(ਸਮਾਜ ਵੀਕਲੀ)
ਕੁਦਰਤ ਰਾਣੀ ਸਾਨੂੰ ਸਾਰਿਆਂ ਨੂੰ ਕਿੰਨਾ ਲਾਡ ਪਿਆਰ ਤੇ ਸਤਿਕਾਰ ਦਿੰਦੀ ਹੈ ਅਸੀਂ ਸੋਚ ਵੀ ਨਹੀਂ ਸਕਦੇ… ਜੀਵਨ ਬਖਸ਼ਿਸ਼ ਕਰਨ ਵਾਲੀ ਕੁਦਰਤ ਦਾ ਮੈਨੂੰ ਤਾਂ ਹਮੇਸ਼ਾ ਇਹੀ ਸੁਨੇਹਾ ਕੰਨੀ ਪੈਂਦਾ ਹੈ ਕਿ…
ਵੇ ਤੂੰ ਪਾ ਕੋਈ ਬਾਤ ਬਿੱਲਖਣ ਜਿਹੀ,
ਮੇਰੀ ਜ਼ੁੰਮੇਵਾਰੀ ਤੈਂ ਨੂੰ ਹੁੰਗਾਰਿਆਂ ਦੀ,
ਵਗ ਤਾਂ ਸਹੀ ਪਾਣੀ ਬਣ ਨਦੀਆਂ ਦਾ,
ਵੇ ਮੈਂ ਮਿੱਟੀ ਬਣੂ ਤੇਰੇ ਕਿਨਰਿਆ ਦੀ 🍀
ਮੈਂ ਜ਼ਿੰਦਗੀ ਨੂੰ ਰੂਹ ਦੇ ਹਾਣੀ ਵਾਲੇ ਨਿਰੇ ਹੁਸਨ ਦੀ ਤਰ੍ਹਾਂ ਮਹਿਸੂਸ ਕਰਦਾ ਹਾਂ, ਜੋ ਚਮਕਦਾ, ਪਲ ਪਲ ਵਧਦਾ, ਖਿੱਚਾਂ ਪਾਉਂਦਾ, ਕੋਲ ਬੁਲਾਉਂਦਾ, ਗਲਵਕੜੀਆਂ ਲਈ ਤਾਂਘਦਾ, ਦਿਲ ਦੀ ਕਲੀ ਨੂੰ ਮੁਸਕਾਉਂਦਾ, ਖ਼ੁਸ਼ਬੋਈਆਂ ਵੰਡਦਾ, ਨਵੀਆਂ ਆਸਾਂ ਸਿਰਜਦਾ, ਦਿਲ ਦੀ ਸਰਜ਼ਮੀਨ ਤੇ ਅਥਾਹ ਮੁਹੱਬਤ ਤੇ ਯਕੀਨ ਦੇ ਬੀਜ ਬੀਜਦਾ ਹੈ।
ਕੁਦਰਤ ਦੀ ਬੋਲੀ ਵਿਚ ਮੇਰੇ ਲਈ ਜ਼ਿੰਦਗੀ ਡੂੰਘੀ ਹੁੰਦੀ ਜਾਂਦੀ, ਨਿੱਗਰ ਤੇ ਕਿੰਤੂਹੀਨ ਹੁੰਦੀ ਜਾਂਦੀ ਓਹ ਮੁਹੱਬਤ ਹੈ ਜਿਸ ਵਿਚ ਗ਼ੈਰ ਸ਼ਬਦ ਦਾ ਪ੍ਰਵੇਸ਼ ਬਹੁਤ ਮੁਸ਼ਿਕਲ ਹੈ। ਇਸ ਵਿਚ ਦੂਈ ਦਾ ਅਹਿਸਾਸ ਹੀ ਨਹੀਂ ਹੁੰਦਾ ਕਦੇ ਮੈਨੂੰ।
ਜਿਹੜੇ ਲੋਕ ਹਰ ਸਮੇਂ ਕੇਵਲ ਕੰਮ ਦੀਆਂ ਗੱਲਾਂ ਤੇ ਵਪਾਰ ਦੀਆਂ ਵਿਉਂਤਾਂ ਬਣਾਉਂਦੇ ਰਹਿੰਦੇ ਹਨ, ਓਹ ਕੁਝ ਵੀ ਬਣ ਜਾਣ ਪਰ ਜ਼ਿੰਦਗੀ ਦੇ ਆਸ਼ਿਕ ਨਹੀਂ ਬਣ ਸਕਦੇ, ਨਾ ਹੀ ਕਿਸੇ ਨੂੰ ਮੁਹੱਬਤ ਕਰ ਸਕਦੇ ਨੇ, ਇਹ ਸਭ ਪਾਉਣ ਲਈ ਸਾਨੂੰ ਬੱਚਿਆਂ ਵਾਂਗੂੰ ਵਿਵਹਾਰ ਕਰਨਾ ਪੈਂਦਾ ਹੈ, ਜਿਸਨੂੰ ਅਕਸਰ ਅਸੀਂ ਵੱਡੇ ਹੋਣ ਦੇ ਭਰਮ ਭੁਲੇਖਿਆਂ ਵਾਲੇ ਹਥੌੜੇ ਨਾਲ ਇਨ੍ਹਾਂ ਪਵਿੱਤਰ ਅਹਿਸਾਸਾਂ ਨੂੰ ਚਕਨਾਚੂਰ ਹੀ ਕਰ ਦਿੰਦੇ ਹਾਂ।
ਪੈਰੀਂ ਝਾਂਜਰਾਂ ਤੇ ਡੋਲਿਆਂ ਨੂੰ ਘੂੰਗਰੂ ਭਾਵੇਂ ਅਸੀਂ ਜਿੰਨੇ ਮਰਜ਼ੀ ਬੰਨ ਲਈਏ, ਪਰ ਜੇ ਨੱਚਣ ਦਾ ਚਾਅ ਅਤੇ ਉਤਸ਼ਾਹ ਨਾ ਹੋਵੇ ਤਾਂ ਨੱਚਿਆ ਜਾ ਹੀ ਨਹੀਂ ਸਕਦਾ।
ਸੋ ਆਓ ਉਦਾਰ-ਦ੍ਰਿਸ਼ਟੀ, ਸਦਭਾਵਨਾ ਅਤੇ ਸਨੇਹ ਨਾਲ ਦੂਜਿਆਂ ਪ੍ਰਤੀ ਸੁਭ-ਇੱਛਾਵਾਂ ਦੀਆਂ ਅਰਜ਼ੋਈਆਂ ਕਰੀਏ, ਕੁਦਰਤ ਰਾਣੀ ਸਾਡੇ ਉਲੀਕਿਆ ਰਾਵਾਂ ਨੂੰ ਪੱਧਰਾ ਕਰਨ ਜਰੂਰ ਸਾਡੀ ਮੱਦਦ ਕਰੇਗੀ।
ਹਰਫੂਲ ਭੁੱਲਰ
ਮੰਡੀ ਕਲਾਂ 9876870157