(ਸਮਾਜ ਵੀਕਲੀ)
ਗ਼ਲਤੀਆਂ ਕੱਢਣੀਆਂ ਕੋਈ ਬੁਰੀ ਗੱਲ ਨਹੀਂ, ਪਰ ਇਹ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ, ਪਰ ਇਸ ਕਾਰਟੂਨ ਵਾਲੇ ਬੁੱਧੀਜੀਵੀ ਵਾਂਗੂੰ ਨਹੀਂ।। ਦੂਸਰਿਆਂ ਦੀਆਂ ਗ਼ਲਤੀਆਂ ਸਾਨੂੰ ਜਿੰਨੀਆਂ ਸੌਖੀਆਂ ਲੱਭ ਜਾਂਦੀਆਂ ਨੇ, ਉਨੇ ਹੀ ਸੋਖਿਆਂ ਜੇ ਅਸੀਂ ਆਪਣੀਆਂ ਕੁਝ ਕੁ ਗਲਤੀਆਂ ਮਹਿਸੂਸ ਕਰ ਲਈਏ ਤਾਂ ਸਾਡੇ ਅੰਦਰ ਬੈਠੇ ਸ਼ੱਕ, ਨਫ਼ਰਤ ਤੇ ਕਲੇਸ਼ ਰੂਪੀ ਦੈੰਤ ਨੂੰ ਖੁਰਾਕ ਜਾਣੀ ਬੰਦ ਹੋ ਜਾਏਗੀ ਤੇ ਉਹ ਖੁਦ ਹੀ ਮਰ ਮੁੱਕ ਜਾਏਗਾ, ਅਸੀਂ ਸਵਰਗਾਂ ਦਾ ਦਰ ਖੋਲ੍ਹਕੇ ਅੰਦਰ ਪ੍ਰਵੇਸ਼ ਕਰ ਜਾਵਾਂਗੇ।
ਕਿਉਂਕਿ ਭੂਤਕਾਲ ਦੀਆਂ ਗ਼ਲਤੀਆਂ ਨੂੰ ਸੁਧਾਰਕੇ ਵਰਤਮਾਨ ਹਰ ਇਨਸਾਨ ਕੋਲ ਜ਼ਿੰਦਗੀ ਜਿਊਣ ਦਾ ਇੱਕ ਬਹੁਤ ਹੀ ਵਧੀਆ ਅਵਸਰ ਹੁੰਦਾ ਹੈ। ਪਰ ਹੋ ਹੁਣ ਉਲਟ ਰਿਹਾ ਹੈ ਕਿ ਅਸੀਂ ਕਿਸੇ ਦੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਨੂੰ ਦੁਨੀਆਂ ਸਾਹਮਣੇ ਰੱਖਕੇ ਆਪਣੀਆਂ ਵੱਡੀਆਂ-ਵੱਡੀਆਂ ਗਲ਼ਤੀਆਂ ਨੂੰ ਲੁਕਾਉਣ ਦਾ ਯਤਨ ਕਰਦੇ ਰਹਿੰਦੇ ਹਾਂ! ਇਸੇ ਨੂੰ ਹੀ ਸਰਲ ਭਾਸ਼ਾ ਵਿਚ ‘ਪ੍ਰੋਪੇਗੰਡਾ’ ਕਿਹਾ ਜਾਂਦਾ ਹੈ! ਸਭ ਤੋਂ ਜ਼ਿਆਦਾ ਇਨਸਾਨੀ ਫ਼ਿਤਰਤ ਅੱਜ ਇਸ ਬਿਮਾਰੀ ਦੀ ਸ਼ਿਕਾਰ ਬਣ ਚੁੱਕੀ ਹੈ!
ਜਨਮ ਤੋਂ ਕੋਈ ਅਜਿਹਾ ਨਹੀਂ ਜਿਸਨੇ ਗ਼ਲਤੀਆਂ ਨਾ ਕੀਤੀਆਂ ਹੋਣ, ਪਰ ਇੱਕੋ ਟੋਏ ਵਿਚ ਵਾਰੀ-ਵਾਰੀ ਡਿੱਗਣ ਵਾਲੇ ਨੂੰ ਸਮਾਜ ਵੱਲੋਂ ਮੂਰਖ ਕਿਹਾ ਜਾਂਦਾ ਹੈ। ਅਣਜਾਣੇ ਵਿਚ ਤਾਂ ਚੈਂਪੀਅਨ ਵੀ ਗ਼ਲਤੀਆਂ ਕਰ ਬੈਠਦੇ ਹਨ। ਗ਼ਲਤੀ ਕਰਕੇ ਮੰਨਣਾ ਨਾ ਇੱਕ ਹੋਰ ਗ਼ਲਤੀ ਕਰਨਾ ਹੁੰਦਾ ਹੈ। ਮੂੰਹ ਵਿਚ ਦੰਦ ਤੇ ਜੀਭ ਸਾਡੇ ਅਧੀਨ ਹੁੰਦੇ ਨੇ ਪਰ ਫਿਰ ਵੀ ਦੰਦ ਕਈ ਵਾਰੀ ਜੀਭ ਨੂੰ ਦੰਦੀ ਵੱਡ ਬੈਠਦੇ ਹਨ। ਬਾਂਦਰ ਬਿਰਖਾਂ ਤੋਂ ਡਿੱਗ ਜਾਂਦੇ ਹਨ। ਮਗਰਮੱਛ ਡੁੱਬ ਕੇ ਮਰ ਜਾਂਦੇ ਹਨ। ਹਾਥੀ ਫ਼ਿਸਲ ਜਾਂਦੇ ਹਨ। ਸੋ ਕੁਝ ਵੀ ਹੋ ਜਾਵੇ ਸਾਨੂੰ ਆਪਣੀ ਗ਼ਲਤੀ ਸੁਧਾਰਨ ਤੋਂ ਡਰਨਾ ਨਹੀਂ ਚਾਹੀਦਾ। ਗ਼ਲਤੀ ਨੂੰ ਸਵੀਕਾਰ ਕਰਨਾ ਜਾਂ ਗਲਤੀ ਕਰਕੇ ਮੰਨ ਜਾਣਾ ਕਿਸੇ ਆਰਾਮ ਦੇਣ ਵਾਲੀ ਦਵਾਈ ਵਰਗਾ ਹੁੰਦਾ ਹੈ। ਗ਼ਲਤੀ ਕਰਨਾ ਇੱਕ ਇਨਸਾਨੀ ਵਰਤਾਰਾ ਹੈ ਪਰ ਇਸਨੂੰ ਦੁਹਰਾਇਆ ਜਾਣਾ ਹੌਲੀ ਹੌਲੀ ਸਾਡਾ ਸ਼ੈਤਾਨੀ ਕਰਮ ਬਣ ਜਾਂਦਾ ਹੈ।
ਸੋ ਫਿਰ ਕਿਉਂ ਮਿੱਟੀਏ ਨੀ ਤੂੰ ਆਪਣੇ ਆਪ ਨੂੰ ਪ੍ਰਮਾਤਮਾ ਸਮਝੀ ਬੈਠੀ ਐ? ਤੇਰਾ ਅੰਦਰਲੇ ਖਾਲੀਪਣ ਨੂੰ, ਬਾਹਰਲੀਆਂ ਚੀਜ਼ਾਂ ਨਾਲ ਭਰਨ ਦਾ ਉਪਰਾਲਾ ਸਹੀ ਨਹੀਂ! ਗੌਰ ਨਾਲ ਨੁਹਾਰ ਕਦੇ ਧਰਤੀ ਵਿਚ ਬੀਜੀ ਫ਼ਸਲ ਨੂੰ, ਬੁੱਧੀ ‘ਚ ਗਿਆਨ ਬੀਜਣ ਦਾ ਵੀ ਇਹੋ ਢੰਗ ਐ! ਕੁਦਰਤ ਤੋਂ ਕੁਝ ਸਿੱਖ ਮਿੱਟੀਏ ਨੀ, ਪੈਸਿਆਂ ਨੂੰ ਨਹੀਂ, ਆਪਣੇ ਆਪ ਨੂੰ ਖ਼ਰਚ ਮਿੱਟੀਏ ਨੀ, ਮਨ ਦੀ ਅਮੀਰੀ ਤਾਂਹੀ ਆਊਗੀ… ਕਿਉਂਕਿ ਕਿਸਮਤ ਦਾ ਦਰਵਾਜ਼ਾ ਕਦੇਂ ਰੀਮੋਟ ਨਾਲ ਨਹੀਂ ਖੁੱਲ੍ਹਦਾ!
ਇਹ ਸਪਸ਼ਟ ਸੱਚ ਹੈ ਕਿ ਇਕੱਲਾ ਮਨੁੱਖ ਕੋਈ ਵੱਡਾ ਨਹੀਂ ਹੁੰਦਾ! ਹੁਣ ਤੱਕ ਮਨੁੱਖ ਨੇ ਸਭ ਤੋਂ ਵੱਡੀਆਂ ਗ਼ਲਤੀਆਂ, ਸੰਤੁਸ਼ਟ ਤੇ ਪ੍ਰਸੰਨ ਹੋਣ ਦੇ ਢੰਗ-ਤਰੀਕੇ ਤਲਾਸ਼ਣ ਵਿਚ ਕੀਤੀਆਂ ਹਨ, ਕਿਉਂਕਿ ਉਤਸ਼ਾਹ ਸਿਰਫ਼ ਸਿਆਣਿਆਂ ਦੇ ਕੰਮ ਦੀ ਚੀਜ਼ ਹੈ, ਪਰ ਦੁੱਖ ਹੈ, ਇਹ ਅਕਸਰ ਮੂਰਖਾਂ ਕੋਲ ਜ਼ਿਆਦਾ ਪਾਇਆ ਜਾਂਦਾ ਹੈ! ਸੋ ਹਾੜ੍ਹੇ ਕੁੱਝ ਬਣੀਏ ਜਾਂ ਨਾ ਬਣੀਏ, ਪਰ ਪ੍ਰਣ ਕਰੀਏ ਕਿਸੇ ਦੀ ਸਿਰ ਦਰਦੀ ਨਾ ਬਣੀਏ, ਧੰਨਵਾਦ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly