ਸ਼ੁਭ ਸਵੇਰ ਦੋਸਤੋ

 (ਸਮਾਜ ਵੀਕਲੀ) ਪੂਰੇ ਸੰਸਾਰ ਉੱਤੇ ਇੱਕ ਵਿਸ਼ਾਲ ਨਾਟਕ ਚੱਲ ਰਿਹਾ ਹੈ। ਇਸੇ ਨਾਟਕ ਦੀਆਂ ਛੋਟੀਆਂ ਇਕਾਈਆਂ ਦੇ ਰੂਪ ਵਿੱਚ, ਸਾਡੀਆਂ ਖੱਖੀਆਂ ਦੇ ਸੰਸਾਰ ਅੱਗੇ ਵੰਨ-ਸੁਵੰਨੀਆਂ ਚਾਲਾਂ ਦਾ ਇੱਕ ਨਿਰੰਤਰ ਅਖਾੜਾ ਭਖਿਆ ਰਹਿੰਦਾ ਹੈ। ਜਿਸ ਨੂੰ ਬੁੱਧੀਜੀਵੀਆਂ ਵੱਲੋਂ ਜਗਤ-ਤਮਾਸ਼ੇ ਦਾ ਨਾਮ ਦਿੱਤਾ ਜਾਂਦਾ ਹੈ। ਜਿਨ੍ਹਾਂ ਦੇ ਜੀਵਨ ਵਿੱਚ ਅਸਲੀ ਸਮੱਸਿਆਵਾਂ ਨਹੀਂ ਹੁੰਦੀਆਂ, ਓਹ ਲੋਕ ਮਨ-ਪਰਚਾਵੇ ਲਈ ਨਕਲੀ ਸਮੱਸਿਆਵਾਂ ਉਪਜਾ ਲੈਂਦੇ ਹਨ, ਜਿਨ੍ਹਾਂ ਨੂੰ ਸੁਖਾਲੀ ਸ਼ਬਦਾਵਲੀ ਵਿੱਚ ਚਾਲਾਂ ਵੀ ਕਿਹਾ ਜਾ ਸਕਦਾ ਹੈ। ਅਸੀਂ ਦੁਨਿਆਵੀ ਦਰਸ਼ਕ ਲੋਕ ਆਪਣੀ ਦਿਮਾਗੀ ਸਮਰੱਥਾ ਅਨੁਸਾਰ, ਆਪਣੇ ਨਿੱਜੀ ਸਵਾਰਥ ਨੂੰ ਮੁੱਖ ਰੱਖ ਕੇ ਚੱਲੀਆਂ ਜਾ ਰਹੀਆਂ ਚਾਲਾਂ ਦਾ ਸਮਰਥਨ ਹਾਂ ਵਿਰੋਧ ਕਰਦੇ ਹਾਂ। ਸਰਬੱਤ ਦੇ ਭਲੇ ਵਾਲੀਆਂ ਸੋਚਾਂ ਤਾਂ ਲੱਗਦਾ ਬਾਬਾ ਜੀ ਦੇ ਨਾਲ ਹੀ ਚੱਲੀਆਂ ਗਈਆਂ, ਪੱਲੇ ਸੱਚ ਹੋਵੇ ਤਾਂ ਇੱਕ ‘ਤਿਨਕਾ’ ਵੀ ਦਰਿਆ ਨਾਲ ਟੱਕਰ ਲੈਣ ਦੇ ਸਮਰੱਥ ਹੁੰਦਾ ਹੈ।
ਸੰਸਾਰ ਜਦੋ ਤੋਂ ਹੋਂਦ ਵਿੱਚ ਆਇਆ ਹੈ, ਸ਼ਿਕਾਰੀ ਵਿਰਤੀ ਦਾ ਮਨੁੱਖ ਚਲਾਕੀ ਅਤੇ ਧੋਖੇ ਨੂੰ ਹਮੇਸ਼ਾ ਹਥਿਆਰ ਵਜੋਂ ਵਰਤਦਾ ਆ ਰਿਹਾ ਹੈ। ਕਿਉਂਕਿ ਇਮਾਨਦਾਰੀ ਨਾਲ ਸ਼ਿਕਾਰ ਕਰਨਾ ਬਿਲਕੁਲ ਵੀ ਸੰਭਵ ਨਹੀਂ, ਮੱਛੀ ਫੜਨ ਵੇਲੇ ਸ਼ਿਕਾਰੀ ਪੈਂਤੜਾ ਤਾਂ ‘ਕੁੰਡੀ ਨੂੰ ਆਟਾ ਜਾਂ ਕੇ’ ਦੋਸਤੀ ਵਾਲਾ ਵਰਤਦਾ ਹੈ ਪਰ ਦਿੰਦਾ ਧੋਖਾ ਹੈ। ਕੋਈ ਮੰਨੇ ਭਾਵੇਂ ਨਾ ਮੰਨੇ, ਸਾਡੇ ਮਨੁੱਖੀ ਮਨਾਂ ਦੀ ਅੰਦਰੂਨੀ ਧਾਰਨਾ ‘ਹਿਸਾਬ’ ਦੀ ਪੜ੍ਹਾਈ ਨੇ ਵਪਾਰ ਨਾਲ ਜੋੜ ਦਿੱਤੀ ਹੈ। ਸੋ ਵਪਾਰ ਈਮਾਨਦਾਰੀ ਨਾਲ ਹੋ ਹੀ ਨਹੀਂ ਸਕਦਾ, ਅੱਜ ਸਾਡੇ ਸਾਰਿਆਂ ਵੱਲੋਂ, ਕਿਸੇ ਦੂਜੇ ਦੀ ਅਗਿਆਨਤਾ ਦਾ ਪੂਰਾ ਲਾਭ ਉਠਾਉਣ ਦਾ ਯਤਨ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਸਫਲਤਾ ਪਾਉਣ ਲਈ ਹਰ ਹੀਲਾ ਵੀ ਵਰਤਿਆ ਜਾ ਰਿਹਾ ਹੈ, ਜਦੋਂ ਕਿ ਜਾਣਦੇ ਸਭ ਹਨ ਕਿ ਅਸੀਂ ਮੁਸਾਫ਼ਰ ਹਾਂ, ਮੈਂ ਸੋਚਦਾ ਫਿਰ ਸਾਡੇ ਵੱਲੋਂ ਸਫ਼ਰ ਨੂੰ ਖ਼ੂਬਸੂਰਤ ਬਣਾਉਣ ਉਪਰਾਲੇ ਕਿਉਂ ਨਹੀਂ ਕੀਤੇ ਜਾ ਰਹੇ? ਏਥੇ ਹਰ ਕੋਈ ਆਪਣਾ ਉੱਲੂ ਸਿੱਧਾ ਕਰਨ ਲਈ ਦੂਜਿਆਂ ਦੇ ਸਮਰਥਨ ਦੀ ਉਮੀਦ ਵਿੱਚ ਹੈ।
ਮੰਨਿਆ ਹਿੱਤਾਂ ਦੀ ਪ੍ਰਾਪਤੀ ਦਾ ਲਾਲਚ, ਜੀਵਨ ਦੇ ਹਰ ਹਰ ਖੇਤਰ ਵਿੱਚ ਵਿਦਮਾਨ ਹੈ, ਪਰ ਕਿੰਨਾ ਚੰਗਾ ਹੋਵੇ ਜੇਕਰ ਇਸ ਵਿੱਚੋਂ ਸਾਂਝੀਵਾਲਤਾ ਦੀ ਖੁਸ਼ਬੋਂ ਵੀ ਆਉਂਦੀ ਹੋਵੇ, ਸਾਡੇ ਵਿੱਚ ਪਈਆਂ ਵੰਡੀਆਂ ਨੇ ਮਨੁੱਖਤਾ ਦਾ ਘਾਣ ਕਰ ਦਿੱਤਾ। ਕਦੇ ਕਦੇ ਮੈਨੂੰ, ‘ਸੂਰੀ’ ਵੀ ਸਾਨੂੰ ਮਾਤ ਪਾਉਂਦੀ ਨਜ਼ਰ ਆਉਂਦੀ ਹੈ ਕਿ ਸੂਰੀ ਦੇ 18-20 ਬੱਚੇ ਹੁੰਦੇ ਨੇ, ਓਹ ਵੀ ਇੱਕ ਹੋ ਕੇ ਚਲਦੇ ਨੇ, ਪਰ ਅਸੀਂ ਫੋਕੇ ਲਾਲਚਾਂ, ਚੋਧਰਾਂ ਅਤੇ ਪ੍ਰਧਾਨਗੀਆਂ ਦੀਆਂ ਜੰਜ਼ੀਰਾਂ ਵਿੱਚ ਜਕੜੇ ਹੰਕਾਰੀ ਲੋਕ ਹਾਂ, ਸਾਨੂੰ ਗ਼ੁਲਾਮ ਤਾਂ ਬਣਾਇਆ ਜਾ ਸਕਦਾ ਹੈ ਪਰ ਅਸੀਂ ਇਕੱਠੇ ਹੋ ਕੇ ਇੱਕ ‘ਤਿਨਕਾ’ ਮਾਤਰ ਬਣ ਕੇ ਦਰਿਆ ਨਾਲ ਲੜ ਨਹੀਂ ਸਕਦੇ, ਪਰ ਰੁੜਨ ਲਈ ਤਿਆਰ ਬੈਠੇ ਹਾਂ। ਸਾਡੀ ਇੱਕ ਯੂਨੀਅਨ ਕਿਉਂ ਨਹੀਂ ਹੋ ਸਕਦੀ? ਇੱਕ-ਦੂਜੇ ਦੇ ਪੈਰ ਖਿੱਚਣ ਲੱਗੇ ਨੇ ਚੋਧਰ ਦੇ ਭੁੱਖੇ, ਲੋਕਾਂ ਸਾਹਮਣੇ ਅੰਦਰ ਦੀ ਸਚਾਈ ਨੂੰ ਪੇਸ਼ ਕਰਨ ‘ਕੀ ਗੱਲ’ ਹੈ ? ਸਰਬੱਤ ਦੇ ਭਲੇ ਦਾ ਹੌਕਾ ਲਾ ਕੇ ਗ਼ਰੀਬ ਮਜਦੂਰਾਂ, ਅਸਲੀ ਕਿਰਸਾਨਾਂ ਅਤੇ ਜਵਾਨਾਂ ਦਾ ਵੀ ਕੋਈ ਪੱਖ ਤੇ ਹਿੱਤ ਜ਼ਰੂਰ ਉਜਾਗਰ ਕਰੋ ਜੀ, ਧੰਨਵਾਦ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਬਾਣ
Next articleਕੌਮੀ ਖੇਤੀ ਮੰਡੀ ਨੀਤੀ ਦਾ ਖਰੜਾ ਰੱਦ ਹੋਏ ਤਿੰਨ ਖੇਤੀ ਕਾਨੂੰਨਾਂ ਦਾ ਬਦਲਵਾਂ ਹੀ ਰੂਪ ਹੈ :ਫੁਰਮਾਨ ਸਿੰਘ ਸੰਧੂ ,ਸੂਬੇਦਾਰ ਭੁਲੇਰੀਆ ਭਾਕਿਯੂ ਪੰਜਾਬ |