(ਸਮਾਜ ਵੀਕਲੀ)
ਇਸ ਮੁਹੱਬਤੀ ਤੇ ਨਿੱਘੀ ਪਰਿਵਾਰਕ ਮਿਲਣੀ ਪਿੱਛੋਂ ਮੈਂ ਮਹਿਸੂਸ ਕੀਤਾ ਕਿ… ‘ਸਾਡੇ ਵਰਗੇ ਆਮ ਅਤੇ ਕਾਮਯਾਬ ਲੋਕਾਂ ਵਿਚ ਅੰਤਰ ਗੁਣਾਂ ਦਾ ਨਹੀਂ ਸਗੋਂ ਆਦਤਾਂ ਦਾ ਹੁੰਦਾ ਹੈ’। ‘ਜਰਨੈਲ ਘੁਮਾਣ’ ਸਾਹਿਬ ਅਨੋਖੇ ਓਹ ਮਨੁੱਖ ਹਨ ਜਿਨ੍ਹਾਂ ਦਾ ਉਦੇਸ਼ ਓਨਾ ਸਫ਼ਲ ਹੋਣਾ ਨਹੀਂ ਹੈ, ਜਿਤਨਾ ਆਪਣੇ ਕੰਮ ਵਿਚੋਂ ਮਿਲ ਰਹੀ ਮੌਜ ਨੂੰ ਮਾਣਨਾ ਹੈ। ਅਨੇਕਾਂ ਸਫ਼ਲ ਪਾਰੀਆਂ ਖੇਡ ਚੁੱਕੇ ਸਾਹਿਬ ਨੇ ਆਪਣੀ ਕਿਤਾਬ ‘ਅਧੂਰਾ ਖ਼ਆਬ’ ਮੈਨੂੰ ਬਹੁਤ ਹੀ ਮੋਹ ਅਤੇ ਅਪਣੱਤ ਨਾਲ ਭੇਂਟ ਕੀਤੀ, ਜੋ ਮੇਰੇ ਲਈ ਯਕੀਨਨ ਰਾਹ ਦਸੇਰਾ ਬਣੇਗੀ।
‘ਜਰਨੈਲ ਘੁਮਾਣ’ ਸਾਹਿਬ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ, ਸੈਂਕੜੇ ਹੀ ਗੀਤਾਂ ਦੀ ਸਿਰਜਣਾ ਕਰਨ ਪਿੱਛੋਂ, ਪੰਜਾਬੀ ਸੰਗੀਤ ਜਗਤ ਲਈ ਪਾਏ ਇਨ੍ਹਾਂ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਪੁਰਾਣੇ ਸਮਿਆਂ ਵਿਚ ਐਂਚ. ਐਮ. ਵੀ. ਅੰਤਰਰਾਸ਼ਟਰੀ ਕੰਪਨੀ ਖੋਲ੍ਹਕੇ ਕਲਾਕਾਰਾਂ ਲਈ ਮਸੀਹਾ ਬਣੇ ਘੁਮਾਣ ਦੇ ਘਰ ਰੋਜ਼ਾਨਾ ਰੋਟੀਆਂ ਲਈ ਤਵੀਂ ਚੜਿਆ ਕਰਦੀ ਸੀ। ਤੇ ਅੱਜ ਪੰਜਾਬ ਦੀ ਸਿਆਸਤ ਦੇ ਸਿਰਮੌਰ ਤੋਂ ਲੈ ਕੇ, ਕਲਾਕਾਰੀ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰਨ ਵਾਲਿਆਂ ਤਕਰੀਬਨ ਸਾਰਿਆਂ ਹੀ ਸਥਾਪਿਤ ਕਲਾਕਾਰਾਂ ਨੇ ਇਨ੍ਹਾਂ ਦੀ ਜੀਵਨ ਸਾਥਣ ਮਾਤਾ ਸੁਖਵਿੰਦਰ ਕੌਰ ਦੇ ਕਰਮਯੋਗੀ ਹੱਥਾਂ ਦੀਆਂ ਪੱਕੀਆਂ ਕਦੇ ਨਾ ਕਦੇ ਜਰੂਰ ਖਾਧੀਆਂ ਹੋਣੀਆਂ ਨੇ।
ਵਗਦੇ ਪਾਣੀ ਵਰਗਾ ਘੁਮਾਣ, ਕਿਸੇ ਮੰਜ਼ਿਲ ਨੂੰ ਪਾ ਕੇ ਰੁਕਣਾ ਨਹੀਂ ਜਾਣਦਾ।
ਜ਼ਿੰਦਗੀ ਦਾ ਆਸ਼ਿਕ ਕੁਝ ਨਾ ਕੁਝ ਨਵਾਂ ਕਰਨ ਦੀ ਤਾਂਘ ਵਿਚ ਹਮੇਸ਼ਾਂ ਰਹਿੰਦਾ ਹੈ। ਦਿੜ੍ਹਬੇ ਤੋਂ ਉੱਠਿਆ ਗੀਤਕਾਰ, ਕੰਪਨੀ ਦਾ ਮਾਲਿਕ ਬਣਿਆ, ਚੰਡੀਗੜ੍ਹ ਅਧੁਨਿਕ ਰਿਕਾਡਿੰਗ ਸਟੂਡੀਓ ਖੋਲਿਆ, ਗੀਤ ਸੰਗੀਤ ਨੂੰ ਸਮਰਪਿਤ ਸਾਹਿਬ ਨੇ ਨਿਰੰਤਰ ਚਲਦੇ ਕਦਮਾਂ ਨਾਲ ਅਨੇਕਾਂ ਘਾਟਿਆਂ ਨੂੰ ਸਵੀਕਾਰਿਆ ਤੇ ਅੱਜ ਵੀ ਨਵੇਂ ਸੁਪਨਿਆਂ ਦੀਆਂ ਟਾਹਣੀਆਂ ਨੂੰ ਹਕੀਕਤਾਂ ਦੇ ਲੱਗੇ ਫੁੱਲ ਫਲ ਦੇਖਣ ਲਈ ਕਿਸੇ ਅਲਬੇਲੇ ਗੱਭਰੂ ਵਾਂਗ ਪੂਰਾ ਕਾਰਜਸ਼ੀਲ ਹੈ।
ਅੱਜਕਲ੍ਹ ਸਾਹਿਬ ਨੇ ਨਵੇਂ ਗਾਇਕਾਂ, ਗੀਤਕਾਰਾਂ ਤੇ ਕਲਾਕਾਰਾਂ ਦੀ ਕਿਸਮਤ ਚਮਕਾਉਣ ਦਾ ਯਤਨ ਕਰਦਿਆ ‘JLPL’ ਦੇ ਬੈਨਰ ਹੇਠ ‘ਗਾਉਂਦਾ ਪੰਜਾਬ’ ਸ਼ੋਅ ਰਾਹੀਂ ਦੁਨੀਆ ਦੇ ਹਰ ਕੋਨੇ ਵਿਚੋਂ ਪੰਜਾਬੀ ਸੰਗੀਤ ਜਗਤ ਨਾਲ ਮੋਹ ਰੱਖਣ ਵਾਲੇ ਗੱਭਰੂਆਂ ਅਤੇ ਮੁਟਿਆਰਾਂ ਨੂੰ ਆਪਣੀ ਕਲਾ ਨੂੰ ਪ੍ਰਦਰਸ਼ਿਤ ਕਰਨ ਦਾ ਖੁੱਲ੍ਹਾ ਸੱਦਾ ਦਿੱਤਾ ਹੈ। ਜਿਥੇ ਵੱਗਦਾ ਹੈ ਸੁਰਾਂ ਦਾ ਸਮੁੰਦਰ, ਬਣਦੀਆਂ ਨੇ ਨਵੀਆਂ ਤਰਜ਼ਾਂ, ਪੈਦਾ ਹੁੰਦਾ ਨਵਾਂ ਸੰਗੀਤ, ਉਭਰਦੀਆਂ ਨੇ ਨਵੀਆਂ ਆਵਾਜ਼ਾਂ ਅਤੇ ਜਨਮਦੇ ਨੇ ਨਵੇਂ-ਨਵੇਂ ਗੀਤ। ਜਿੱਥੇ ਹੁਣ ਤੱਕ ਤਕਰੀਬਨ 100 ਦੇ ਕਰੀਬ ਨਵੇਂ ਗੀਤਕਾਰਾਂ ਦੇ ਲਿਖੇ ਗੀਤਾਂ ਦੀ ਚੋਣ ਹੋ ਚੁੱਕੀ ਹੈ। ਸੱਚਮੁੱਚ ਪੰਜਾਬ ਚ ਬੇਅੰਤ-ਬੇਸ਼ੁਮਾਰ ਕਲਾ ਦਾ ਖਜ਼ਾਨਾ ਹੈ, ਲੋੜ ਪਾਰਖੂ ਨਜ਼ਰਾਂ ਦੀ ਸੀ।
ਪੰਜਾਬੀ ਜ਼ੁਬਾਨ ਨੂੰ ਮੁਹੱਬਤ ਕਰਨ ਵਾਲੀ ਜਵਾਨੀ ਲਈ ‘ਜਰਨੈਲ ਘੁਮਾਣ’ ਫਿਰ ਮਸੀਹਾ ਬਣ ਬਹੁੜਿਆ ਹੈ। ਸੋ ਜਰੂਰ ਆਓ ਆਪਣੀ ਕਲਾ ਨੂੰ ਦੁਨੀਆ ਦੇ ਸਨਮੁੱਖ ਕਰਨ ਲਈ, ਸਾਹਿਬ ਵਕਤ ਦੀ ਨਜ਼ਾਕਤ ਖੂਬ ਪਹਿਚਾਣਦਾ ਹੈ, ਵਰਤਮਾਨ ਵਰਤਾਰੇ ਨੂੰ ਵੀ ਚੰਗੀ ਤਰ੍ਹਾਂ ਭਾਂਪਦਾ ਹੈ। ਸੱਭਿਆਚਾਰ ਦੇ ਸੱਚੇ ਵਾਰਿਸਾਂ ਵਾਂਗੂੰ ਆਓ ਤੇ ਕਾਮਯਾਬੀ ਦੇ ਝੰਡੇ ਗੱਡੋ, ਸਾਥੋਂ ਪਹਿਲਾਂ ਵਾਲੇ ਵੀ ਇਨ੍ਹਾਂ ਰਾਹਾਂ ‘ਚੋਂ ਗੁਜ਼ਰੇ ਨੇ..!
ਹਰਫੂਲ ਭੁੱਲਰ
ਮੰਡੀ ਕਲਾਂ 9876870157,
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly