ਸ਼ਭ ਸਵੇਰ ਦੋਸਤੋ

ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
(ਸਮਾਜ ਵੀਕਲੀ) 
‘ਮਾਘੀ’ ਤੇ ਭਾਈ ‘ਘਨਈਆ’ ਜੀ ਨੂੰ ਯਾਦ ਕਰਦਿਆਂ॥
ਅੱਜ ਦੇ ਦਿਨ ਨਾਲ ਇਸ ਲਿਖਤ ਦਾ ਕੋਈ ਸਿੱਧਾ ਸੰਬੰਧ ਨਹੀਂ ਹੈ। ਇਤਹਾਸ ਦੇ ਪੱਤਰੇ ਫਰੋਲਦਿਆਂ ਸਪੱਸ਼ਟ ਹੋ ਜਾਂਦਾ ਹੈ ਕਿ ‘ਮਨੁੱਖਤਾ ਦੀ ਸੇਵਾ’ ਵਾਲੀ ਨੀਂਹ ਤਾਂ 1704 ਈਸਵੀਂ ਵਿੱਚ ਸ੍ਰੀ ਗੁਰੂ ‘ਗੋਬਿੰਦ ਸਿੰਘ’ ਜੀ ਨੇ, ਭਾਈ ‘ਘਨਈਆ’ ਜੀ ਦੀ ਦਰਿਆ ਦਿਲੀ ਵਾਲੀ ਸੋਚ ਰਾਹੀ ਰੱਖ ਦਿੱਤੀ ਸੀ। ਜਦੋ ਉਨ੍ਹਾਂ ਆਨੰਦਪੁਰ ਸਾਹਿਬ ਦੀ ਜੰਗ ਦੇ ਦੌਰਾਨ ਸੇਵਾ ਕੀਤੀ ਸੀ।
ਜਾਣਿਆ ਕਿ ‘ਘਨਈਆ’ ਜੀ ਨੇ ਇੱਕ ਸਮਰੱਥ ਵਪਾਰੀ ਪਰਿਵਾਰ ਦੀ ਸੋਚ ਨੂੰ ਤਿਆਗ ਕੇ, ਦਿਲਚਸਪੀ ਧਨ-ਦੌਲਤ ਦੀ ਬਜਾਇ ਸੇਵਾ ਤੇ ਮਾਨਵਤਾ ਵਿੱਚ ਦਿਖਾਈ ਸੀ, ਓਹ ਗੱਲ ਵੱਖਰੀ ਹੈ ਕੇ ਹੁਣ ਉਨ੍ਹਾਂ ਦਾ ਨਾਮ ਵਰਤ ਕੇ ਵਪਾਰ ਚਲਾਏ ਤੇ ਖੜ੍ਹੇ ਕੀਤੇ ਜਾ ਰਹੇ ਹਨ। ਉਹ ਸ੍ਰੀ ਗੁਰੂ ‘ਹਰਿ ਰਾਇ’ ਸਾਹਬ ਜੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਗੁਰੂ ਘਰ ਦੇ ਪ੍ਰਸੰਸਕ ਬਣੇ। ਸੇਵਾ ਭਾਵਨਾ ਦਾ ਉਨ੍ਹਾਂ ਵਿੱਚ ਅਡੋਲ ਉਤਸਾਹ ਸੀ। ਜਿਨ੍ਹਾਂ ਦਾ ਜਨਮ 1648 ‘ਚ ਤੇ ਪਿਛੋਕੜ ਪਿੰਡ ਸੋਢਾਰਾ (ਪਾਕਿਸਤਾਨ) ਭਾਈ ਨੱਥੂ ਰਾਮ ਜੀ ਤੇ ਮਾਤਾ ਸੁੰਦਰੀ ਜੀ ਦੀ ਕੁੱਖੋ ਹੋਇਆ ਦੱਸਿਆ ਜਾਂਦਾ ਹੈ। ‘ਘਨਈਆ’ ਜੀ ਦੀ ਮੌਤ 1718 ਵਿੱਚ ਕੀਰਤਪੁਰ ਸਾਹਿਬ ਵਿਖੇ ਹੋਈ। ਉਹ ਆਪਣੇ ਜੀਵਨ ਦਾ ਪੂਰਾ ਸਮਾਂ ਸੇਵਾ ਤੇ ਮਾਨਵਤਾ ਲਈ ਸਮਰਪਿਤ ਰਹੇ।
ਨੌਵੇਂ ਪਾਤਸ਼ਾਹ  ਸ੍ਰੀ ਗੁਰੁ ‘ਤੇਗ ਬਹਾਦਰ’ ਸਾਹਿਬ ਜੀ ਦੇ ਸਮੇਂ ਓਹ ਗੁਰੂ ਘਰ ਨਾਲ ਐਸੇ ਜੁੜੇ ਕਿ ਸੇਵਾ ਨੂੰ ਹੀ ਜੀਵਨ ਦਾ ਆਦਰਸ਼ ਮੰਨ ਲਿਆ। ਸੇਵਾ ਕਰਦਿਆਂ ਉਨ੍ਹਾਂ ਹਉਮੈਂ ਨੂੰ ਕਦੇ ਨੇੜੇ ਨਹੀਂ ਢੁੱਕਣ ਦਿੱਤਾ। ਓਹ ਆਪਣੀ ਨਿਸਵਾਰਥ ਸੇਵਾ ਤੇ ਪਿਆਰ ਕਰਕੇ ਪ੍ਰਸਿੱਧ ਹੋਏ ਤਾਂ ਹੀ ਦਸਵੇਂ ਗੁਰੂ ਜੀ ਨੇ ਸਰਾਹਨਾ ਕੀਤੀ, ਪਾਣੀ ਦੇ ਨਾਲ ਦਵਾਈਆਂ ਦੇਣ ਤੇ ਜ਼ਖ਼ਮਾਂ ਉੱਪਰ ਮਰਹਮ ਲਗਾ ਕੇ ਸੇਵਾ ਕਰਨ ਦਾ ਵੀ ਹੁਕਮ ਦਿੱਤਾ। ਭਾਈ ਸਾਹਬ ਦੀ ਜੀਵਨ ਕਹਾਣੀ ਖਾਲਸੇ ਦੇ ਸਿਧਾਤਾਂ, ਮਾਨਵਤਾ, ਸੇਵਾ, ਬੇਦਭਾਵ, ਪਿਆਰ ਤੇ ਸੱਚ ਦੀ ਪ੍ਰਤੀਕ ਹੈ। ਉਹ ‘ਸੇਵਾ ਦੀ ਮੂਰਤ’ ਅਥਵਾ ‘ਮਹਾਨ ਸੇਵਕ’ ਸਨ। ਉਨ੍ਹਾਂ ਦੀ ਪਾਣੀ ਵਾਲੀ ਮਸ਼ਕ ਸਾਂਝੀਵਾਲਤਾ ਦੀ ਨਿਸ਼ਾਨੀ ਬਣੀ। ਗੁਰੂ ਜੀ ਦੇ ਕਹੇ ਬੋਲ “ਹਰ ਮਨੁੱਖ ਵਿੱਚੋਂ ਪ੍ਰਭੂ ਦੇ ਰੂਪ ਨੂੰ ਵੇਖੋ” ਤੇ ਸਿੱਖੀ ਦੇ ਮੁੱਢਲੇ ਸਿਧਾਤਾਂ ਦਇਆ, ਸੇਵਾ ਅਤੇ ਪ੍ਰੇਮ ਨੂੰ ਸਮਰਪਿਤ ਹੋ ਕੇ ਪੂਰ ਚੜਾਇਆ, ਉਨ੍ਹਾਂ ਦਾ ਮਿਸ਼ਨ ਸਿਰਫ ਮਾਨਵਤਾ ਦੀ ਸੇਵਾ ਕਰਨਾ ਸੀ। ਉਨ੍ਹਾਂ ਦੇ ਸਿਧਾਂਤ ‘ਰੈਡ ਕ੍ਰਾਸ’ ਦੀ ਜ਼ਮੀਨ ਤਿਆਰ ਕਰ ਗਏ ਤੇ ਮਗਰੋਂ ਇਹ ਹੋਂਦ ਵਿੱਚ ਆਉਂਦੀ ਹੈ। ਉਨ੍ਹਾਂ ਦਾ ਸਮੁੱਚਾ ਜੀਵਨ ਸਾਨੂੰ ਮਾਨਵਤਾ ਪ੍ਰਤੀ ਸਾਡੀ ਜ਼ਿੰਮੇਵਾਰੀ ਨੂੰ ਯਾਦ ਦਿਲਾਉਂਦਾ ਹੈ।
ਉਦੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਸੀ ਕਿ “ਇਹ ਤਾਂ ਬ੍ਰਹਮ ਗਿਆਨੀ ਦੀ ਅਵਸਥਾ ਨੂੰ ਪਹੁੰਚ ਚੁੱਕਾ ਹੈ। ਇਸ ਦੀ ਸੋਚ ਨਿਰਭਉ ਹੈ, ਨਿਰਵੈਰ ਹੈ, ਇਸ ਨੂੰ ਕੋਈ ਦੁਸ਼ਮਣ ਦਿਖਾਈ ਹੀ ਨਹੀਂ ਦਿੰਦਾ!” ਗੁਰੂ ਸਾਹਿਬ ਨੇ ਤਾਂ ਸਾਨੂੰ ਵੀ ਇਸੇ ਤਰ੍ਹਾਂ ਦੀ ਸੋਚ ਦਾ ਸੰਕਲਪ ਦਿੱਤਾ ਹੈ।
ਸਾਡੀ ਤ੍ਰਾਸਦੀ ਰਹੀ ਕਿ ਅਸੀਂ ‘ਰੈੱਡ ਕਰਾਸ’ ਦੇ ਅਸਲ ਬਾਨੀ ਬਾਰੇ ਦੁਨੀਆਂ ਨੂੰ ਦੱਸ ਹੀ ਨਹੀਂ ਸਕੇ। ਨਾ ਹੀ ਅਸੀਂ ਕੋਈ ਵਿਸ਼ਵ ਪੱਧਰ ਤੇ ‘ਭਾਈ ਘਨਈਆ ਰੈੱਡ ਕਰਾਸ ਸੰਸਥਾ’ ਦਾ ਕੋਈ ਗਠਨ ਕਰ ਸਕੇ, ਜਿਸ ਦੀਆਂ ਸ਼ਾਖਾਵਾਂ ਪੂਰੀ ਦੁਨੀਆਂ ਵਿੱਚ ਹੁੰਦੀਆਂ। ਪਰ 1999 ‘ਚ ਹੋਂਦ ਵਿੱਚ ਆਈ ‘ਖਾਲਸਾ ਏਡ’ ਨਾਂ ਦੀ ਸੰਸਥਾ ਨੇ ਵਿਸ਼ਵ ਪੱਧਰ ਤੇ ਸਾਡੇ ਅਕਸ ਨੂੰ ਜ਼ਰੂਰ ਸੁਧਾਰਿਆ ਹੈ। ਜਿਸ ਦੀਆਂ ਸ਼ਾਖਾਵਾਂ ਹੁਣ ਅਨੇਕਾਂ ਦੇਸ਼ਾਂ ਵਿੱਚ ‘ਘਨਈਆ’ ਜੀ ਦੀ ਸੋਚ ਨੂੰ ਸਮਰਪਿਤ ਕੰਮ ਕਰ ਰਹੀਆਂ ਹਨ, ਜੋ ਮਜਬੂਰਾਂ ਲਈ ਵਰਦਾਨ ਸਿੱਧ ਹੁੰਦੀਆਂ ਹਨ। ਦੁਨੀਆਂ ਭਰ ਵਿੱਚ ਕੋਈ ਵਿਪਤਾ ਪੈਣ ਤੇ ਇਸ ਸੰਸਥਾ ਦੇ ਵਲੰਟੀਅਰ, ਸਭ ਤੋਂ ਪਹਿਲਾਂ ਪਹੁੰਚਦੇ ਹਨ ਜੋ ਕਿ ਪੰਜਾਬੀਆਂ ਲਈ ਤੇ ਖਾਸ ਕਰ ਸਿੱਖ ਭਾਈਚਾਰੇ ਲਈ, ਮਾਣ ਵਾਲੀ ਗੱਲ ਹੈ।
ਪਰ ‘ਘਨਈਆ’ ਜੀ ਦੇ ਮਿਸ਼ਨ ਲਈ ਅਜੇ ਬਹੁਤ ਕੁੱਝ ਕਰਨਾ ਬਾਕੀ ਹੈ। ਹੁਣ ਤਾਂ ਕੁੱਝ ਗਿਣੇ ਚੁਣੇ ਲੋਕ ਹੀ ਸੁੱਚੀ ਸੋਚ ਦੇ ਮਾਲਕ ਹਨ। ਜ਼ਿਆਦਾਤਰ ਅਜੋਕੇ ਮਨੁੱਖ ਦੇ ਸੁਭਾਉੇ ਵਿੱਚ ਸੁਆਰਥ ਪ੍ਰਧਾਨ ਹੈ। ਹਰ ਰੋਜ਼ ਅਰਦਾਸ ‘ਚ ਤਾਂ ਅਸੀ ਸਰਬੱਤ ਦੇ ਭਲੇ ਦੀ ਦੁਹਾਈ ਪਾਉਂਦੇ ਹਾਂ, ਗੱਲਾਂ ਸੇਵਾ ਦੀਆਂ ਕਰਦੇ ਹਾਂ, ਪਰ ਉਝ ਹੁਣ ਚੋਰ-ਸਾਧ ਦੇ ਪਹਿਰਾਵੇ ਵਿੱਚ ਹੀ ਫ਼ਰਕ ਹੈ, ਕੰਮ ਦੋਵਾਂ ਦਾ ਦੋਵੇਂ ਹੱਥੀ ਲੁੱਟਣਾ ਹੈ। ਦਿਖਾਵਾ ਪ੍ਰਧਾਨ ਹੈ, ਬੀਬੀਆਂ ਦਾਹੜ੍ਹੀਆਂ ਜ਼ਿਆਦਾ ਜ਼ੁਲਮ ਕਰਦੀਆਂ ਹਨ। ਹਾਉਮੈਂ ਵਿੱਚ ਗ੍ਰਸਤ ਹੋਣ ਕਾਰਨ, ਸੇਵਾ ਦਾ ਕੋਈ ਲਾਭ ਨਹੀਂ ਹੋਣ ਵਾਲਾ।
“ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ॥” ਦੇ ਮਹਾਂਵਾਕ ਅਨੁਸਾਰ ਅੱਜ ਹਰ ਸਿੱਖ ਨੂੰ ਲੋੜ ਹੈ ਭੇਦ ਭਾਵ ਤੋਂ ਉਪਰ ਉੱਠ ਕੇ ਮਨੁੱਖਤਾ ਦਾ ਭਲਾ ਸੋਚਣ ਤੇ ਕਰਨ ਦੀ, ਸੱਚ ਦੀ ਸੋਚ ਤੇ ਪਹਿਰਾ ਦੇਣ ਦੀ, ਨਿਰਸੁਆਰਥ ਹੋ ਕੇ ਮਨੁੱਖਤਾ ਤੇ ਵਿਸ਼ਵ ਸ਼ਾਂਤੀ ਲਈ ਸਾਰਥਿਕ ਕਦਮ ਚੁੱਕਣ ਦੀ। ਇਹ ਵੀ ਜਰੂਰੀ ਹੈ ਕਿ ਸ੍ਰੀ ਗੁਰੂ ‘ਗੋਬਿੰਦ ਸਿੰਘ’ ਜੀ ਵਲੋਂ ਭਾਈ ‘ਘਨਈਆ’ ਜੀ ਦੁਆਰਾ ਰੱਖੀ ਗਈ ‘ਰੈੱਡ ਕਰਾਸ’ ਦੀ ਨੀਂਹ ਨੂੰ ਕਿਸੇ ਤਰੀਕੇ ਨਾਲ ਗੂਗਲ ਦੀ ਜਾਣਕਾਰੀ ਵਿੱਚ ਦਰਜ ਕਰਾਈਏ ਤਾਂ ਜੋ ਸਾਰਾ ਵਿਸ਼ਵ ਸਾਡੇ ਮਾਣ ਮੱਤੇ ਇਤਿਹਾਸ ਤੋਂ ਜਾਣੂੰ ਹੋ ਸਕੇ ਕਿ…
‘ਰੈੱਡ ਕਰਾਸ’ ਦੀ ਸੋਚ ਦਾ ਅਸਲ ਬਾਨੀ ‘ਘਨਈਆ’ ਜੀ ਸਨ।
ਬੱਚਾ-ਬੱਚਾ ਜਾਣਦਾ ਹੈ ਕਿ 8 ਮਈ ਨੂੰ ਪੂਰੀ ਦੁਨੀਆਂ ਵਿੱਚ ‘ਰੈੱਡ ਕਰਾਸ’ ਦਿਵਸ ਮਨਾਇਆ ਜਾਂਦਾ ਹੈ। ‘ਜਨੇਵਾ’ ਸਵਿੱਟਜ਼ਰਲੈਂਡ ਦੇ ਵਾਸੀ ‘ਹੈਨਰੀ ਡੂਨੈਂਟ’ ਨੂੰ ਸੰਸਥਾ ਦਾ ਬਾਨੀ ਮੰਨਿਆਂ ਗਿਆ ਹੈ। ਸੁਣਿਆ 8 ਮਈ 1828 ‘ਚ ਜਨਮੇ, ਇਸ ਸ਼ਖਸ ਨੇ 1859 ਵਿੱਚ ‘ਪਹਿਲੇ ਵਿਸ਼ਵ ਯੁੱਧ’ ਦੌਰਾਨ- 40 ਹਜ਼ਾਰ ਤੋਂ ਵੱਧ ਫੌਜੀਆਂ ਨੂੰ, ਜ਼ਖਮੀ ਹੋ ਕੇ ਮਰਦੇ ਤੱਕਿਆ ਸੀ, ਜਿਸ ਕਰਕੇ ਕੋਮਲ ਹਿਰਦਾ ਵਿੰਨਿਆਂ ਗਿਆ। ਮਨੁੱਖਤਾ ਨੂੰ ਪਿਆਰ ਕਰਨ ਵਾਲੇ ‘ਹੈਨਰੀ’ ਦੇ ਅੰਦਰੋਂ ਸਮੁੱਚੀ ਮਾਨਵਤਾ ਲਈ ਇੱਕ ਹੂਕ ਨਿਕਲੀ, ਜਿਸ ਦੀ ਪੀੜ ਦਾ ਜ਼ਿਕਰ ਉਸ ਨੇ ਆਪਣੀ ਪੁਸਤਕ ‘ਮੈਮਰੀ ਆਫ ਸੈਲਫਰੀਨੋ’ ਵਿੱਚ ਕੀਤਾ ਹੈ। ਉਸ ਨੇ ‘ਚਰਚ’ ਨੂੰ ਜ਼ਖਮੀਆਂ ਦੀ ਸੇਵਾ ਸੰਭਾਲ ਲਈ, ਹਸਪਤਾਲ ਵਿੱਚ ਬਦਲਿਆ ਸੀ। ਬਾਅਦ ਵਿੱਚ ਮਨ ਸੰਸਥਾ ਬਨਾਉਣ ਦਾ ਵਿਚਾਰ ਆਇਆ, ਜੋ ਯੁੱਧ ਵੇਲੇ ਜਾਂ ਹੋਰ ਕਿਸੇ ਕੁਦਰਤੀ ਆਫਤਾਂ ਵੇਲੇ, ਬਿਨਾ ਕਿਸੇ ਭੇਦ ਭਾਵ ਤੋਂ, ਜ਼ਖਮੀਆਂ ਦੀ ਸੇਵਾ ਸੰਭਾਲ ਲਈ ਹਰ ਵੇਲੇ ਤਿਆਰ ਰਹੇ। ਵਿਸ਼ਵ ਭਰ ਦੇ ਚਿੰਤਕ ਮਨੁੱਖਾਂ ਨੂੰ ਵਿਚਾਰ ਪਸੰਦ ਆਇਆਂ। ਇਸ ਤਰ੍ਹਾਂ 26 ਅਕਤੂਬਰ 1863 ਨੂੰ ‘ਰੈੱਡ ਕਰਾਸ’ ਨਾਂ ਦੀ ਇੱਕ ਸੰਸਥਾ ਬਣੀ, ਵਿਸ਼ਵ ਸ਼ਾਂਤੀ ਲਈ ਕੀਤੇ ਉਪਰਾਲਿਆਂ ਸਦਕਾ ਜਿਸਨੂੰ 1901 ਵਿੱਚ ‘ਨੋਬਲ ਪਰਾਈਜ਼’ ਨਾਲ ਸਨਮਾਨਿਤ ਕੀਤਾ ਗਿਆ।
ਸਾਡੇ ਕੋਲ ਇਤਿਹਾਸ ਪੁਰਾਣਾ ਤੇ ਪਹਿਚਾਣ ਕੱਖ ਦੀ ਨਹੀਂ! ਸਾਡੇ ਪਹਿਲੇ ਗੁਰੂ ਨੇ ਦੁਕਾਨ ਨੂੰ ਗੁਰੂਘਰ ਬਣਾਇਆ ਸੀ, ਤਾਂ ਵਿਸ਼ਵ ਪ੍ਰਸਿੱਧ ਹੋਏ, ਅਸੀਂ ਗੁਰੂ ਘਰਾਂ ਨੂੰ ਦੁਕਾਨਾਂ ਬਣਾ ਲਿਆ। ‘ਘਨਈਆ’ ਜੀ ਗੁਰੂਆਂ ਦੇ ਜੀਵਨ ਤੋਂ ਪ੍ਰੇਰਤ ਹੋ ਕੇ, ਚੰਗਾ ਖਾਸਾ ਵਪਾਰ ਛੱਡ ਕੇ ਮਨੁੱਖਤਾ ਦੀ ਸੇਵਾ ਵੱਲ ਆਏ, ਪਰ ਹੁਣ ਇਹ ਧੰਦਾ ਵੀ ਕਈਆਂ ਲਈ ਵਧੀਆ ਕਾਰੋਬਾਰ ਦਾ ਸਾਧਨ ਬਣਿਆ ਹੋਇਆ ਹੈ। ਹੁਣ ਤਾਂ ਕੁਦਰਤ ਹੀ ਸਾਨੂੰ ਸਾਫ਼ ਸੁਧਰੇ ਅਕਸ ਵਾਲਾ ਜੀਵਨ ਜਿਉਣ ਦੀ ਅਕਲ ਬਖ਼ਸ਼ਿਸ਼ ਕਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਘੀ ਮੁਕਤਸਰ ਦੀ
Next articleਮੇਰਾ ਘੁਮਿਆਰਾ (ਭਾਗ 10)