ਹਰਫੂਲ ਭੁੱਲਰ ਮੰਡੀ ਕਲਾਂ 9876870157
(ਸਮਾਜ ਵੀਕਲੀ) ਕਦੇ-ਕਦੇ ਤਾਂ ਲਗਦਾ ਹੁੰਦਾ ਕਿ ਪੈਸੇ ਬਿਨਾਂ ਵੀ ਕੁਝ ਨਹੀਂ…ਪਰ ਫੇਰ ਜਲਦੀ ਹੀ ਆਪਣੇ ਮਨ ਨੂੰ ਉਹਨਾਂ ਅਮੀਰਜਾਦਿਆਂ ਦੀਆਂ ਉਦਾਹਰਨਾਂ ਦੇ ਕੇ ਸਮਝਾ ਲਾਈਦਾ, ਜੋ ਲੱਖਾਂ-ਕਰੋੜਾਂ ਦੀਆਂ ਸਹੂਲਤਾਂ ਹੋਣ ਦੇ ਬਾਵਜੂਦ, ਸਕੂਨ ਤੋਂ ਕੋਹਾਂ ਦੂਰ ਹਨ। ਮੁੱਕਦੀ ਗੱਲ ਏਨੀ ਕੁ ਹੈ ਕਿ ਕੁਦਰਤ ਦੀ ਮਿਹਰ ਬਣੀ ਰਹੇ, ਮੁਢਲੀਆਂ ਜਰੂਰਤਾਂ ਪੂਰੀਆਂ ਹੋਈ ਜਾਣ, ਤਾਂ ਜੋ ਥੋੜ੍ਹੇ ਕੁ ਸ਼ੋਂਕ ਵੀ ਪੂਰੇ ਕਰ ਲਈਏ, ਬਾਕੀ ਜਿੰਦ ਤਾਂ ਸਭ ਦੀ ਮੁੱਕ ਜਾਂਦੀ ਆ, ਪਰ ਤ੍ਰਿਸਨਾਵਾਂ ਤਾਂ ਕਦੇ ਕਿਸੇ ਦੀਆਂ ਮੁੱਕਦੀਆਂ ਹੀ ਨਹੀਂ।
ਦੌਲਤਮੰਦ ਹੋਣਾ ਜੀਵਨ ਦੀ ਜ਼ਰੂਰਤ ਹੈ ਸਭ ਕੁੱਝ ਨਹੀਂ। ਆਮਦਨ ਜਾਂ ਪੈਸਾ ਬਹੁਤ ਜ਼ਿਆਦਾ ਵੱਧਣ ਨਾਲ ਜੀਵਨ ਸੁਖਾਲਾ ਨਹੀਂ ਹੁੰਦਾ, ਸਗੋਂ ਹੋਰ ਗੁੰਝਲਦਾਰ ਹੋ ਜਾਂਦਾ ਹੈ, ਜਿਥੋ ਵਾਪਸ ਸਕੂਨ ਵੱਲ ਮੁੜਿਆ ਨਹੀਂ ਜਾਂਦਾ।
ਜ਼ਿਆਦਾ ਅਮੀਰਾਂ ਨੂੰ ਡਾਕਟਰ ਓਹ ਸਭ ਖਾਣ ਤੋਂ ਮਨਾਹੀ ਕਰ ਦਿੰਦੇ ਹਨ, ਜੋ ਸਾਨੂੰ ਸਵਾਦ ਲੱਗਦਾ ਹੈ। ਦੁਨੀਆਂ ‘ਚ ਨਜ਼ਰ ਮਾਰਿਆ ਪਤਾ ਲਗਦੇ ਕਿ ਸਭ ਤੋਂ ਖੁਸ਼ਹਾਲ ਓਹ ਲੋਕ ਨੇ ਜਿਨ੍ਹਾਂ ਦੀ ਆਈ-ਚਲਾਈ ਵਧੀਆ ਚੱਲਦੀ ਹੈ। ਇੱਕ ਗੱਲ ਹੋਰ ਦੌਲਤ ਕਿੰਨੀ ਵੀ ਹੋਵੇ ਮਨ ਨੂੰ ਪ੍ਰਸੰਨਤਾ ਉਸ ਦੀ ਸਹੀ ਵਰਤੋਂ ਕਰਨ ਰਾਹੀਂ ਮਿੱਲਦੀ ਹੈ। ਅਮੀਰ ਸਿਰਫ਼ ਆਪਣੇ-ਆਪ ਤੇ ਖ਼ਰਚ ਕਰਦੇ ਨੇ, ਖੁਸ਼ਹਾਲ ਵਿਅਕਤੀ ਜਿੰਨੇ ਜੋਗੇ ਵੀ ਹੋਣ ਸਮਾਜਿਕ ਪੱਧਰ ਨੂੰ ਉੱਚਾ ਚੁੱਕਣ ਦੇ ਯਤਨ ਕਰਦੇ ਹਨ।
ਹੁਣ ਉਹ ਜ਼ਮਾਨਾ ਨਹੀਂ ਰਿਹਾ ਕਿ ਪਿਛਲੇ ਜਨਮ ਦਾ ਕਰਜ਼ਾ ਅਗਲੇ ਜਨਮ ‘ਚ ਦੇਣਾ ਪਵੇਗਾ, ਹੁਣ ਤਾਂ ਆਧੁਨਿਕ ਜੁੱਗ ਹੈ ਸਾਰਾ ਕੁੱਝ ਹੱਥੋਂ-ਹੱਥ ਹੋ ਰਿਹਾ ਹੈ। ਬੁਢਾਪਾ ਸੁਖੀ ਕੱਢਣਾ ਹੈ ਤਾਂ ਅੱਜ ਨੂੰ ਰੱਜ ਕੇ ਜੀਅ ਲਈਏ। ਅਮੀਰਾਂ ਦੀਆਂ ਬੇਗਮਾਂ ਦੇ ਪਾਏ ਮਹਿੰਗੇ ਮੁੱਲ ਦੇ ਗਹਿਣਿਆਂ ਨਾਲੋਂ, ਸਾਨੂੰ ਤਾਂ ਆਪਣੇ ਪਿਆਰੇ, ਰੰਗੀਲੇ ਤੇ ਸਾਧਾਰਨ ਸੱਜਣ ਦੇ ਬੁੱਲ੍ਹਾਂ ਦੇ ਸਲੀਕੇ ਨਾਲ ਲਾਈ ਸਸਤੀ ਲਿਪਸਟਿਕ, ਕਰੋੜਾਂ ਦੇ ਹੀਰਿਆਂ ਨਾਲੋਂ ਵੀ ਮਹਿੰਗੀ ਤੇ ਕੀਮਤ ਦੀ ਲੱਗਦੀ ਹੈ। ਗੱਲ ਕੀ ਲੋੜ ਚੀਜ਼ਾਂ ਖਰੀਦਣ ਦੀ ਨਹੀਂ, ਅਨੁਭਵ ਖ਼ਰੀਦਣ ਦੀ ਹੈ।
ਜੋ ਕਰਨਾ ਆਪਣੇ ਜਿਉਂਦੇ ਜੀਅ ਆਪਣੇ ਦਮ ਤੇ ਕਰ ਲਈਏ, ਬੱਚਿਆਂ ਦੇ ਇਸ ਵਾਅਦੇ ਤੇ ਨਿਰਭਰ ਨਾ ਰਹੀਏ ਕਿ ਉਹ ਸਾਡਾ ਬੁਢਾਪੇ ਵਿੱਚ ਸਾਥ ਦੇਣਗੇ ਅਤੇ ਸਾਡੀ ਖੂਬ ਸੇਵਾ ਕਰਨਗੇ, ਕਿਉਂਕਿ ਸਮਾਂ ਹਮੇਸ਼ਾਂ ਇੱਕੋ ਜਿਹਾ ਨਹੀਂ ਰਹਿੰਦਾ, ਕਦੇ ਕਦਾਈਂ ਬੱਚੇ ਚਾਹੁੰਦੇ ਹੋਏ ਵੀ ਸਾਡੇ ਲਈ ਕੁੱਝ ਨਹੀਂ ਕਰ ਸਕਦੇ। ਉਨ੍ਹਾਂ ਸੱਜਣਾਂ ਨੂੰ ਹੀ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰੀਏ ਜੋ ਸਾਨੂੰ ਹਮੇਸ਼ਾ ਖ਼ੁਸ਼ ਦੇਖਣਾ ਚਹੁੰਦੇ ਹੋਣ। ਕਿਸੇ ਦੇ ਨਾਲ ਆਪਣੇ ਆਪ ਦੀ ਤੁਲਨਾ ਨਾ ਕਰੀਏ, ਅਸੀਂ ਸਾਰੇ ਹੀ ਮੌਤ ਵਾਲੇ ਰਸਤੇ ਦੇ ਪਾਂਧੀ ਹਾਂ।
ਖੁਸ਼ਹਾਲ ਜੀਵਨ ਲਈ ਆਪਣੀ ਸਿਹਤ ਦਾ ਧਿਆਨ ਖ਼ੁਦ ਰੱਖੀਏ, ਸਰੀਰਕ ਮਸ਼ੀਨ ਦੀ ਸਹੀ ਵਰਤੋਂ ਲਈ ਸਾਲ ‘ਚ ਇੱਕ ਅੱਧ ਵਾਰੀ ਚੈਕਅੱਪ ਜਰੂਰ ਕਰਵਾਈਏ ਜੀ, ਘਰ ਦਾ ਸਧਾਰਨ ਖਾਣਾ ਸਬਰ ਸੰਤੋਖ ਨਾਲ ਖਾਈਏ ਜੀ, ਹੋ ਸਕੇ ਆਪਣਾ ਕੰਮ ਖ਼ੁਦ ਕਰੀਏ, ਛੋਟੀਆਂ-ਮੋਟੀਆਂ ਦੁੱਖ ਤਕਲੀਫ਼ਾਂ ਵੱਲ ਜ਼ਿਆਦਾ ਧਿਆਨ ਨਾ ਦੇਈਏ ਜੀ, ਵੱਧਦੀ ਉਮਰ ਨਾਲ ਸ਼ਰੀਰਕ ਪ੍ਰੇਸ਼ਾਨੀਆਂ ਚਲਦੀਆਂ ਰਹਿੰਦੀਆਂ ਹਨ। ਖੁਸ਼ਹਾਲ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰੀਏ, ਖ਼ੁਦ ਖ਼ੁਸ਼ ਰਹੀਏ ਅਤੇ ਦੂਜਿਆਂ ਦੀ ਖੁਸ਼ੀ ਦਾ ਕਾਰਨ ਬਣੀਏ।
ਮੁਕਦੀ ਗੱਲ ਸੰਗੀਤ ਧਰਤੀ ਦੇ ਹਰ ਬਸ਼ਿੰਦੇ ਦੀ ਰੂਹ ਵਾਲੀ ਖੁਰਾਕ ਹੈ। ਸੋ ਹਾੜੇ ਸੰਗੀਤ ਨੂੰ ਸ਼ੋਰ ਸ਼ਰਾਬੇ ਵੱਲ ਨਾ ਲੈਣ ਕੇ ਜਾਈਏ, ਕੌਮ ਦਾ ਭਵਿੱਖ ਸੁਨਹਿਰੀ ਹੋਣਾ ਸੰਭਵ ਨਹੀਂ। ਬਹਾਦਰ ਅਤੇ ਖੁਸ਼ਹਾਲ ਕੌਮਾਂ ਦੇ ਸਾਜ਼ ਮਜਬੂਤ ਤੇ ਰੂਹਾਂ ਕੋਮਲ ਹੁੰਦੀਆਂ ਹਨ। ਕਦੇ ਸਾਨੂੰ ਦਸਮ ਪਿਤਾ ਜੀ ਦੇ ਮਜਬੂਤ ਨਗਾਰੇ ਦੀ ਚੋਟ ਨੇ ਹੀ ਜਾਬਰਾਂ ਖਿਲਾਫ਼ ਟੱਕਰ ਲੈਣ ਦੇ ਯੋਗ ਬਣਾਇਆ ਸੀ। ਅਫ਼ਸੋਸ ਅੰਨੀ ਦੌੜ ਵਿੱਚ ਵਿਰਸਾ ਭੁੱਲਦੇ ਜਾ ਰਹੇ ਹਾਂ ਅਸੀਂ!
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj