ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਮਾਂ ਦੀ ਉਪਮਾ ਲਿਖਣੀ ਹਰ ਇਨਸਾਨ ਦੇ ਬਸ ਤੋਂ ਬਾਹਰ ਦੀ ਗੱਲ ਹੈ। ਮਾਂ ਦਾ ਵਿਛੋੜਾ ਅਸਿਹ ਤੇ ਅਕਿਹ ਹੁੰਦਾ ਹੈ। ਮਾਂ ਸੱਚਮੁੱਚ ਅਣਮੁੱਲ ਹੈ। ਮਾਂ ਤੋਂ ਮਿਲਿਆ ਛਟਾਂਕ, ਕਿਸੇ ਸੰਤ ਹੱਥੋਂ ਮਿਲੇ ਕਿਲੋ ਤੋਂ ਜ਼ਿਆਦਾ ਹੁੰਦਾ ਹੈ! ਪਰ ਜਦੋਂ ਕਿਸੇ ਦੀ ਮਾਂ ਨਾ ਰਹੇ ਤਾਂ ਉਸਨੂੰ ਮੇਰੀ ਤਰ੍ਹਾਂ ਇਸ ਕੁਬੇਰ ਦੇ ਖਜ਼ਾਨੇ ਬਾਰੇ ਖ਼ਾਸ ਹੀ ਅਨੁਭਵ ਹੁੰਦਾ ਹੈ। ਦੁਨੀਆ ਤੇ ਔਰਤ ਦਾ ਮਾਂ ਵਜੋਂ ਰੁਤਬਾ ਮਹਾਨ ਹੈ ਤੇ ਹਮੇਸ਼ਾ ਬਣਿਆ ਹੀ ਰਹੇਗਾ।

ਕਿਉਂਕਿ ਵਿਹੜੇ ਦੀ ਇਹ ਰੌਣਕ ਹੁੰਦੀਆਂ, ਪਿਆਰ ਦਾ ਹੁੰਦੀਆਂ ਚਸ਼ਮਾ, ਹੁੰਦੀਆਂ ਠੰਡੀਆਂ ਜਿਉਂ ਬੋਹੜਾਂ ਦੀਆਂ ਛਾਵਾਂ, ਰੱਬ ਦਾ ਇਹ ਰੂਪ ਹੁੰਦੀਆਂ, ਧੀਆਂ, ਭੈਣਾਂ, ਮਾਵਾਂ… ਮੇਰੀ ਮਾਂ ਸਮੇਂ ਤੋਂ ਪਹਿਲਾਂ ਤੁਰ ਗਈ, ਕੋਈ ਸਕੀ ਭੂਆ ਜਾਂ ਭੈਣ ਨਹੀਂ ਸੀ, ਅਕਸਰ ਸੋਚਦਾ ਹਾਂ ਜੇਕਰ ਹੁੰਦੀਆਂ ਤਾਂ ਮੇਰੇ ਵਿਚ ਵੀ ਦੋ-ਚਾਰ ਇਨਸਾਨੀ ਗੁਣ ਹੁੰਦੇ!

ਮੌਤ ਦੇ ਲਈ ਲੱਖਾਂ ਰਸਤੇ, ਜਨਮ ਦੇ ਲਈ ਸਿਰਫ਼ ਮਾਂ। ਨਾਲੇ ਔਲਾਦ ਨੂੰ ਪਤੀ ਸਮੇਤ ਹੋਰਨਾਂ ਨਾਲੋਂ ਕਈ ਮਹੀਨੇ ਵੱਧ ਜਾਣਦੀ ਹੁੰਦੀ ਹੈ! ਮਾਂ ਚਿਹਰਾ ਪੜ੍ਹ ਕੇ ਦਿਲ ਬੁੱਝ ਲੈਂਦੀ ਹੈ, ਅੰਤਰਜਾਮੀ ਹੁੰਦੀ ਹੈ। ਚੰਦਰੀ ਸਾਰਾ ਲਾਡ ਪਿਆਰ ਬਚਪਨ ਵਿਚ ਹੀ ਦੇ ਗਈ, ਸ਼ਾਇਦ ਜਾਣਦੀ ਹੋਵੇ ਕਿ ‘ਮੈਂ ਪੁੱਤ ਤੋਂ ਬਹੁਤ ਜਲਦੀ ਵਿੱਛੜਨ ਵਾਲੀ ਹਾਂ’!

ਬੜਾ ਔਖਾ ਹੁੰਦਾ ਮਾਂ ਦੀ ਮੰਮਤਾ ਨੂੰ ਦੂਸਰਿਆਂ ਚੋਂ ਲੱਭਣਾ, ਮੋਹ ਦੀ ਭਾਲ ਵਿੱਚ ਭਾਵੇਂ ਜਿੰਨੀਆਂ ਮਰਜ਼ੀ ਦੇਹਾਂ ਨੂੰ ਫਰੋਲ ਲਈਏ ਆਪਾਂ।
ਰੋਟੀ ਖਾਂਦਿਆ… ‘ਬਸ ਮਾਂ’ ਕਹਿਣ ਤੇ ਵੀ ਗਰਮ-ਗਰਮ, ਕਰਾਰੀ ਤੇ ਪਿਆਰ ਨਾਲ ਫੁੱਲੀਂ ਹੋਈ ਰੋਟੀ ਥਾਲ਼ੀ ਵਿੱਚ ਰੱਖ ਹੀ ਦੇਣੀ, ਮੈਂ ਰੱਜੇ ਨੇ ਵੀ ਖਾਂ ਜਾਣੀ। ਮਾਂ ਵਿਛੜੀ ਨੂੰ ਕੱਲ੍ਹ 28 ਵਰ੍ਹੇ ਹੋ ਗਏ! ਦਿਲ ਦੀ ਸਰਜ਼ਮੀਨ ਤੇ ਯਾਦਾਂ ਦੀ ਫ਼ਸਲ ਹਾਲੇ ਪੂਰੇ ਜ਼ੋਬਨ ਤੇ ਹੈ।

ਮੇਰਾ ਮੰਨਣਾ ਹੈ ਮਾਂ ਦੀਆਂ ਅਸੀਸਾਂ ਸਿਵਿਆਂ ਤੱਕ ਨਾਲ ਜਾਂਦੀਆਂ ਨੇ, ਅੱਜ ਭਾਗਵਾਨ ਨੂੰ ਬੋਲਦਾ ਹਾਂ ‘ਰੋਟੀ ਬਸ’, ਪਰ ਗਰਮ-ਗਰਮ, ਕਰਾਰੀ ਤੇ ਪਿਆਰੀ ਨਾਲ ਫੁੱਲੀਂ ਰੋਟੀ ਥਾਲ਼ੀ ਵਿਚ ਹੁੰਦੀ ਹੈ, ਫਿਰ ਲਗਦੇ ਮਾਂ ਕਿੱਧਰੇ ਗਈ ਨਹੀਂ ਮੇਰੇ ਨਾਲ ਹੈ। ਇਹ ਮਾਂ ਦੀਆਂ ਅਸੀਸਾਂ ਹਨ ਜਾਂ ਮੇਰੇ ਨਸੀਬ ਜਾਂ ਬੇਗਮ ਦੀ ਸਿਆਣਪ-ਲਿਆਕਤ ਜਾਂ ਮੇਰੇ ਕਰਮਾਂ ਦਾ ਫਲ ਜਾਂ ਮੇਰੀ ਅਮੜੀ ਦੀ ਕੋਈ ਬਖਸ਼ਿਸ਼? ਹਾਲੇ ਤੱਕ ਤਾਂ ਸਮਝ ਨਹੀਂ ਸਕਿਆ ਮੈਂ ਕਮਲਾ ਕੁਦਰਤ ਦੀ ਇਹ ਬੁਝਾਰਤ, ਦੁਆ ਕਰਦਾ ਹਾਂ ਕਿ ਹਰ ਬੱਚੇ ਦੀ ਮਾਂ ਤੇਰੇ ਵਰਗੀ ਹੋਵੇ, ਜੋ ਸਾਰਿਆਂ ਤੋਂ ਮਗਰੋਂ ਸੌਂਦੀ ਤੇ ਸਾਰਿਆਂ ਤੋਂ ਪਹਿਲਾਂ ਜਾਗਦੀ ਹੋਵੇ, ਤੇ ਰੋਟੀ ਰਾਹੀਂ ਪਿਆਰ, ਮੁਹੱਬਤ, ਲਿਆਕਤ ਦੇ ਨਾਲ-ਨਾਲ ਉਮਰ ਭਰ ਲਈ ਅਸੀਸ ਵੀ ਦਿੰਦੀ ਹੋਵੇ।

ਮੈਂ ਦੇਖਿਆ ਬਾਪੂ ਕਈ ਵਾਰੀ ਹਲਾਤਾਂ ਅਨੁਸਾਰ ਧੀਆਂ-ਪੁੱਤਰਾਂ ਵਿਚ ਉਨੀ-ਇੱਕੀ ਕਰ ਹੀ ਜਾਂਦੇ ਹਨ, ਪਰ ਮਾਵਾਂ ਦੇ ਪਿਆਰ ਦਾ ਢੰਗ ਨਿਰਾਲਾ ਹੈ, ਇਹ ਜੋ ਵੀ ਵੰਡਦੀਆਂ ਨੇ ਔਲਾਦ ਨੂੰ ਸੌ ਪ੍ਰਤੀਸ਼ਤ ਮਿਲਦੈ!
ਓ ਹੋ ਖੌਰੇ ਕਿੱਥੇ ਗਏ? ਮੁੜ ਨਹੀਂ ਆਉਣੇ ਓਹ ਦਿਨ…
*ਜਦੋਂ ਤੂੰ ਫਿਸਲਦੀ ਹੁੰਦੀ ਸੀ, ਮੈਂ ਹੱਸਦਾ ਹੁੰਦਾ ਸੀ,*
*ਜਦੋਂ ਵਾਰੀ ਮੇਰੀ ਹੁੰਦੀ ਸੀ, ਤੂੰ ਰੋਂਦੀ ਹੁੰਦੀ ਸੀ ‘ਮਾਂ!’*

ਮਾਂ ਤੈਂ ਮੈਨੂੰ ਕਲਯੁੱਗ ਵਿਚ ਜਨਮ ਦਿੱਤਾ, ਜਿਉਂ ਹੁਣ ਮੈਂ ਮਤਲਬ ਯੁੱਗ ਵਿਚ ਰਿਹਾ ਹਾਂ। ਜਿੱਥੇ ਆਰਥਿਕ ਪੱਖੋਂ ਥੋੜ੍ਹਾ ਕਮਜ਼ੋਰ ਹੁੰਦਿਆ ਹੀ ਸਭ ਰਿਸ਼ਤੇ ਬਿਗਾਨੇ ਹੋ ਜਾਂਦੇ ਨੇ! ਮਨ ਉਦਾਸ ਹੈ, ਪੱਲੇ ਫਿਕਰ ਨੇ, ਮਿਹਨਤ ਜ਼ਾਰੀ ਹੈ, ਉਮੀਦ ਰੱਖੀ ਐ ਸੁਨਹਿਰੀ ਭਵਿੱਖ ਦੀ। ਜਾਣਾ ਤਾਂ ਸਭ ਨੇ ਹੈ ਦੁਨੀਆ ਤੋਂ, ਅਸੀਂ ਵੀ ਕਤਾਰ ਵਿੱਚ ਲੱਗੇ ਹੋਏ ਹਾਂ, ਪਰ ਮਾਂ ਦੀ ਬੁੱਕਲ ਦਾ ਨਿੱਘ ਮਿਲੇ ਤੇ ਰਿਸ਼ਤਿਆਂ ਤੋਂ ਵੱਧ ਤੋਂ ਵੱਧ ਸੁੱਖ ਮਿਲੇ, ਮੈਨੂੰ ਲਗਦੇ ਇਹਦੇ ਲਈ ਚੰਗੀ ਕਿਸਮਤ ਦਾ ਹੋਣਾ ਲਾਜ਼ਮੀ ਹੈ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

Previous articleਸ਼ੁਭ ਸਵੇਰ ਦੋਸਤੋ,
Next articleਆਪਣੇ ਤੇ ਲੱਗੇ ਦੋਸ਼ਾਂ ਨੂੰ ਨਿਕਾਰਦਿਆ ਚੱਠਾ ਹੋਏ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ