ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਧੀਆਂ, ਪੁੱਤਰਾਂ, ਮਿੱਤਰਾਂ ਨਾਲ ਮੁਹੱਬਤ,
ਵੱਡਿਆਂ ਅਤੇ ਪਰਿਵਾਰ ਨਾਲ ਮੁਹੱਬਤ,
ਲਾਜਵਾਬ ਹੈ ਯਾਰੋ ਸੱਚਿਓ ਹੀ ਮੁਹੱਬਤ,
ਜੋ ਮਰਦੇ ਦਮ ਤੱਕ ਰਹਿਣ ਵਾਲਾ ਨਸ਼ਾ,
ਅਲਫ਼ ਤੋਂ ਅੱਲ੍ਹਾ ਹੋ ਜਾਣ ਵਾਲਾ ਅਮਰ ਸ਼ਬਦ ਹੈ ਮੁਹੱਬਤ!

ਵੈਸੇ ਤਾਂ ਹੁਣ 95% ਦੁਨੀਆਂਦਾਰ, ਰਿਸ਼ਤੇਦਾਰ, ਦੋਸਤ ਅਤੇ ਮਿੱਤਰ ਸਾਡੇ ਚੰਗੇ ਦਿਨਾਂ ਦੇ ਸਾਥੀ ਹੁੰਦੇ ਹਨ, ਰੂਹਦਾਰੀ ਲਈ ਮਿਲਣ ਤਾਂ ਥੋੜ੍ਹੇ ਹੀ ਆਉਂਦੇ ਨੇ ਜ਼ਿਆਦਾਤਰ ਤਾਂ ਮਿੰਨਣ ਆਉਂਦੇ ਨੇ ਕਿ ਕਿੰਨੇ ਕੁ ਪਾਣੀ ਚ ਆ… ਪਰ ‘ਚੰਨੀ’ ਨਾਲ ਤਾਂ ਰਿਸ਼ਤਾ ਹੀ ਰੂਹਾਂ ਦਾ ਹੈ।
ਸੋਹਣੇ ਖਿੜ ਰਹੇ ਕੋਮਲ ਨਾਜੁੱਕ ਫੁੱਲ ਵਾਂਗਰਾ, ਜਿਵੇਂ ਛੋਟਾ ਬੱਚਾ ਕਿਸੇ ਨੂੰ ਪਛਾਣ ਲੈਣ ਦਾ ਸੰਕੇਤ, ਆਪਣੀ ਪਿਆਰੀ ਜਿਹੀ ਮੁਸਕਰਾਹਟ ਨਾਲ ਦਿੰਦਾ ਹੈ, ਇਵੇਂ ਹੀ ‘ਚੰਨੀ’ ਆ ਜਦੋਂ ਵੀ ਮਿਲੂ ਬਸ ਖਿੜਿਆ ਹੀ ਹੁੰਦਾ। ਅਜੋਕੇ ਸੰਸਾਰ ਅੰਦਰ ਜੇਕਰ ਕੁਝ ਕੁ ਹਾਸਾ-ਠੱਠਾ ਬਚਿਆ ਹੈ ਤਾਂ ਉਹ ‘ਚੰਨੀ’ ਵਰਗੇ ਖੁਸ਼ਮਿਜ਼ਾਜ਼ ਸੱਜਣਾਂ ਕਰਕੇ ਹੀ ਹੈ।

ਦੱਸੋ ਪਰਿਵਾਰ ਦੇ ਹਾਸਿਆਂ ਨਾਲੋਂ ਵਧੀਆ ਹੋਰ ਕਿਹੜਾ ਸੰਗੀਤ ਹੋ ਸਕਦਾ ਹੈ? ਅੱਜ ਪਿੰਡ ਵਿਚ ਇਸ ਗੱਲ ਦੀ ਉਦਾਹਰਣ ਹੈ ‘ਚੰਨੀ’ ਕਿ ਜਿਹੜੇ ਮਾਪੇ ਬੱਚਿਆਂ ਨੂੰ ਪੜ੍ਹਾ ਜਾਂਦੇ ਨੇ, ਉਹ ਆਪ ਖੁਦ ਵੀ ਪੜ੍ਹ ਲਿਖ ਜਾਂਦੇ ਹਨ, ਕੁਦਰਤ ਵੀਰ ਦੇ ਬੱਚਿਆਂ ਦੀ ਪਰਵਾਜ਼ ਨੂੰ ਰੰਗ ਭਾਗ ਲਾਵੇ ਤੇ ਖ਼ੂਬ ਤਰੱਕੀਆਂ ਕਰਨ। ਲੋਕਾਂ ਭਾਣੇ ਸੀ ਕਿ ਟੇਢੀ ਜੀ ਪੱਗ ਵਾਲਾ ‘ਚੰਨੀ’ ਕੀ ਕਰੂ? ਪਰ ਜੇ ਔਲਾਦ ਸਿਆਣੀ ਹੋਵੇ ਤਾਂ ਕੁਲ਼ ਦੀ ਜੂਨ ਸੁਧਰ ਜਾਂਦੀ ਐ, ਕੁਦਰਤ ਮੇਹਰ ਕਰੇ ਜੱਗ ‘ਚੰਨੀ’ ਨੂੰ ਜਲਦੀ ਹੀ ਲੰਮੇ ਜੇ ਕੋਟ, ਟਾਈ ਤੇ ਸੋਹਣੀ ਦਸਤਾਰ ਵਿਚ ਦੇਖੇ। ਆਓ ਆਪਾਂ ਵੀ ਪਰਿਵਾਰ ਵਿਚ ਅਜਿਹਾ ਮਾਹੌਲ ਉਸਾਰੀਏ ਕਿ ਹਰ ਬੱਚਾ ਨਾ ਕੇਵਲ ਜੀਵਨ ਨੂੰ ਅਨੁਭਵ ਹੀ ਕਰੇ ਸਗੋਂ ਇਸ ਦੀ ਸਿਰਜਣਾ ਵੀ ਕਰੇ, ਆਪਾਂ ਬੱਚਿਆਂ ਦੇ ਜੀਵਨ ਵਿਚ ਸਿਰਜਣਾਤਮਕਤਾ ਦਾ ਕਿਣਕਾ ਸ਼ਾਮਿਲ ਕਰੀਏ…!

‘ਚੰਨੀ’ ਦੀ ਹਰ ਮਿਲਣੀ ਇਹ ਅਹਿਸਾਸ ਕਰਵਾਉਂਦੀ ਹੈ ਕਿ… ਮਿੱਤਰਤਾ ਦੀ ਬਦੌਲਤ ਜ਼ਿੰਦਗੀ ਸੁਹਾਵਣੀ ਅਤੇ ਮਾਨਣਯੋਗ ਬਣਦੀ ਹੈ। ਸੁੱਚੀ ਦੋਸਤੀ ਦੀ ਸਾਂਝ ਬਹੁਤ ਪੀਡੀ ਹੁੰਦੀ ਹੈ। ਆਪਣੇ ਸਾਥੀ ਦੀ ਹਰ ਦੁੱਖ ਤਕਲੀਫ ਨੂੰ ਮਹਿਸੂਸ ਕਰਦੇ ਹੋਏ ਇਸ ਦੇ ਨਿਵਾਰਣ ਲਈ, ਹਰ ਸੰਭਵ ਯਤਨ ਕਰਦਾ ਹੈ ਇਹ ਪਵਿੱਤਰ ਬੰਧਨ। ਇਸ ਪਾਕਿ ਰਿਸ਼ਤੇ ਦੀ ਅਹਿਮੀਅਤ ਖ਼ੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਹੁੰਦੀ ਹੈ।

ਦੋਸਤੀ… ਵਫ਼ਾਦਾਰੀ ਤੇ ਭਰੋਸੇਯੋਗਤਾ ਤੇ ਟਿਕੀ ਹੋਈ ਸਾਂਝ ਹੈ। ਇਸ ਦੀ ਬਦੌਲਤ ਜ਼ਿੰਦਗੀ ਮਹਿਕਦੀ, ਟਹਿਕਦੀ ਤੇ ਜਿਉਣ ਯੋਗ ਜਾਪਦੀ ਹੈ। ਸਲੂਟ ਐ ‘ਚੰਨੀ’ ਤੇਰੀ ਕਲਮ, ਆਵਾਜ਼, ਨਿਮਰਤਾ, ਸਿਰੜ, ਸਿਦਕ ਅਤੇ ਮੇਹਨਤ ਨੂੰ ਸੱਜਣਾ, ਕਾਮਯਾਬ ਵੀ ਹੋਇਆ ਤੂੰ ਪਰ ਕਿਸੇ ਦੇ ਅੱਗੇ ਹੱਥ ਅੱਡਿਆ ਵਗੈਰ, ਸਦਕੇ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਕੂਲੀ ਬੱਚਿਆਂ ਨੂੰ ਡੇਂਗੂ ਅਤੇ ਮਲੇਰੀਆ ਬਾਰੇ ਜਾਣਕਾਰੀ ਦਿੱਤੀ
Next articleਸ਼ੁਭ ਸਵੇਰ ਦੋਸਤੋ,