(ਸਮਾਜ ਵੀਕਲੀ)
ਸਾਡੇ ਮਨ ਦੀ ਝੂਠੀ ਸ਼ੰਕਾ ਸਾਡੇ ਕਿਰਦਾਰ ਦੀ ਦੁਸ਼ਮਣ ਹੁੰਦੀ ਹੈ। ਤੇ ਹਰ ਲੜਾਈ-ਝਗੜੇ ਦਾ ਕਾਰਣ ਵੀ! ਲੱਖ ਕੋਸ਼ਿਸ਼ ਕਰਿਆ ਵੀ ਆਪਾਂ ਕਿਸੇ ਦੀ ਸ਼ੰਕਾ ਦੂਰ ਨਹੀਂ ਕਰ ਸਕਦੇ! ਦਿਲ ਦਾ ਸ਼ੀਸ਼ਾ ਸਾਫ਼ ਕਰਨ ਲਈ ਕਠਿਨ ਇਮਤਿਹਾਨ ਪਾਸ ਕਰਨੇ ਪੈਂਦੇ ਹਨ! ਜਦ ਤੱਕ ਆਪਸੀ ਸ਼ੰਕੇ ਦੂਰ ਨਹੀਂ ਹੁੰਦੇ ਮਨਾਂ ਵਿਚਲੀ ਦੂਰੀ ਬਣੀ ਰਹੇਗੀ। ਸੋ ਦੂਜਿਆਂ ਦੀ ਸ਼ਾਨ ਦੇ ਖਿਲਾਫ਼ ਬੋਲਣ ਤੋਂ ਪਹਿਲਾਂ ਅਸੀਂ ਇੱਕ ਨਹੀਂ ਹਜ਼ਾਰਾਂ ਵਾਰ ਸੋਚੀਏ ਕਿਉਂਕਿ ਮੁਆਫ਼ੀ ਮੰਗਣ ਨਾਲ ਕੰਨਾਂ ਰਾਹੀਂ ਦਿਮਾਗ਼ ਵਿਚ ਪ੍ਰਵੇਸ਼ ਕੀਤੇ ਬੋਲ ਵਾਪਿਸ ਨਹੀਂ ਆਉਂਦੇ!
ਜਿਨ੍ਹਾਂ ਨੂੰ ਕੁਦਰਤ ਮਛੋਰ ਮੱਤ ਵਿਚ ਹੀ ਜੀਵਨ ਦੀਆਂ ਤੰਗ ਤੇ ਸੁੰਨੀਆਂ ਪਗਡੰਡੀਆਂ ਤੇ ਤੋਰ ਲੈਂਦੀ ਹੈ, ਉਨ੍ਹਾਂ ਨੂੰ ਉਸ ਵੱਲੋਂ ਤਜ਼ਰਬਿਆਂ ਦੀ ਸੌਗਾਤਾ਼ ਨਾਲ ਵੀ ਨਿਵਾਜਿਆ ਜਾਂਦਾ ਹੈ। ਠੀਕ ਵੀਹਾਂ ਵਰ੍ਹਿਆਂ ਦੀ ਉਮਰ ਵਿਚ ਫੌਜੀ ਉਸਤਾਦਾਂ ਕੋਲੋ ਇੱਕ ਗੱਲ ਸਿੱਖੀ ਸੀ ਕਿ *ਬੱਚਿਓ, ਅੱਜ ਤੋਂ ਬਾਅਦ ਫੌਜ਼ ਤੁਹਾਡਾ ਸਹੁਰਾ ਘਰ ਹੈ, ਤੇ ਤੁਹਾਡਾ ਆਪਣਾ ਘਰ ਪੇਕਾ ਪਿੰਡ ਹੋ ਗਿਆ ਹੈ। ਤੁਸੀਂ ਫੌਜ ਛੱਡ ਚਲੇ ਜਾਵੋ, ਜ਼ਖਮੀ ਹੋਵੋ, ਤਿਰੰਗੇ ਵਿਚ ਲਿਪਟ ਜਾਵੋ ਜਾਂ ਪੈਨਸ਼ਨ ਪ੍ਰਾਪਤ ਕਰ ਪਰਿਵਾਰ ‘ਚ ਚਲੇ ਜਾਵੋ, ਜੀਵਨ ਵਿਚ ਕਦੇ ਚੁਗਲੀ, ਜਲਾਲਤ ਤੇ ਗਦਾਰੀ ਨਹੀਂ ਕਰਨੀ। ਉਸਤਾਦਾਂ ਦੀਆਂ ਘੋਟ-ਘੋਟ ਖ਼ਾਨੇ ਪਾਈਆਂ ਗੱਲਾਂ ਦਾ ਪੱਲਾ ਹੁਣ ਚਾਹ ਕੇ ਵੀ ਛੱਡਿਆ ਨਹੀਂ ਜਾਂਦਾ।
ਉਨ੍ਹਾਂ ਦੱਸਿਆ ਸੀ ਕਿ ਤੁਹਾਡੇ ਪਹੁੰਚਣ ਤੋਂ ਪਹਿਲਾਂ ਤੁਹਾਡਾ ਕਿਰਦਾਰ ਅੱਗੇ ਪਹੁੰਚ ਜਾਂਦਾ ਹੈ। ਗ਼ਲਤੀ ਕਰਕੇ ਲੱਖ ਸੋਨੇ ਦੇ ਬਣਨ ਦੀ ਕੋਸ਼ਿਸ਼ ਕਰਿਓ, ਨਜ਼ਰਾਂ ਵਿਚ ਤੁਸੀਂ ਪਿੱਤਲ ਹੀ ਰਹੋਗੇ!* ਕੁਦਰਤ ਸਭ ਤੇ ਭਲੀ ਕਰੇ ਕਦੇ ਕੋਈ ਨਜ਼ਰੋਂ ਨਾ ਗਿਰੇ, ਕਿਸੇ ਦੇ ਕਿਰਦਾਰ ਦੀ ਚਮਕ-ਦਮਕ ਫਿੱਕੀ ਨਾ ਪਵੇ। ਭਲੇ ਵੇਲਿਆਂ ਵਿਚ… ਗਿਆਨ, ਧਿਆਨ, ਕਰਮ, ਧਰਮ, ਦਾਨ, ਯਤ, ਸੱਤ, ਸੰਜਮ, ਵਿੱਦਿਆ, ਪ੍ਰੇਮ, ਭਜਨ, ਹਠ, ਅਧਿਆਤਮਿਕਤਾ, ਦਇਆ, ਨੇਮ, ਨਰਮਾਈ ਇਹ ਮਨੁੱਖ ਦੀਆਂ ਸੋਲਾਂ ਕਲਾ ਹੁੰਦੀਆਂ ਸਨ।
ਅੱਜ ਇਨ੍ਹਾਂ ਦੇ ਮਤਲਬ ਤੱਕ ਨਹੀਂ ਪਤਾ ਹੋਣਾ ਜ਼ਿਆਦਾਤਰ ਨਵੀਂ ਜਵਾਨੀ ਨੂੰ! ਹੁਣ ਤਾਂ…
ਜਿਸ ਕੋਲ ਆਹ ਸੋਲ਼ਾਂ ਕਲਾ ਹਨ ਓਹਨੂੰ ਸੰਪੂਰਨ ਮੰਨਿਆ ਜਾਂਦਾ ਹੈ…ਜੈਲਸੀ, ਲੱਤਾਂ ਖਿੱਚਣੀਆਂ, ਚੁਗਲੀਆਂ, ਥੱਲੇ ਲਾਉਣਾ, ਆਕੜ ਦਿਖਾਉਣੀ, ਫੁਕਰੀਆਂ ਮਾਰਨੀਆਂ, ਹੱਕ ਖਾਣਾ, ਮੂੰਹ ਤੇ ਹੋਰ ਪਿੱਠ ਪਿੱਛੇ ਹੋਰ, ਦਿਖਾਵਾ ਕਰਨਾ, ਦੂਜਿਆਂ ਨੂੰ ਨੀਵਾਂ ਦਿਖਾਉਣਾ, ਫੋਕੀ ਧੌਂਸ ਜਮਾਉਣੀ, ਮਤਲਬ ਕੱਢਣਾ, ਉੱਪਰ ਨੂੰ ਥੁੱਕਣਾ, ਝੂਠ ਵੱਢਣਾ, ਪਿਆਰ ਨਾਲ ਲੁੱਟਣਾ, ਬੇਈਮਾਨੀ ਕਰਨੀ। ਪਰ ਇਹ ਬਹੁਤ ਘਾਤਕ ਸਿੱਧ ਹੋ ਰਿਹਾ ਹੈ ਤੇ ਹੋਰ ਵੀ ਹੋਵੇਗਾ।
ਹਰਫੂਲ ਭੁੱਲਰ ਮੰਡੀ ਕਲਾਂ
9876870157
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly