(ਸਮਾਜ ਵੀਕਲੀ)
ਆਸ਼ਿਕ ਓਹ ਨੀ, ਜਿਹੜੇ ਮਰਦੇ ਸਿਰਫ਼ ਸ਼ਰੀਰਾਂ ਤੇ,
ਆਸ਼ਿਕ ਕੁਦਰਤ ਦੇ, ਮਰ ਜਾਂਦੇ ਹਾਂ ਜੰਡ ਕਰੀਰਾਂ ਤੇ!
ਮੇਰੀ ਮਸ਼ੂਕ ਜ਼ਿੰਦਗੀ ਹੈ ਤੇ ਮੈਂ ਜ਼ਿੰਦਗੀ ਦਾ ਆਸ਼ਿਕ ਹਾਂ। ਤਸਵੀਰ ਵਿਚ ਸਿਰਫ਼ ਚਿਹਰਾ ਮੇਰਾ ਹੈ, ਨੂਰ ਮਸ਼ੂਕ ਦਾ ਹੈ। ਕਿਉਂਕਿ ਜ਼ਿੰਦਗੀ ਨਿਰਾ ਹੀ ਹੁਸਨ ਹੈ, ਜੋ ਚਮਕਦਾ ਹੈ, ਪਲ ਪਲ ਵਧਦਾ ਹੈ, ਖਿੱਚਾਂ ਪਾਉਂਦਾ, ਕੋਲ ਬੁਲਾਉਂਦਾ, ਨਿੱਘੀਆਂ ਗਲਵਕੜੀਆਂ ਪਾਉਂਦਾ, ਦਿਲ ਦੀ ਕਲੀ ਨੂੰ ਮੁਸਕਰਾਉਂਦਾ, ਖ਼ੁਸ਼ਬੋਈਆਂ ਵੰਡਦਾ, ਆਸਾਂ ਸਿਰਜਦਾ ਤੇ ਯਕੀਨ ਦੇ ਬੀਜ ਬੀਜਦਾ ਹੈ। ਫਿਰ ਸਾਨੂੰ ਵੀ ਤਾਂ ਐਨੀ ਪਿਆਰੀ ਮਸ਼ੂਕ ਨੂੰ ਅਥਾਹ ਮੁਹੱਬਤ ਕਰਨੀ ਚਾਹੀਦੀ ਹੈ ਹਨਾ?
ਮੇਰੀ ਮਸ਼ੂਕ ਵਹਿੰਦੀ ਨਦੀ ਹੈ, ਵਗਦੀ ਹਵਾ ਹੈ, ਵਰ੍ਹਦਾ ਮੀਂਹ ਹੈ, ਹਿਰਦਾ ਠਾਰਦਾ ਠੰਡਾ ਬੁੱਲਾ ਹੈ, ਉਡਦਾ ਪੰਛੀ ਹੈ, ਉਗਦਾ ਪੌਦਾ ਹੈ, ਖਿੜਦੀ ਕਲੀ ਹੈ, ਘੁੰਮਦਾ ਉਪਗ੍ਰਹਿ ਹੈ, ਗਿੱਧੇ ਵਿਚ ਨੱਚਦੀ ਮੁਟਿਆਰ ਹੈ, ਦੌੜਦੀ ਲਹਿਰ ਹੈ, ਸੰਗੀਤ ਦੀ ਆਨੰਦਤ ਧੁੰਨ ਹੈ, ਸੱਚ ਦਾ ਹੌਕਾ ਹੈ, ਪਿਆਰ ਦਾ ਵਪਾਰ ਹੈ, ਮੋਹ ਦਾ ਬਜ਼ਾਰ ਹੈ, ਰੂਹ ਨੂੰ ਅਸਲ ਦਾ ਸ਼ਿੰਗਾਰ ਹੈ, ਹੁਸਨ ਦਾ ਮੇਲਾ ਹੈ, ਹੌਂਸਲੇ ਵਾਲੀ ਦੀ ਰੁੱਕਣਾ, ਰੁੱਸਣਾ, ਦੁੱਖੀ ਹੋਣਾ, ਚੁੱਪ ਹੋ ਜਾਣਾ, ਆਰਾਮ ਕਰਨਾ ਫ਼ਿਤਰਤ ਨਹੀਂ, ਨਾਉਮੀਦੀ ਇਸਦਾ ਸੁਭਾਅ ਨਹੀਂ, ਇਹ ਚੱਲ ਸੋ ਚੱਲ ਵਿਚ ਵਿਸ਼ਵਾਸ ਕਰਦੀ ਹੈ ਕਮਲੀ, ਓਹ ਵੀ ਕੇਵਲ ਅੱਗੇ ਵੱਲ ਨੂੰ, ਭਲਕ ਵਿਚ ਨੂੰ, ਉੱਪਰ ਵੱਲ ਨੂੰ, ਇਹਦੇ ਕੋਲ ਪਿੱਛਲੇ ਪੈਰ ਨੂੰ ਅਗਲੇ ਕਦਮ ਤੋਂ ਕਾਹਲਾ ਰੱਖਣ ਦਾ ਕਮਾਲ ਹੁਨਰ ਹੈ। ਮੈਂ ਬੇਵਫ਼ਾਈ ਨਹੀਂ ਕਰ ਸਕਦਾ ਕੁਦਰਤ ਵਰਗੀ ਨਾਲ, ਜਿਉਂਦੇ ਜੀਅ ਵਫ਼ਾਦਾਰੀ ਨਿਭਾਉਣ ਦੀ ਸਫ਼ਲ ਕੋਸ਼ਿਸ਼ ਕਰਦਾ ਰਹਾਂਗਾ।
ਕਮਲਿਆ ਜ਼ਿੰਦਗੀ ਦਾ ਆਸ਼ਿਕ ਹੋ ਨਿਬੜਦਾ ਲਈ ਅਜੇ ਰੂਹ ਦੀਆਂ ਰਹਿਬਰਾਂ ਤੂੰ ਹੋਰ ਸਮਝ ਥੋੜ੍ਹਾ, ਸਭ ਦੇ ਦਰਦ ਅਵੱਲੇ ਨੇ, ਸਭ ਦੀ ਪੀਡ਼ ਅਨੋਖੀ ਐ, ਆਪਾਂ ਕੁੰਡੇ ਪਿੱਤਲ ਦੇ, ਜ਼ਿੰਦਗੀ ਸੁੱਚਾ ਮੋਤੀ ਐ! ਜਿਸਨੂੰ ਜਿੱਤਿਆ ਤਾਂ ਨਹੀਂ ਜਾ ਸਕਦਾ, ਇਸ ਨੂੰ ਹਰ ਹਾਲ ਸਵੀਕਾਰਿਆ ਹੀ ਜਾਂਦਾ ਹੈ। ਓ ਵੀ ਦਿਲ ਦੀ ਸੰਦੂਖੜੀ, ਸਾਂਭ ਕੇ ਮੋਹ ਦੀਆਂ ਪੁੰਜੀਆਂ, ਲਾ ਕੇ ਜਿੰਦਰਾ ਸਿਦਕ ਦਾ, ਸੰਭਾਲ ਰੱਖ ਸਬਰ ਦੀਆਂ ਕੁੰਜੀਆਂ…
ਕਦੇ ਫੁੱਲਾਂ ਕੋਲੋਂ ਪੁੱਛ ਕੇ ਵੇਖੀਂ…
ਕਿਵੇਂ ਅਸੀਂ ਮਹਿਕਾਂ ਨਾਲ ਸ਼ਰਤਾਂ ਲਾਉਂਦੇ ਸੀ?
ਐਵੇਂ ਨਹੀਉਂ ਪੋਟੇ ਛਿੱਲੇ ਗਏ…
ਮੁਹੱਬਤਾਂ ਤੋਂ ਨਫ਼ਰਤ ਦੀਆਂ ਪਰਤਾਂ ਲਾਹੁੰਦੇ ਸੀ!
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly