(ਸਮਾਜ ਵੀਕਲੀ) ਜੀਵਨ ਵਿੱਚ ਸਭ ਕੁੱਝ ਸੰਭਵ ਹੁੰਦਾ ਹੈ। ਬਸ ਮੰਜ਼ਿਲ ਮਿੱਥ ਕੇ ਸਿਦਕ, ਸਿਰੜ ਅਤੇ ਉਪਰਾਲੇ ਨਾਲ ਕਦਮ ਅਗਾਂਹ ਵੱਲ ਨੂੰ ਵਧਾਉਣੇ ਪੈੰਦੇ ਹਨ। ਜੀਵਨ ਵਿੱਚ ਲਗਾਤਾਰ ਕਾਰਜਸ਼ੀਲ ਰਹਿੰਦਿਆਂ ਹੋਇਆ ਵੀ ਸਾਡੇ ਸਫ਼ਲ ਜਾਂ ਅਸਫ਼ਲ ਰਹਿਣ ਪਿੱਛੇ ਗੁਣਾਂ ਨਾਲੋਂ ਵੱਧ ਸਾਡੀਆਂ ਆਦਤਾਂ ਦਾ ਯੋਗਦਾਨ ਹੁੰਦਾ ਹੈ।
ਸਾਡੇ ‘ਚ ਕੋਈ ਗੁਣ ਹੋਵੇ ਭਾਵੇਂ ਨਾ, ਪਰ ਅਨੇਕਾਂ ਕਿਸਮ ਦੀਆਂ ਆਦਤਾਂ ਜ਼ਰੂਰ ਹੁੰਦੀਆਂ ਹਨ। ਕੁਝ ਕੁ ਆਦਤਾਂ ਤਾਂ ਸਾਡੇ DNA ‘ਚ ਹੀ ਹੁੰਦੀਆਂ ਨੇ, ਜਿੰਨ੍ਹਾਂ ਨੂੰ ਬਦਲਣਾ ਕਾਫ਼ੀ ਮੁਸ਼ਕਿਲ ਹੁੰਦਾ ਹੈ, ਕੁਝ ਕੁ ਆਦਤਾਂ ਅਸੀਂ ਖ਼ੁਦ ਸਹੇੜੀਆਂ ਹੁੰਦੀਆਂ ਨੇ, ਓਹ ਵੀ ਸਾਡੀ ਬਦੋਲਤ ਅੱਗੇ ਪਰਿਵਾਰ ਵਿੱਚ ਜਾਂਦੀਆਂ ਹਨ।
ਇਸ ਦੇ ਉੱਲਟ ਮੁੱਢਲੀਆਂ ਲੋੜਾਂ ਤੋਂ ਲੈ ਕੇ ਉੱਚੇ-ਸੁੱਚੇ ਕਿਰਦਾਰ ਲਈ, ਚੰਗੀ ਸਿਹਤ ਤੇ ਵਧੀਆ ਆਦਤਾਂ ਖੁਸ਼ੀਆਂ ਭਰੇ ਜੀਵਨ ਦੀ ਬੁਨਿਆਦ ਹੁੰਦੀਆਂ ਹਨ। ਕੋਈ ਮਾਹਿਰ ਵਿਅਕਤੀ ਵੀ ਆਪਣੀਆਂ ਆਦਤਾਂ ਨੂੰ ਬਹੁਤੀ ਦੇਰ ਛੁਪਾ ਕੇ ਨਹੀਂ ਰੱਖ ਸਕਦਾ। ਭਾਵੇਂ ਓਹ ਕਿੰਨਾ ਮਰਜ਼ੀ ਡਰਾਮੇਬਾਜ਼, ਚਤਰ ਜਾਂ ਚਲਾਕ ਵੀ ਕਿਉਂ ਨਾ ਹੋਵੇ, ਦੇਰ-ਸਵੇਰ ਆਦਤਾਂ ਦਾ ਪ੍ਰਗਟਾਵਾ ਹੋ ਹੀ ਜਾਂਦਾ ਹੈ।
ਸੋ ਜੇਕਰ ਸਮੇਂ ਸਿਰ ਬੁਰੀਆਂ ਆਦਤਾਂ ਛੱਡੀਆਂ ਨਾ ਜਾਣ ਤਾਂ ਇਹ ਪੁਰਾਣੀਆਂ ਹੋ ਕੇ ਲੋਹੇ ਦੀਆਂ ਕਮੀਜ਼ਾਂ ਬਣ ਜਾਂਦੀਆਂ ਨੇ, ਫਿਰ ਇੱਕ ਲਾਹੁਣੀ ਤੇ ਦੂਜੀ ਪਾਉਣੀ ਸਾਡੀ ਮਜਬੂਰੀ ਬਣ ਜਾਂਦੀ ਹੈ। ਜ਼ਿਕਰਯੋਗ ਹੈ ਕਿ ‘ਜਿਵੇਂ ਬੁਰੀਆਂ ਆਦਤਾਂ ਨਾਲ ਬੁੱਢੇ ਹੋਏ ਕੁੱਤੇ ਨੂੰ ਪਟੇ ਦੀ ਆਦਤ ਪਾਉਣੀ ਅਤੇ ਬੁੱਢੀ ਹੋਈ ਘੋੜੀ ਨੂੰ ਦੁਲੱਤੀ ਮਾਰਨ ਦੀ ਆਦਤ ਛੁਡਾਉਣੀ ਮੁਸ਼ਕਿਲ ਹੁੰਦੀ ਹੈ, ਠੀਕ ਇਸੇ ਤਰ੍ਹਾਂ ਗੰਦੀਆਂ ਆਦਤਾਂ ਦੇ ਸ਼ਿਕਾਰ ਇਨਸਾਨਾਂ ਨੂੰ ਵੀ ਮੁਸ਼ਕਿਲ ਹੋ ਜਾਂਦਾ ਹੈ, ਸਿੱਧੇ ਰਾਹ ਤੇ ਲੈ ਕੇ ਆਉਣਾ’।
ਇੱਕ ਚੰਗੀ ਆਦਤ ਅਪਨਾਉਣ ਵਾਸਤੇ ਸਾਨੂੰ ਧੁਰ ਅੰਦਰੋਂ ਮਿਹਨਤ ਕਰਨੀ ਤੇ ਲਗਾਤਾਰ ਸੁਚੇਤ ਰਹਿਣਾ ਪੈਂਦਾ ਹੈ। ਸਾਡੀ ਸੁਸਤੀ ਜਾਂ ਲਾਪਰਵਾਹੀ ਕਰਕੇ ਚੰਗੀਆਂ ਆਦਤਾਂ ਸਾਡਾ ਸਾਥ ਛੱਡ ਸਕਦੀਆਂ ਹਨ ਤੇ ਗ਼ਲਤ ਆਦਤਾਂ ਦਾ ਤਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਕਦੋਂ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ। ਵੱਡੀ ਸਮੱਸਿਆ ਇਹ ਬਣ ਜਾਂਦੀ ਹੈ ਕਿ ਸਾਨੂੰ ਬੁਰੀ ਆਦਤ ਤੋਂ ਖਹਿੜਾ ਛੁਡਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਕੋਈ ਮਜਬੂਤ ਇਰਾਦੇ ਵਾਲਾ ਵਿਅਕਤੀ ਹੀ ਗ਼ਲਤ ਆਦਤ ਦਾ ਤਿਆਗ ਕਰ ਸਕਦਾ ਹੈ, ਜ਼ਿਆਦਾਤਰ ਦੇ ਇਹ ਹੱਡੀ ਰਚ ਜਾਂਦੀਆਂ ਨੇ, ਫਿਰ ਸਿਵਿਆਂ ‘ਚ ਜਾ ਕੇ ਨਾਲ ਹੀ ਸੜਦੀਆਂ ਨੇ, ਉਂਝ ਕੋਸ਼ਿਸ਼ ਕੀਤਿਆ ਸਭ ਸਹੀ ਹੋ ਜਾਂਦਾ ਹੈ। ਪਰ ਮਾੜੀਆਂ ਆਦਤਾਂ ਛੱਡਣੀਆਂ ਪੈਂਦੀਆਂ ਹਨ ਅਤੇ ਚੰਗੀਆਂ ਅਪਨਾਉਣ ਲਈ ਤਿਆਰ ਹੋਣਾ ਪੈਂਦਾ ਹੈ। ਹਰ ਕਿਸੇ ਦੇ ਮਨ ਦੀ ਮੌਜ ਹੈ।
ਆਦਤਾਂ ਅਲੱਗ ਨੇ ਸਾਡੀਆਂ ਵੀ ਦੁਨੀਆਂ ਤੋਂ,
ਦੋਸਤ ਘੱਟ ਹੀ ਨੇ, ਪਰ ਲਾਜਵਾਬ ਰੱਖਦੇ ਹਾਂ,
ਮਾਲ਼ਾ ਛੋਟੀ ਹੈ ਬੇਸ਼ੱਕ, ਹਰ ਫੁੱਲ ਗੁਲਾਬ ਰੱਖਦੇ ਹਾਂ।
ਸੋ ਸਦਾ ਖੁਸ਼ ਰਹੋ ਆਬਾਦ ਰਹੋ।
ਵਾਰਿਸ ਸ਼ਾਹ ਦਾ ਲਿਖਿਆ ਕਾਫ਼ੀ ਹੱਦ ਸਹੀ ਹੈ ਕਿ…
*ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ,*
*ਭਾਵੇਂ ਕੱਟੀਏ ਪੋਰੀਆਂ – ਪੋਰੀਆਂ ਜੀ !*
ਮੈਂ ਕਹਿਣਾ ਕੋਸ਼ਿਸ਼ ਕੀਤਿਆਂ ਕੀ ਨਹੀਂ ਹੁੰਦਾ…?
*ਵਾਰਿਸ ਸ਼ਾਹ ਜੀ ਆਦਤਾਂ ਜਾਂਦੀਆਂ ਨੇ,*
*ਜੇਕਰ ਛੱਡੀਏ ਥੋੜੀਆਂ – ਥੋੜੀਆਂ ਜੀ !*
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly