ਦੀ ਔਕਾਤ ਵਾਲੀ ਕੀਮਤ ਅਸੀਂ ਉਸ ਦੀਆਂ ਦੁਨੀਆਵੀ ਚੀਜ਼ਾਂ ਤੋਂ ਲਾਉਂਦੇ ਹਾਂ। ਵਾਹਲੀ ਦੂਰ ਨਾ ਜਾਵੋਂ ਹੁਣ ਤਾਂ ਪੋਸਟਾਂ ਤੇ ਕੁਮੈਂਟ ਵੀ ਬੰਦੇ ਦੀ ਆਰਥਿਕਤਾ ਨੂੰ ਵੇਖ ਕੇ ਕੀਤੇ ਜਾਂਦੇ ਹਨ, ਲਿਖਤ ਜਾਂ ਜਾਣਕਾਰੀ ਨੂੰ ਸਮਰਪੱਤ ਤਾਂ ਕੁਝ ਵੀ ਨਹੀਂ ਹੁੰਦਾ ਜੀ। ਅਜਿਹੇ ਵੀਰਾਂ ਨੂੰ ਬੇਨਤੀ ਹੈ…
*ਸੱਜਣੋਂ ਕੱਦ ਆਮਦਨ ਨਾਲ ਨਾ ਮਾਪਿਆ ਕਰੋ,*
*ਦਮੜਿਆਂ ਨਾਲ ਨਹੀਂ ਪੈਂਦੇ ਮੁੱਲ ਕਿਰਦਾਰਾਂ ਦੇ!*
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly