(ਸਮਾਜ ਵੀਕਲੀ)
ਦਿਲ ਦੀ ਵਿਰਾਨ ਧਰਤੀ ਤੇ ਪਿਆਰ ਦਾ ਬੀਜ ਜਦੋਂ ਪੁੰਘਰਦਾ ਹੈ ਤਾਂ ਦੁਆਵਾਂ ਰੂਪੀ ਖ਼ਾਦ-ਪਾਣੀ ਅਤੇ ਅਸੀਸਾਂ ਰੂਪੀ ਬੁੱਲਿਆਂ ਨਾਲ ਇੱਕ ਦਿਨ ਸੰਘਣਾ ਬੋਹੜ ਬਣਕੇ ਫੈਲ ਜਾਂਦਾ ਹੈ, ਫਿਰ ਦੂਰ-ਦੂਰ ਤੱਕ ਮੋਹ ਦੀ ਠੰਢੜੀਆਂ ਛਾਂਵਾਂ ਫੈਲ ਜਾਂਦੀਆਂ ਹਨ। ਸਵਾਰਥਾਂ ਤੋਂ ਪਾਰ ਦੀ ਦੁਨੀਆ ਦੇ ਨਜ਼ਾਰੇ ਮਾਨਣਯੋਗ ਹੁੰਦੇ ਨੇ ਬਿਆਨਣਯੋਗ ਨਹੀਂ।
ਸਵੇਰੇ ਜਿਉਂ ਹੀ ਅੱਖ ਖੁੱਲ੍ਹਦੀ ਹੈ, ਦਿਨ ਚੜ੍ਹਦਾ ਹੈ, ਕੁਦਰਤ ਕੁਲ ਲੁਕਾਈ ਨੂੰ ਵੰਡਣਾ ਸ਼ੁਰੂ ਕਰ ਦਿੰਦੀ ਹੈ। ਅਸੀਂ ਤੁਛ ਬੁੱਧੀ ਵਾਲਿਆਂ ਨੂੰ ਅਨੇਕਾਂ ਮਿਲ ਰਹੀਆਂ ਨਿਆਮਤਾਂ ਦਾ ਪਤਾ ਵੀ ਨਹੀਂ ਚਲਦਾ, ਸਾਡੀ ਰੁਹਾਨੀਅਤ ਦੇ ਖ਼ਜ਼ਾਨੇ ਭਰਪੂਰ ਹੁੰਦੇ ਰਹਿੰਦੇ ਹਨ। ਅਸੀਂ ਮਨੁੱਖ ਕੁਦਰਤ ਦੇ ਸਭ ਤੋਂ ਲਾਡਲੇ ਜੀਵ ਹਾਂ ਪਰ ਦੁੱਖ ਹੈ ਕਿ ਮਨੁੱਖਤਾ ਦੇ ਸਭ ਤੋਂ ਵੱਡੇ ਦੁਸਮਣ ਅਸੀਂ ਹੀ ਬਣੇ ਹੋਏ ਹਾਂ।
ਮਨੁੱਖ ਹਰ ਸਮੇਂ ਪੈਰ ਪੈਰ ਤੇ ਗ਼ਲਤੀਆਂ ਕਰਦਾ ਹੈ, ਕਮਾਲ ਦੇਖੋ… ਕੁਦਰਤ ਫਿਰ ਵੀ ਮਨੁੱਖ ਨੂੰ ਹੋਈਆਂ ਗ਼ਲਤੀਆਂ ਵਿਚੋਂ ਤਜਰਬੇ ਦੀ ਸੌਗਾਤ ਦਿੰਦੀ ਹੈ! ਤਾਂ ਜੋ ਅਸੀਂ ਅਗਾਂਹ ਵਾਸਤੇ ਸੰਭਲ ਜਾਈਏ। ਤਜ਼ਰਬਾ ਜਿੰਨਾ ਮਿੱਠਾ ਹੁੰਦਾ ਹੈ, ਉਸ ਦੀਆਂ ਯਾਦਾਂ ਓਨੀਆਂ ਹੀ ਕੌੜੀਆਂ ਹੁੰਦੀਆਂ ਹਨ।
ਕੁਦਰਤ ਹਰ ਪਲ ਸਾਡੇ ਇਮਤਿਹਾਨ ਲੈ ਰਹੀ ਤੇ ਸਾਨੂੰ ਤਜਰਬਾ ਵੰਡੀ ਜਾ ਰਹੀ ਹੈ। ਕੁਦਰਤ ਨਾਲ ਸ਼ਿਕਵਾ ਕੀਤਾ ਹੀ ਨਹੀਂ ਜਾ ਸਕਦਾ ਇਹ ਸਮਝੌਤਾ ਹੀ ਐਸਾ ਹੈ। ਇੱਕ-ਮਿੱਕ ਹੋਣ ਵਾਲਿਆਂ ਨੂੰ ਕੁਦਰਤ ਆਪਣੀ ਤਕਦੀਰ ਲਿਖਣ ਦੇ ਸਾਰੇ ਹੱਕ ਦੇ ਦਿੰਦੀ ਹੈ। ਇਸ ਲਈ ਬਹੁਤ ਗੂੜ੍ਹੀ ਸਾਂਝ ਦੀ ਜਰੂਰਤ ਹੁੰਦੀ ਹੈ। ਹਿੰਮਤ ਦਾ ਹਥੌੜਾ ਅਤੇ ਮਿਹਨਤ ਦੀ ਛੈਣੀ ਸਾਡੀ ਤਕਦੀਰ ਘੜਦੇ ਹਨ, ਖੁਸ਼ਹਾਲ ਲੋਕਾਂ ਨੇ ਆਪਣੀ ਤਕਦੀਰ ਤਜ਼ਰਬਿਆਂ ਦੇ ਮਿਸ਼ਰਨ ਨਾਲ ਬਣਾਈ ਹੁੰਦੀ ਹੈ…
ਤ : ਤਰਤੀਬਾਂ , ਤਮੰਨਾ , ਤਜ਼ਰਬਾ…
ਕ : ਕੋਸ਼ਿਸ਼ਾਂ , ਕਿਤਾਬਾਂ, ਕਲਮਾਂ…
ਦ : ਦ੍ਰਿਸ਼ਟੀ , ਦਰਦ , ਦੇਣ…
ਰ : ਰਾਹ , ਰਲਾਅ, ਰਵੱਈਆ…
ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ… ‘ਆਪਾਂ ਅਗਲੇ ਰਾਹਾਂ ਦੀ ਜਾਣਕਾਰੀ ਉਨ੍ਹਾਂ ਲੋਕਾਂ ਤੋਂ ਲਿਆ ਕਰੀਏ, ਜਿਹੜੇ ਉਧਰੋਂ ਵਾਪਸ ਆ ਰਹੇ ਹੋਣ, ਜਿਵੇਂ ਪੁਰਾਣੇ ਝਾੜੂ ਨੂੰ ਗੰਦੇ ਖੂੰਜਿਆਂ ਦੀ ਜਾਣਕਾਰੀ ਹੁੰਦੀ ਹੈ ਉਸੇ ਤਰ੍ਹਾਂ ਆਉਣ ਵਾਲਿਆਂ ਨੂੰ ਰਾਹਾਂ ਦੇ ਟਿੱਬੇ-ਟੋਇਆਂ ਦਾ ਤਜਰਬਾ ਹੁੰਦਾ ਹੈ’ ਸੋ ਖੁਸ਼ ਰਹੋ ਅਬਾਦ ਰਹੋ, ਹਰ ਹਾਲ ਚ ਜ਼ਿੰਦਾਬਾਦ ਰਹੋ,
ਨਾਲ ਹੌਸਲਿਆਂ ਭਰੋ ਉਡਾਰੀ, ਨਾ ਖੰਭਾਂ ਦੇ ਮੁਹਤਾਜ ਰਹੋ,
ਆਪਣੇ ਹਿੱਸੇ ਦੇ ਅੰਬਰਾਂ ਉੱਤੇ ਉੱਡਦੇ ਬਣਕੇ ਬਾਜ਼ ਰਹੋ..!
ਹਲਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly