(ਸਮਾਜ ਵੀਕਲੀ)
ਧਰਮ ਕਰਮ ਦੁਇ ਛਪਿ ਖਲੋਇ,
ਕੂੜ ਫਿਰੇ ਪਰਧਾਨੁ ਵੇ ਲਾਲੋ ॥
ਕਿੰਨਾ ਸੋਹਣਾ ਸੱਚ ਲਿਖਿਆ ਸੀ ਬਾਬਾ ਜੀ ਨੇ, ਸਾਡੀ ਕਿੰਨੀ ਵੱਡੀ ਖੁਸ਼ਕਿਸਮਤੀ ਹੈ, ਕਿ ਅਸੀਂ ਬਾਬੇ ਨਾਨਕ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਤੇ ਪੈਂਦਾ ਹੋਏ ਹਾਂ, ਪਰ ਸਾਡੀ ਬਦਕਿਸਮਤੀ ਦੇਖੋ ਕਿ ਬਾਬੇ ਨਾਨਕ ਜੀ ਦੀ ਧਰਤੀ ਤੇ ਹੀ ਸਾਨੂੰ ਉਹ ਕੁੱਝ ਵੇਖਣ, ਸੁਣਨ ਤੇ ਸਹਿਣ ਨੂੰ ਮਿਲ ਰਿਹਾ, ਜਿਸ ਦੀ ਵਿਰੋਧਤਾ ਬਾਬੇ ਨਾਨਕ ਜੀ ਸਮੇਤ, ਹਰ ਪੀਰ, ਪੈਗੰਬਰ, ਮਹਾਂਪੁਰਸ਼ ਨੇ ਕੀਤੀ ਅਤੇ ਅੱਜ ਵੀ ਹਰ ਜਾਗਰੂਕ ਇਨਸਾਨ ਕਰਦਾ ਹੈ! ਸੱਚ ਬੋਲੋ ਸਹੀ, ਝੂਠੇ ਮਗਰ ਪੈਂਦੇ ਨੇ ਕਿਉਂਕਿ ਗਿਣਤੀ ਵਿੱਚ ਜ਼ਿਆਦਾ ਹਨ। ਸਭ ਤੋਂ ਵੱਧ ਅਧਰਮ ਦੁਨੀਆਂ ‘ਚ ਧਰਮ ਦੇ ਨਾਮ ਤੇ ਹੋ ਰਿਹਾ ਹੈ, ਪਰ ਕੁਰਸੀ ਤੋਂ ਵੱਡਾ ਹੁਣ ਧਰਮ ਕੋਈ ਨਹੀਂ ਰਿਹਾ। ਧਰਮ, ਸਿਆਸਤ ਦੇ ਸਿਰ ਤੇ ਕੁੰਡਾ ਸਮਝਣ ਦੀ ਜਗ੍ਹਾ, ਸਿਆਸਤ ਨੂੰ ਧਰਮ ਦੇ ਸਿਰ ਤੇ ਜਿੰਦਰਾ ਬਣਾ ਲਿਆ ਹੈ ਸਿਆਸਤਦਾਨਾਂ ਨੇ! ਹਰ ਘਰ, ਹਰ ਪਿੰਡ, ਹਰ ਸਰਕਾਰੀ ਦਫ਼ਤਰ ਵਿੱਚ ਸੱਚ ਤੇ ਸਿਆਸਤ ਭਾਰੂ ਹੈ। ਕਿਸੇ ਦਾ ਕਿੰਨਾ ਵੀ ਨੁਕਸਾਨ ਹੋ ਜਾਵੇ, ਕੋਈ ਮਤਲਬ ਨਹੀਂ, ਖੁਦ ਦਾ ਉੱਲੂ ਸਿੱਧਾ ਹੋਣਾ ਚਾਹੀਦਾ ਹੈ।
ਮਨੁੱਖਤਾ ਅਤੇ ਧਰਮ ਦੀ, ਸੋਹਣੇ ਤੇ ਸੁਚੱਜੇ ਸ਼ਬਦਾਂ ਵਿੱਚ, ਸਾਫ਼ ਸੁਥਰੀ ਤੇ ਅਰਥ ਭਰਪੂਰ ਵਿਆਖਿਆ, ਹੁਣ ਕਿਤੇ ਮੁਸ਼ਕਲ ਨਾਲ ਹੀ ਲੱਭਦੀ ਹੈ। ਕਿਉਂਕਿ ਸਾਡਾ ਦੁਖਾਂਤ ਇਹ ਹੈ ਕੇ ਅਸੀਂ ਕੁਦਰਤ ਦੇ ਸਮਤੋਲ ਤੇ ਬਰਾਬਰਤਾ ਦੇ ਸਿਧਾਂਤ ਨੂੰ ਹਮੇਸ਼ਾਂ ਹੀ ਟੀਰੀ ਅੱਖ ਨਾਲ ਵੇਖਿਆ ਹੈ। ਮਨੁੱਖਤਾ ਨੂੰ ਧਰਮ ਤੇ ਜਾਤੀਵਾਦ ਦੀ ਪਾਨ ਲਗਾਅ ਕੇ ਤੇ ਕੱਟੜਤਾਵਾਦ ਦੀ ਤੱਕੜੀ ਵਿੱਚ ਹੀ ਤੋਲਿਆ ਹੈ। ਫਿਰ ਉਸ ਵਿੱਚ ਵੀ ਹਮੇਸ਼ਾਂ ਪਾਂਸਕ ਰੱਖਿਆ ਹੈ। ਬਹੁਗਿਣਤੀ ਲੋਕਾਂ ਨੂੰ ਹਾਲੇ ਵੀ ਪਤਾ ਨਹੀਂ ਕਿ ਸਾਡਾ ਬਾਬਾ ਹਮੇਸ਼ਾ ‘ਤੇਰਾ ਤੇਰਾ’ ਕਰਕੇ ਹੀ ਤੋਲਦਾ ਰਿਹਾ, ਅਸੀਂ ਅੱਜ ‘ਤੇਰਾਂ ਤੇਰਾਂ’ ਕਰਕੇ ਦੂਜਿਆਂ ਦੇ ਹੱਕ ਲੁੱਟਣ ਤੇ ਹੋਏ ਹਾਂ।
*ਕਾਸ਼! ਸਾਨੂੰ ਵੀ ਪਰਿੰਦਿਆਂ ਦੀ ਤਰ੍ਹਾਂ ਜਿਉਂਣਾ ਆ ਜਾਵੇ,*
*ਲੇਕਿਨ ਅਸੀਂ ਤਾਂ ਖੁਦਾ ਬਨਣ ਦਾ ਸ਼ੌਕ ਪਾਲੀ ਬੈਠੇ ਹਾਂ!*
ਸਾਡਾ ਮਨੁੱਖਾਂ ਦਾ ਧਰਤੀ ‘ਤੇ ਰਹਿਣਾ ਅਸੀਂ ਮਨੁੱਖਾਂ ਨੇ ਹੀ ਅਸੰਭਵ ਬਣਾਇਆ ਹੋਇਆ ਹੈ, ਕੁਦਰਤ ਨੇ ਨਹੀਂ। ਕੁਦਰਤ ਨੇ ਤਾਂ ਸਭ ਨੂੰ ਬਰਾਬਰ ਸਹੂਲਤਾਂ ਪ੍ਰਦਾਨ ਕੀਤੀਆਂ ਹੋਈਆ ਹਨ। ਸਮਾਂ ਤੇ ਅਸਮਾਨ ਸਭ ਦਾ ਬਰਾਬਰ ਹੈ, ਸਮਰੱਥਾ ਸਾਡੀ ਹੈ। ਪਰ ਲਾਲਚ ਵੱਸ ਪੈ ਕੇ ਜਿਉਂਣਾ ਤਾਂ ਤਕਰੀਬਨ ਅਸੀਂ ਖ਼ਤਮ ਕਰ ਚੁੱਕੇ ਹਾਂ, ਜਿਉਂਦੀਆਂ ਲਾਸ਼ਾਂ ਬਣ ਇੱਧਰ-ਉੱਧਰ ਭਟਕ ਰਹੇ ਹਾਂ।
ਕੁਦਰਤ ਵਰਗੀ ਪਵਿੱਤਰ ਨਜ਼ਰ ਨਾਲ ਝਾਤ ਮਾਰਿਆ ਪਤਾ ਲੱਗਦੇ ਕਿ ਸਾਰੀ ਧਰਤੀ ਇੱਕ ਹੀ ਪਿੰਡ ਹੈ। ਅਸੀਂ ਮਨੁੱਖ, ਪਸੂ-ਪੰਛੀ ਸਾਰੇ ਕੇਵਲ ਇਸ ਦੇ ਨਾਗਰਿਕ ਹਾਂ, ਉਹ ਵੀ ਬਹੁਤ ਥੋੜ੍ਹੇ ਤੇ ਸੀਮਤ ਸਮੇਂ ਲਈ। ਪਰ ਕਰੀਏ ਕੀ..?
*ਲਕੀਰਾਂ ਖਿੱਚ ਦਿੱਤੀਆਂ ਸਿਆਸਤ ਨੇ ਸਾਨੂੰ ਵੰਡ ਮਜ੍ਹਬਾਂ ਦੀ ਫੁੱਲਵਾੜੀ ‘ਚੋਂ,*
*ਉਂਝ ਤਾਂ ਕੋਈ ਫ਼ਰਕ ਨਹੀਂ ਸੀ ‘ਕੁੰਭ’, ‘ਕ੍ਰਿਸ਼ਮਿਸ਼’, ‘ਈਦ’ ਜਾਂ ‘ਦੀਵਾਲੀ’ ‘ਚੋਂ*
ਇੱਕੋ ਪਾਣੀ ਆਪਾਂ ਪੀਂਦੇ, ਇੱਕੋ ਸੂਰਜ ਰੌਸ਼ਨ ਕਰਦਾ ਹੈ, ਕਰਵਾ ਚੌਥ ਤੇ ਈਦ ਦਾ ਚੰਦ ਪਤਾ ਨਹੀਂ ਕਿਉਂ ਵੱਖਰਾ-ਵੱਖਰਾ ਚੜ੍ਹਦਾ?
ਆਪਾਂ ਕਦੇ ਅਕਲ ਨੂੰ ਹੱਥ ਮਾਰਿਆ ਹੀ ਨਹੀਂ! ਹਰ ਪੁਜਾਰੀ ਕਹਿੰਦਾ ਧਰਮ ਤੋੜਦਾ ਨਹੀਂ ਜੋੜਦਾ ਹੈ, ਅਸੀਂ ਸਵਾਲ ਕਦੇਂ ਨਹੀਂ ਉਠਾਇਆ ਕਿ… *ਜੇ ਧਰਮ ਤੋੜਦਾ ਨਹੀਂ ਤਾਂ ਐਨੇ ਧਰਮ ਕਿੱਧਰੋਂ ਪੈਦਾ ਹੋ ਗਏ?*
ਜੇ ਹੋ ਸਕੇ ਤਾਂ ਆਪਾਂ ਜਾਤਾਂ, ਧਰਮਾਂ ਨੂੰ ਪਾਸੇ ਕਰਕੇ, ਇੱਕ-ਦੂਜੇ ਵੱਲ ਮਿੱਤਰਤਾ ਦਾ ਹੱਥ ਵਧਾਈਏ, ਪੈਸਾ ਧੇਲਾ ਰਹਿ ਜਾਣਾ ਏਥੇ, ਝਗੜੇ ਝੇੜੇ ਕਾਹਤੋਂ ਪਾਈਏ? ਸੱਚਾ ਧਰਮ ਕੁਦਰਤ ਨੂੰ ਸਮਝਣਾ, ਕੁਦਰਤ ਨੂੰ ਮੰਨਣਾ, ਕੁਦਰਤ ਨਾਲ ਇੱਕਮੁੱਠ ਹੋਣਾ ਹੈ। ਨਾ ਕਿ ਸਰੀਰਕ ਤੌਰ ‘ਤੇ ਧਾਰਮਿਕ ਸਥਾਨਾਂ ਅੰਦਰ ਵਿਖਾਵੇ ਲਈ ਜਾਣਾ, ਸਾਡੇ ਬਾਬੇ ਨੇ ਕਿਹਾ ਸੀ ਖੁਦਾ ਤਾਂ ਹਰ ਜਗ੍ਹਾ ਵਸਦੈ ਹੈ, ਸਾਡੀ ਨਜ਼ਰ ਦੇਖੇ ਜਾਂ ਨਾ ਦੇਖ, ਪੱਥਰਾਂ ਦੇ ਘਰ ਵਿੱਚ ਪੁਜਾਰੀ ਹੁੰਦੇ ਆ ਖੁਦਾ ਨਹੀਂ, ਓਹ ਆਮ ਲੁਕਾਈ ਦੇ ਦਰਦ ਵਿੱਚ ਹੈ। ਹੈਰਾਨੀ ਦੀ ਗੱਲ ਹੈ ਬਾਬੇ ਦੀ ਤਸਵੀਰ ਅੱਗੇ ਅਗਰਬੱਤੀ ਲਗਾ ਕੇ ਹਰ ਵੱਡਾ-ਛੋਟਾ ਚੌਧਰੀ ਸਵੇਰੇ ਤੋਂ ਲੁੱਟਣ ਅਤੇ ਝੂਠ ਬੋਲਣ ਲਈ ਸਜ-ਸੰਬਰ ਕੇ ਫਕਰ ਨਾਲ ਬਹਿ ਜਾਂਦਾ ਹੈ। ਹਾਲੇ ਤਾਂ ਸ਼ੁਕਰ ਕਰੋ ਕਿ.. ‘ਪੰਛੀਆਂ ਨੂੰ ਨਹੀਂ ਪਤਾ ਕੇ ਉਨ੍ਹਾਂ ਦਾ ਮਜ਼ਹਬ ਕਿਹੜਾ? ਨਹੀਂ ਤਾਂ ਰੋਜ਼ਾਨਾ ਅਸਮਾਨ ‘ਚੋਂ ਖੂਨ ਦੀ ਬਰਸਾਤ ਹੋਇਆ ਕਰਨੀ ਸੀ!
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
https://play.google.com/store/apps/details?id=in.yourhost.samajweekly