ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਦੁਨੀਆ ਦਾ ਸਭ ਤੋਂ ਫਾਇਦੇਮੰਦ ਸੌਦਾ ਬਜ਼ੁਰਗਾਂ ਕੋਲ ਬੈਠਣਾ ਹੁੰਦਾ ਹੈ। ਚੰਦ ਮਿੰਟਾਂ ਦੇ ਬਦਲੇ ਵਿਚ ਇਹ ਆਪਣੇ ਸਾਲਾਂ ਦੇ ਤਜਰਬੇ, ਦੁਆਵਾਂ ਅਤੇ ਅਸ਼ੀਰਵਾਦ ਸਾਨੂੰ ਬਿਲਕੁਲ ਮੁਫ਼ਤ ਵਿਚ ਦੇ ਜਾਂਦੇ ਹਨ। ਇਨ੍ਹਾਂ ਦੀਆਂ ਹਾਂ-ਪੱਖੀਤ ਤੇ ਬੇਸ਼ਕੀਮਤੀ ਵਿਚਾਰਾਂ ਢਹਿੰਦੀ ਕਲਾ ਵਿੱਚ ਗਏ ਮਨੁੱਖ ਨੂੰ ਚੜ੍ਹਦੀਕਲਾ ਵੱਲ ਲੈਣ ਜਾਣ ਦਾ ਵੀ ਕਮਾਲ ਹੁਨਰ ਰਖਦੀਆਂ ਹਨ। ਬਜ਼ੁਰਗ ਵਿਅਕਤੀ ਭਾਵੇਂ ਹੀ ਆਪਣੇ ਸਾਰੇ ਯਤਨਾਂ ਵਿਚ ਕਾਮਯਾਬ ਨਾ ਹੀ ਹੋਏ ਹੋਣ, ਪਰ ਇਨ੍ਹਾਂ ਕੋਲੋਂ ਸਾਡੇ ਲਈ ਰੁੱਝੇ ਰਹਿਣ, ਤਜ਼ਰਬੇ ਕਰਨ, ਨਵੇਂ ਢੰਗ ਵਰਤਣ ਅਤੇ ਜੀਵਨ ਵਿਚ ਨਵੇਂ ਸੰਤੁਲਨ ਉਸਾਰਨ ਦੇ ਬੇਅੰਤ ਗੁਣ ਹੁੰਦੇ ਹਨ। ਜਿਨ੍ਹਾਂ ਦੇ ਘਰ ਵੱਡੀ ਉਮਰ ਦੇ ਅਕਲਮੰਦ ਬਜ਼ੁਰਗ ਹਨ, ਉਨ੍ਹਾਂ ਘਰਾਂ ਅੰਦਰ ਕੁਦਰਤ ਦੀ ਰਹਿਨੁਮਾਈ ਚਲਦੀ ਹੈ। ਕਿਉਂਕਿ ਇਨ੍ਹਾਂ ਕੋਲ ਜ਼ਿੰਦਗੀ ਦੇ ਅਨੇਕਾਂ ਫ਼ੈਸਲਿਆਂ, ਯਤਨਾਂ, ਸੋਚਾਂ, ਉਪਰਾਲਿਆਂ, ਵਿਉਂਤਾਂ, ਸੰਬੰਧਾਂ ਦਾ ਅਮੁੱਕ ਭੰਡਾਰ ਹੁੰਦਾ ਹੈ।

ਮੈਂ ਅਕਸਰ ਸੋਚਦਾ ਹਾਂ ਅਸੀਂ ਕੈਸਾ ਜੀਵਨ ਸਿਰਜ ਬੈਠੇ ਹਾਂ? ਸਾਡੀਆਂ ਬਜ਼ੁਰਗਾਂ ਨਾਲੋਂ ਉਮਰਾਂ ਵੀ ਘੱਟ ਗਈਆਂ ਤੇ ਜੀਵਨ ਪ੍ਰਤੀ ਤਸੱਲੀ ਵੀ ਖ਼ਤਮ ਹੋ ਚੁੱਕੀ ਹੈ। ਖੌਰੇ ਕਿੱਥੋਂ ਆ ਗਏ ਸਾਡੇ ਜੀਵਨ ਵਿਚ ਦਬਾਓ, ਤਣਾਓ, ਤੌਖਲੇ, ਡਰ, ਝਗੜੇ, ਮੁਕੱਦਮੇ, ਥਾਣੇ ਅਤੇ ਕਚਹਿਰੀਆਂ ਇਨ੍ਹਾਂ ਵੇਲੇ ਪੰਜਾਂ ਚ ਪਰਮੇਸ਼ੁਰ ਹੁੰਦਾ ਸੀ। ਹੁਣ ਪੰਜਾਹਾਂ ਵਿਚ ਵੀ ਕਿਚਕਿਚ ਹੁੰਦੀ ਹੈ।

ਅਸੀਂ ਸਰੀਰਕ ਰੋਗਾਂ ਦੇ ਇਲਾਜ ਲੱਭਦਿਆ ਲੱਭਦਿਆਂ ਨੇ, ਹੋਰ ਨਵੀਆਂ ਗੰਭੀਰ, ਭਾਵਕ ਅਤੇ ਮਾਨਸਿਕ ਸਮੱਸਿਆਵਾਂ ਨੂੰ ਸਹੇੜ ਲਿਆ ਹੈ। ਸਾਡੇ ਜੀਵਨ ਦੇ ਹਰ ਖੇਤਰ ਵਿਚ ਸਥਿਤੀ ਚਿੰਤਾਜਨਕ ਬਣ ਚੁੱਕੀ ਹੈ। ਸਾਡੇ ਜੀਵਨ ਦੀ ਮੁੱਢਲੀ ਜਾਂਚ ਸਿੱਖਿਆ ਤਾਂ ਹੁਣ ਆਮ ਹੋ ਗਈ ਹੈ, ਪਰ ਸਾਡੇ ਫਰਜ਼ੰਦਾਂ ਲਈ ਸਿਲੇਬਸ, ਖਰਚੇ ਅਤੇ ਦਾਖਲੇ ਲੈਣੇ ਮੁਸ਼ਕਿਲ ਤੋਂ ਅਗਾਂਹ ਦੀ ਸਥਿਤੀ ਨਾਮੁਮਕਿਨ ਵਿਚ ਪ੍ਰਵੇਸ਼ ਕਰਨ ਵਾਲੇ ਹਨ!

ਅਸਲ ਵਿਚ ਜ਼ਿੰਦਗੀ ਦਾ ਮੂਲਮੰਤਰ… *ਢਾਈ ਅੱਖਰ ਪ੍ਰੇਮ ਦੇ ਹਨ*
ਸੋ ਕਿਸੇ ਲਈ ਰੂਹਾਂ ਨੂੰ ਸਕੂਨ ਦਿੰਦਾ ਹਮਦਰਦ ਬਣ ਜਾਣਾ, ਹੋਰ ਕੋਈ ਕਿਸੇ ਨੂੰ ਨਾ ਤਾਂ ਕੁਝ ਦੇ ਸਕਦਾ ਨਾ ਕੁਝ ਲੈ ਸਕਦਾ ਹੈ। ਸਭ ਨੇ ਆਪੋ ਆਪਣੇ ਫਰਜ਼ ਜ਼ਿੰਮੇਵਾਰੀਆਂ ਨਿਭਾ ਇੱਕ ਦਿਨ ਤੁਰ ਜਾਣਾ ਇਸ ਜਹਾਨੋਂ..!

ਹਰਫੂਲ ਭੁੱਲਰ

ਮੰਡੀ ਕਲਾਂ 9876870157

 

Previous articleਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸਿੱਖਿਆ ਮੰਤਰੀ ਦੇ ਨਾਂ ਸੌਂਪਿਆ ਮੰਗ ਪੱਤਰ
Next articleਫ਼ਰਕ