ਸ਼ੁਭ ਸਵੇਰ ਦੋਸਤੋ

 (ਸਮਾਜ ਵੀਕਲੀ) ਸਾਡੇ ਵੱਡਿਆਂ ਵਾਂਗ ਇੱਕ ਦਿਨ ਅਸੀਂ ਵੀ ਮਰ ਮੁੱਕ ਜਾਣਾ ਹੈ। ਸੂਰਜ ਫਿਰ ਵੀ ਚੜ੍ਹੇਗਾ, ਸਾਡਿਆਂ ਨੇ ਸਾਡੀ ਤਰ੍ਹਾਂ, ਸਾਨੂੰ ਵੀ ਕਦੇ ਭੁੱਲ ਭਲਾ ਜਾਣਾ ਹੈ। ਕਿਉਂ ਨਾ ਸ਼ੁਕਰ ਕਰੀਏ ਕਿ ਹਾਲੇ ਅਸੀਂ ਖ਼ੂਬ ਸੂਰਤ ਸੰਸਾਰ ਦਾ ਹਿੱਸਾ ਹਾਂ, ਅਸੀਂ ਜਿਉਂਦੇ ਹਾਂ।
ਮਨੋਵਿਗਿਆਨਕ ਤੌਰ ‘ਤੇ ਚਿੜਚਿੜਾਪਣ ਅਕਲ ਜਾਂ ਅਰਾਮ ਦੀ ਘਾਟ ਵਿੱਚੋਂ ਪੈਦਾ ਹੁੰਦਾ ਹੈ। ਜੀਵਨ ਦੀਆਂ ਮੁਢਲੀਆਂ ਲੋੜਾਂ ਤਾਂ ਐਨੀਆਂ ਹੈ ਹੀ ਨਹੀਂ ਕਿ ਅਸੀਂ ਇਸ ਬਿਮਾਰੀ ਦੇ ਸ਼ਿਕਾਰ ਹੋ ਜਾਈਏ। ਪੰਛੀਆਂ ਬਾਰੇ ਤਾਂ ਮੈਨੂੰ ਪਤਾ ਨਹੀਂ, ਪਰ ਮਨੁੱਖੀ ਜੀਵਨ ਵਿੱਚ ਖੁਸ਼ਹਾਲ ਜੀਵਨ ਜਿਉਣ ਲਈ ਮਰਦ ਦਾ IQ ਬਹੁਤ ਉੱਚ ਦਰਜੇ ਦਾ ਹੋਣਾ ਲਾਜ਼ਮੀ ਹੈ, ਤੇ ਚਿੜਚਿੜਾਪਣ ਰਹਿਤ ਕਾਮਯਾਬ ਵਿਆਹ ਦੇ ਵੀ ਤਿੰਨ ਆਧਾਰ ਹੋਣੇ ਜ਼ਰੂਰੀ ਨੇ… ਇੱਕ ਸਹਿਣਾ, ਦੂਜਾ ਕਹਿਣਾ ਤੇ ਤੀਜਾ ਰਹਿਣਾ। ਜੇਕਰ ਮੀਆਂ-ਬੀਵੀ ਦਾ ਤਨ-ਮਨ ਸੁੱਚਾ ਹੋਵੇ ਤਾਂ ਉਨ੍ਹਾਂ ਨੂੰ ਚੋਰੀ ਦੀ ਰੋਟੀ ਨਾਲੋਂ, ਭੁੱਖ ਵੱਧ ਅਨੰਦ ਦਿੰਦੀ ਹੈ। ਕਈ ਵਾਰੀ ਸਾਡੇ ਦਿਮਾਗ਼ੀ ਦੇ ਦੀਵੇ ਵਿੱਚ ਅਕਲ ਦੇ ਤੇਲ ਦੀ ਘਾਟ ਹੁੰਦੀ ਹੈ, ਤੇ ਅਸੀਂ ਅੜਕ-ਅੜਕ ਡਿੱਗਦੇ ਹੋਏ, ਦੁਨਿਆਵੀਂ ਸਮੱਸਿਆਵਾਂ ਨੂੰ ਕੋਸਦੇ ਰਹਿੰਦੇ ਹਾਂ।
ਅਕਸਰ ਸੁਣਦੇ ਹਾਂ ਕਿ… ‘ਬੰਦਾ ਗਲਤੀਆਂ ਕਰ-ਕਰ ਕੇ ਸਿੱਖਦਾ ਹੈ’ ਇਸ ਗੱਲ ਨੂੰ ਧਿਆਨ ਨਾਲ ਪੜ੍ਹਿਆ ਸਮਝ ਆਉਂਦਾ ਹੈ ਕਿ… ‘ਸਿਰਫ਼ ਬੰਦਾ ਹੀ ਸਿੱਖਦਾ, ਔਰਤਾਂ ਨਹੀ’!
ਮੇਰਾ ਮੰਨਣਾ ਹੈ ਜਿਸ ਦੇ ਘਰ ਵੀ ਕੁਦਰਤ ਨੇ ਪਤਨੀ ਦੀ ਦਾਤ ਬਖਸ਼ੀ ਹੈ, ਉਸ ਬੰਦੇ ਨੂੰ, ਰੱਬ ਨੂੰ ਪੂਜਣ ਦੀ ਲੋੜ ਨਹੀਂ, ਉਹ ਜਦੋਂ ਚਾਹੇ ਘਰੇ ਹੀ ਬੇਗਮ ਦੀ ਆਰਤੀ ਉਤਾਰ ਸਕਦਾ ਹੈ। ਤਿਉਹਾਰਾਂ ਦੇ ਦਿਨ ਨੇ, ਲੋਕ ਤਿਉਹਾਰਾਂ ਨੂੰ ਮਨਾਉਣ ਲਈ, ਕਿੰਨੀ ਬੇਸਵਰੀ ਨਾਲ ਉਡੀਕ ਰਹੇ ਆ। ਮੈਨੂੰ ਜਿਆਦਾ ਖੁਸ਼ੀ ਨਹੀਂ ਹੁੰਦੀ ਤਿਉਹਾਰਾਂ ਦੀ, ਮੈਂ ਕਿਹੜਾ ਵਿਹਲਾ ਤਿਉਹਾਰ ਮਨਾਉਣ ਲਈ, ਵਿਆਹੇ ਬੰਦੇ ਨੂੰ ਤਾਂ ਹਫ਼ਤੇ ‘ਚ ਦੋ ਵਾਰੀ ਘਰਵਾਲੀ ਮਨਾਉਣੀ ਪੈਂਦੀ ਐ!
ਸਮਾਗਮਾਂ ਵਿੱਚ ਸੁਣਦੇ ਹਾਂ ਕਿ ਅੱਜ ਦੀ ਹਰ ਉਮਰ ਦੀ ਔਰਤ ਦਾ ਮਨੋਬਲ ਬਹੁਤ ਉੱਚਾ ਹੈ। ਔਰਤ ਸ਼ਕਤੀ ਵਿਕਾਸ ਦਾ ਮੀਲ ਪੱਥਰ ਹੈ। ਆਮ ਤਜ਼ਰਬੇ ਵਿੱਚ ਤਾਂ ਮੈਨੂੰ ਕਿਤੇ ਮਹਿਸੂਸ ਹੀ ਨਹੀਂ ਹੋਇਆ… ‘ਰਾਤੀਂ ਘਰ ਥੋੜ੍ਹਾ ਲੇਟ ਆਏ, ਤੇ ਮੈਂਮ ਸਹਿਬਾ ਨੇ ਪਰਸ ‘ਚ ਟਾਰਚ ਕੱਢੀ ਤੇ ਦਾਸ ਦੇ ਹੱਥ ‘ਚ ਫੜਾ ਕੇ, ਆਪ ਜਿੰਦਾ ਖੋਲਣ ‘ਚ ਬਿਜ਼ੀ ਹੋ ਗਈ। ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਜਿੰਦਾ ਨਾ ਹੀ ਖੁਲਿਆ ਤਾਂ, ਮੈਂਮ ਦਾ ਪਾਰਾ ਸੱਤਵੇਂ ਆਸਮਾਨ ਨੂੰ ਛੂਹ ਗਿਆ, ਮੈਂ ਡਰ ਰਿਹਾ ਸੀ, ਨਾਲੇਂ ਸੋਚ ਰਿਹਾ ਸੀ, ਕੇ ਮੈਂ ਕੋਸ਼ਿਸ ਕਰਨ ਲਈ ਬੋਲਾ! ਪਰ ਕਿਵੇਂ ਬੋਲਾ? ਐਸੇ ਹਾਲਾਤਾਂ ਵਿੱਚ ਹੌਂਸਲਾ ਵੀ ਚਾਹੀਦਾ ਹੁੰਦਾ ਹੈ। ਇੰਨੇ ਨੂੰ ਮੈਂਮ ਨੇ ਆਪ ਹੀ ਟਾਰਚ ਖੁਦ ਫੜੀ ਤੇ ਦਾਸ ਨੂੰ ਕਿਹਾ ਕਿ ‘ਤੁਸੀਂ ਕੋਸ਼ਿਸ਼ ਕਰੋ’, ਮੈਥੋਂ ਜਿੰਦਾ ਫੋਰਨ ਖੁੱਲ੍ਹ ਗਿਆ। ਮੈਂਮ ਫਿਰ ਟੁੱਟਕੇ ਪੈ ਗਈ ਮੈਨੂੰ ਤੇ ਕਹਿਣ ਲੱਗੀ… ‘ਲੱਗਿਆ ਪਤਾ ਤੁਹਾਨੂੰ! ਕਿ ਟਾਰਚ ਕਿਵੇਂ ਫੜੀਦੀ ਐ? ਮੇਰੇ ਐਵੇਂ ਵੀਹ ਮਿੰਟ ਖਰਾਬ ਹੋ ਗਏ ਤੁਹਾਡੀ ਵਜਾ ਨਾਲ’!
ਇਨ੍ਹਾਂ ਹਾਸ਼ੀਆਂ-ਖੇਡੀਆਂ ਚੋਂ ਸਿੱਖਿਆ ਇਹ ਮਿਲਦੀ ਹੈ ਕਿ *ਕੋਈ ਔਰਤ ਮੂਰਖ ਨੂੰ ਸਿਆਣਾ ਨਹੀਂ ਬਣਾ ਸਕਦੀ, ਪਰ ਹਾਂ ਹਰ ਔਰਤ ਸਿਆਣੇ ਬੰਦੇ ਨੂੰ ਮੂਰਖ ਜਰੂਰ ਬਣਾ ਸਕਦੀ ਹੈ!* ਰਿਸ਼ਤਿਆਂ ਦੇ ਪੁਲ ਹਨੇਰੀ, ਤੂਫ਼ਾਨ ਜਾਂ ਮੀਂਹ ਨਾਲ ਨਹੀਂ ਟੁੱਟਦੇ, ਚਿੜਚਿੜੇਪਣ ਨਾਲ ਸਹਿਜੇ ਹੀ ਟੁੱਟ ਜਾਂਦੇ ਨੇ, ਫਿਰ ਟੁੱਟੇ ਪੁਲਾਂ ਤੋਂ ਆਵਾਜਾਈ ਨਹੀਂ ਲੰਘਦੀ, ਜੀਵਨ ਦਾ ਪੰਧ ਸੁਨਸਾਨ ਹੋ ਜਾਂਦਾ ਹੈ। ਜੀਵਨ ਦੀਆਂ ਰੌਣਕਾਂ ਨੂੰ ਸਾਕਾਰਾਤਮਕ ਸੋਚ ਨਾਲ ਹੀ ਬਰਕਰਾਰ ਰੱਖਿਆ ਜਾ ਸਕਦਾ ਹੈ। ਮੇਰੇ ਮੁਤਾਬਿਕ ਉਦਾਸੀ ਵੀ ਜ਼ਿੰਦਗੀ ਵਿੱਚ ਅਤਿ ਜਰੂਰੀ ਹੁੰਦੀ ਹੈ, ਨਹੀਂ ਤਾਂ ਸਾਨੂੰ ਖੁਸ਼ੀਆਂ ਦਾ ਮੁੱਲ ਵੀ ਪਤਾ ਨਹੀਂ ਲਗਦਾ। ਜ਼ਿੰਦਗੀ ਦੇ ਹਰ ਰਸ ਨੂੰ ਖਿੜੇ ਮੱਥੇ ਕਬੂਲਣਾ ਹੀ ਅਸਲ ਵਿਚ ਜ਼ਿੰਦਗੀ ਜਿਉਣਾ ਹੁੰਦਾ ਹੈ।
ਜ਼ਿੰਦਗੀ ਤਾਂ ਸਭ ਦੀ ਗੁਜ਼ਰ ਰਹੀ ਹੈ, ਲੇਕਿਨ ਚੰਗੇ ਵਿਵਹਾਰ ਨਾਲ ਇਹ ਸੌਖੀ, ਸੁਖਾਵੀਂ, ਸੁਖਾਲੀ, ਅਨੰਦਮਈ, ਖੁਸ਼ਹਾਲ ਤੇ ਚੰਗੇਰੀ ਗੁਜ਼ਰ ਜਾਂਦੀ ਹੈ। ਕਿਉਂਕਿ ਇੱਕ ਦੂਜੇ ਨਾਲ ਕੀਤਾ ਚੰਗਾ ਵਿਵਹਾਰ ਕਾਮਯਾਬੀ ਦੇ ਬੂਹੇ ਖੋਲ੍ਹਦਾ ਹੈ, ਖੂਬਸੂਰਤ ਤੇ ਨਵੇਂ ਰਿਸ਼ਤੇ ਸਿਰਜਦਾ ਅਤੇ ਤਰੱਕੀ ਦਾ ਵਾਤਾਵਰਣ ਉਸਾਰਦਾ ਹੈ।
ਮਨ ‘ਚ ਅਕਸਰ ਖਿਆਲ ਆਉਂਦਾ ਕਿ… *ਪੰਛੀ ਆਲ੍ਹਣੇ ਤੇ ਇਨਸਾਨ ਘਰ ਕਾਹਦੇ ਲਈ ਆਉਂਦਾ ਹੈ?*
ਜਵਾਬ ਸਭ ਦਾ ਆਪੋ ਆਪਣੀ ਸੋਚ ਮੁਤਾਬਿਕ ਆਏਗਾ, ਕੋਈ ਕਹੇਗਾ… ‘ਮੋਹ ਦੀਆਂ ਤੰਦਾਂ ਲੈ ਕੇ ਆਉਂਦੀਆਂ ਨੇ’, ਕੋਈ ਕਹੇਗਾ… ‘ਜੋ ਸੁੱਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ’, ਕੋਈ ਕਹੇਗਾ… ‘ਸਕੂਨ, ਪਿਆਰ, ਜਜ਼ਬਾਤ, ਆਪਣਾਪਨ, ਅਹਿਸਾਸ, ਅਰਮਾਨ, ਚਾਹਤ, ਸੁਵਿਧਾ, ਉਲਾਸ ਸਭ ਘਰ ਵਿਚ ਹੀ ਉਮੜਦੇ-ਪਲਮਦੇ ਅਤੇ ਪੂਰਨ ਹੁੰਦੇ ਹਨ’, ਇਸ ਲਈ ਮਨ ਘਰ ਵੱਲ ਦੌੜਦਾ ਹੈ। ਹੋਰ ਕਿਸੇ ਥਾਂ ਇਹ ਸ਼ਬਦ ਬੇਮਾਇਨੇ ਹੋ ਜਾਂਦੇ ਹਨ। ਸੋ ਕਹਿਣ ਦੇ ਲਈ…
*’ਘਰ’ ਸ਼ਬਦ ਭਾਵੇਂ ਛੋਟਾ ਹੈ, ਪਰ ਬਹੁਤ ਕੁਝ ਸਮੋਈ ਬੈਠਾ!*
ਅਸਲ ਸੱਚ ਤਾਂ ਇਹ ਹੈ ਕਿ ਵਾਪਿਸ ਤਾਂ ਅਸੀਂ ਉਸ ਘਰ ਵੀ ਜਾਣਾ ਹੈ, ਜਿੱਥੋਂ ਆਏ ਹਾਂ, ਫਿਰ ਕਿਉਂ ਨਾ ਸਾਡੇ ਵੈਣ ਪੈਣ ਤੋਂ ਪਹਿਲਾਂ ਆਪਾਂ ਰੱਜ ਰੱਜ ਕੇ ਜਿਉਂ ਲਈਏ।
ਸਾਡਾ ਦੁਨਿਆਵੀਂ ਘਰ, ਸਾਡਾ ਉਹ ਟਿਕਾਣਾ ਹੈ, ਜਿੱਥੇ ਦੁਨੀਆਂ ਦੀ ਹਰ ਸ਼ੈਅ, ਦਿਨ-ਰਾਤ ਦਾ ਚੱਕਰ ਕੱਟ ਕੇ, ਚੰਗੇ ਵਿਵਹਾਰ ਦੀ ਆਸ ਵਿੱਚ ਆਉਂਦੀ ਹੈ ਤੇ ਫਿਰ ਰੋਜ਼ਾਨਾ ਨਵੀਂ ਸ਼ੁਰੂਆਤ ਕਰਦੀ ਹੈ।
(ਘਰ) ਘ-ਘਾਲਣਾ ਕਰਨੀ, ਰ-ਰਿਸ਼ਤੇ ਜੁੜੇ ਹੁੰਦੇ ਹਨ, ਆਪਣਾ ਰੈਣ-ਬਸੇਰਾ, ਆਰਾਮ ਕਰਨ ਲਈ ਓਹ ਸਭ ਤੋਂ ਉੱਚਿਤ ਸੁਰੱਖਿਅਤ ਸਤੁੰਸ਼ਟ ਜਨਕ ਥਾਂ ਹੁੰਦੀ ਹੈ। ਜਿੱਥੇ ਥੱਕਿਆ-ਹਾਰਿਆ ਜ਼ਿੰਮੇਵਾਰ ਮਨੁੱਖ ਜਾਂ ਪੰਛੀ, ਆਪਣੇ ਆਲ੍ਹਣੇ ਜਾਂ ਘਰ ਅਗਲੀ ਉਡਾਰੀ ਭਰਨ ਜੋਗਾ ਹੋਣ ਲਈ ਆਉਂਦਾ ਹੈ। ਸੋ ਪਰਿਵਾਰਕ ਜੀਆਂ ਨੂੰ ਚਾਹੀਦਾ ਹੈ ਓਹ ਹੌਂਸਲੇ ਰੂਪੀ ਦਾਣਾ-ਪਾਣੀ ਪਿਆਰ ਨਾਲ ਪਰੋਸਣ ਤੇ ਸਭ ਦੀ ਜ਼ੁਬਾਨ ਤੇ ਇੱਕ ਦੂਜੇ ਲਈ ਇਹ ਸ਼ਬਦ ਹੋਣ…
*ਜੇਕਰ ਚਾਹਤ ਲੰਮੇ ਸਫ਼ਰ ਦੀ, ਸਾਥੀ ਬਣਾਂਗਾ ਮੈਂ ਸੜਕ ਹਾਂ।*
*ਜੇ ਚਾਹਤ ਉੱਪਰ ਚੜ੍ਹਨ ਦੀ, ਸਹਾਰਾ ਬਣਾਂਗਾ ਮੈਂ ਗੜਸ ਹਾਂ।*
*ਜੇ ਚਾਹਤ ਉੱਚਾ ਉੱਡਣ ਦੀ, ਹੌਂਸਲਾ ਬਣਾਂਗਾ ਮੈਂ ਬੜਕ ਹਾਂ।*                         
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਮੋਖੇ ਤੋਂ ਜਸਵੀਰ ਕੌਰ ਬਣੀ ਸਰਪੰਚ
Next articleਅੱਪਰਾ ਦੇ ਸਰਪੰਚ ਵਿਨੈ ਅੱਪਰਾ ਨੇ ਆਪਣੇ ਵਿਰੋਧੀ ਉਮੀਦਵਾਰਾਂ ਦੇ ਗਲਾਂ ‘ਚ ਹਾਰ ਪਾਕੇ ਆਪਣੇ ਸਮੱਰਥਕਾਂ ਤੋਂ ਉਨਾਂ ਦੇ ਹੱਕ ‘ਚ ਨਾਅਰੇ ਲਗਵਾਉਣਾ ਸਾਦਗੀ ਤੇ ਸੂਝਵਾਨਤਾ ਦਾ ਸਬੂਤ-ਸੋਢੀ ਭਾਰਦਵਾਜ ਅੱਪਰਾ