ਸ਼ੁਭ ਸਵੇਰ ਦੋਸਤੋ,

ਹਰਫੂਲ ਭੁੱਲਰ

(ਸਮਾਜ ਵੀਕਲੀ)

ਸਾਕ ਸਬੰਧੀ ਨੇੜੇ ਦਾ ਹੋਵੇ ਚਾਹੇ ਹੋਵੇ ਦੂਰ ਦਾ, ਰਿਸ਼ਤਾ ਓਹੀ ਹੰਢਣਸਾਰ ਮੰਨਿਆ ਜਾਂਦਾ ਹੈ, ਜਿੱਥੇ ਹੋਣ…
ਸਾਡੀਆਂ ਇੱਕੋ ਸੋਚਾਂ ਤੇ ਇੱਕੋ ਵਿਚਾਰਾਂ,
ਫਿਰ ਜੁੜਦੀਆਂ ਨੇ ਦਿਲ ਦੀਆਂ ਤਾਰਾਂ।

ਤਸਵੀਰ ਚ ਮੇਰੇ ਸੋਹਰਾ ਸਾਹਿਬ ਦੀ ਭੂਆਂ ਜੀ, ਪੋਤਾ ‘ਸੋਨੀ’, ਪੋਤਨੂੰਹ ਤੇ ਉਨ੍ਹਾਂ ਦੇ ਬੱਚੇ ਨੇ, ਪੱਤੋਂ ਜ਼ਿਲ੍ਹਾ ਮੋਗਾ ਤੋਂ, ਪਰਿਵਾਰ ਦੀ ਚੌਥੀ ਪੀੜ੍ਹੀ ਨਾਲ ਬੈਠੀ 95 ਸਾਲਾਂ ਮਾਤਾ ਨੇ ਹਰ ਗੱਲ ਦਾ ਮੌੜਮਾ ਜਵਾਬ ਦੇ ਕੇ ਖੂਬ ਰੌਣਕਾਂ ਲਾਈਆਂ ਤੇ ਹਾਂਸੇ ਮਜ਼ਾਕ ਵਿੱਚ ਬਹੁਤ ਪਤੇ ਦੀਆਂ ਗੱਲਾਂ ਦੱਸੀਆਂ, ਕਹਿੰਦੀ ਵੇ ਪੁੱਤ… ‘ਆਪਣਿਆਂ ਚ ਬੈਠ ਕੇ, ਆਪਣੇ ਧੀਆਂ ਪੁੱਤਰਾਂ ਦੀ ਤਰੀਫ਼ ਕਰਨਾ ਤੇ ਉਨ੍ਹਾਂ ਨੂੰ ਸਲਾਹੁਣਾ ਬਜ਼ਾਰੋਂ ਮਿਲਦੇ ਮਹਿੰਗੇ ਮੁੱਲ ਦੇ ਬਨਾਵਟੀ ਤੋਹਫਿਆਂ ਨਾਲੋਂ ਕਿਤੇ ਸੱਚਾ ਸੁੱਚਾ ਆਸ਼ੀਰਵਾਦ ਤੇ ਸਦਾ ਲਈ ਨਾਲ ਰਹਿਣ ਵਾਲਾ ਅਨਮੋਲ ਤੋਹਫ਼ਾ ਹੁੰਦਾ ਹੈ’!

ਕਹਿੰਦੀ ਪਰ ਹਾਂ… ‘ਅਜਿਹੇ ਰਿਸ਼ਤਿਆਂ ਦੇ ਪੁਲ ਉਸਾਰਨ ਲਈ, ਹੰਝੂਆਂ ਦਾ ਪਾਣੀ, ਜਜ਼ਬਾਤਾਂ ਦਾ ਲੋਹਾ, ਰੂਹ ਦਾ ਸੀਮਿੰਟ ਅਤੇ ਉਮੀਦਾਂ ਦਾ ਰੇਤ ਲੱਗਦਾ ਹੈ! ਜੇਕਰ ਇਹ ਪੁਲ ਅਸੀਂ ਬਣਾ ਲਈਏ ਤਾਂ, ਇਹ ਸਾਡੀ ਐਸੀ ਤਾਕਤ ਬਣਦਾ ਐ, ਫਿਰ ਅਸੀਂ ਭਾਵੇਂ ਨੀਂਦ ਚ ਹੋਈਏ, ਚਾਹੇ ਜਾਗਦੇ, ਆਰਾਮ ਚ ਹੋਈਏ ਭਾਵੇਂ ਕੰਮ ਚੋ, ਫਿਰ ਸਾਡੇ ਮਨ ਦੀ ਤ੍ਰਿਪਤੀ ਲਈ ਢੋਆ-ਢੋਵਾਈ ਆਪਣੇ ਆਪ ਹੁੰਦੀ ਰਹਿੰਦੀ ਹੈ’।
ਜੇ ਸੱਚ ਰੱਖੋ ਪੱਲੇ, ਫਿਰ ਪੱਤਾ ਵੀ ਨਾ ਹੱਲੇ!

ਅਖੀਰ ਨੂੰ ਤਾਂ ਸਾਡੀ ਰੂਹ ਕੁਦਰਤ ਵਿੱਚ, ਸਾਡਾ ਸਰੀਰ ਮਿੱਟੀ ਕੋਲ ਅਤੇ ਸਾਡੀ ਜਾਇਦਾਦ ਪਰਿਵਾਰਕ ਰਿਸ਼ਤਿਆਂ ਕੋਲ ਚਲੀ ਜਾਂਦੀ ਹੈ। ਇਹ ਹਰ ਮਨੁੱਖ ਦੀ ਹੋਣੀ ਹੈ।

ਪਰ ਜਿਉਂਦੇ ਜੀਅ ਮਨਮੋਹਕ ਮਿਲਣੀਆਂ ਸਾਡੇ ਲਈ ਅਮਿੱਟ ਯਾਦਾਂ ਨੂੰ ਜਨਮ ਦਿੰਦੀਆਂ ਹਨ, ਜੋ ਸਾਨੂੰ ਪੱਤਝੜ ਦੀਆਂ ਧੁੰਦਾਂ, ਸਿਆਲ਼ ਦੀਆਂ ਉਦਾਸ ਰਾਤਾਂ ਵਿੱਚ ਵੀ ਜੀਵਨ ਦਾ ਖੂਬਸੂਰਤ ਸਾਹਸ ਤੇ ਉਤਸ਼ਾਹ ਦਿੰਦੀਆਂ ਹਨ। ਮੁਹੱਬਤ ਵਿੱਚ ਗੜੁੱਚ ਲੋਕਾਂ ਦੇ ਚਿਹਰੇ ਸਿਰਫ਼ ‘ਜੀ ਆਇਆਂ ਨੂੰ’ ਹੀ ਕਹਿਣਾ ਜਾਣਦੇ ਹਨ, ਅਲਵਿਦਾ ਨਹੀਂ।

ਸਾਡੀ ਕੋਈ ਊਣਤਾਈ ਦੇਖੀਂ ਹੋਵੇ ਤਾਂ ਬਖ਼ਸ਼ ਲਿਓ ਮਾਤਾ ਜੀ, ਫਿਰ ਮਿਲਣ ਦੀ ਆਸ ਵਿਚ, ਕੁਦਰਤ ਭਲੀ ਕਰੇ।

ਹਰਫੂਲ ਭੁੱਲਰ

ਮੰਡੀ ਕਲਾਂ 9876870157

 

Previous articleਸ਼ੁਭ ਸਵੇਰ ਦੋਸਤੋ,
Next articleਸ਼ੁਭ ਸਵੇਰ ਦੋਸਤੋ,